ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਬੁੱਧਵਾਰ ਨੂੰ ਵੱਡਾ ਝਟਕਾ ਲੱਗਾ ਹੈ। ਸੀਨੇਟ ਨੇ ਇੱਕ ਮਤਾ ਪਾਸ ਕੀਤਾ ਹੈ ਜੋ ਕੈਨੇਡਾ ‘ਤੇ ਟੈਰਿਫ ਲਗਾਉਣ ਦੀ ਰਾਸ਼ਟਰਪਤੀ ਦੀ ਯੋਗਤਾ ਨੂੰ ਸੀਮਤ ਕਰੇਗਾ। ਇਹ ਫੈਸਲਾ ਟਰੰਪ ਵੱਲੋਂ ਅੰਤਰਰਾਸ਼ਟਰੀ ਵਪਾਰ ਨੂੰ ਕੰਟਰੋਲ ਕਰਨ ਲਈ ਨਵੀਂ ਯੋਜਨਾ ਦੀ ਘੋਸ਼ਣਾ ਦੇ ਕੁਝ ਘੰਟਿਆਂ ਬਾਅਦ ਆਇਆ ਹੈ। ਸੀਨੇਟ ਨੇ 51-48 ਵੋਟਾਂ ਨਾਲ ਇੱਕ ਮਤਾ ਪਾਸ ਕੀਤਾ ਜੋ ਫੈਂਟਾਨਿਲ ‘ਤੇ ਟਰੰਪ ਦੇ ਐਮਰਜੈਂਸੀ ਘੋਸ਼ਣਾ ਨੂੰ ਰੱਦ ਕਰ ਦੇਵੇਗਾ ਜੋ ਕਿ ਕੈਨੇਡਾ ‘ਤੇ ਟੈਰਿਫਾਂ ਦਾ ਅਧਾਰ ਹੋਵੇਗਾ। ਟਰੰਪ ਨੇ ਬੁੱਧਵਾਰ ਨੂੰ ਅਖੌਤੀ ਮੁਕਤੀ ਦਿਵਸ ‘ਤੇ ਆਪਣੇ ਕਈ ਅੰਤਰਰਾਸ਼ਟਰੀ ਵਪਾਰਕ ਭਾਈਵਾਲਾਂ ‘ਤੇ ਟੈਰਿਫ ਲਗਾਉਣ ਦਾ ਐਲਾਨ ਕੀਤਾ। ਹਾਲਾਂਕਿ, ਕੈਨੇਡਾ ਨੂੰ ਫਿਲਹਾਲ ਇਹਨਾਂ ਨਵੇਂ ਟੈਰਿਫਾਂ ਤੋਂ ਛੋਟ ਦਿੱਤੀ ਗਈ ਹੈ।
ਪ੍ਰਸਤਾਵ ‘ਚ ਕਿਹਾ ਗਿਆ ਹੈ ਕਿ ਟੈਰਿਫ ਲਗਾਉਣ ਦਾ ਟਰੰਪ ਦਾ ਫੈਸਲਾ ਅਮਰੀਕੀ ਵਪਾਰ ਅਤੇ ਖਪਤਕਾਰਾਂ ਲਈ ਨੁਕਸਾਨਦੇਹ ਹੋਵੇਗਾ। ਪ੍ਰਸਤਾਵ ਨੂੰ ਡੈਮੋਕਰੇਟ ਸੀਨੇਟਰ ਟਿਮ ਕੇਨ ਦੁਆਰਾ ਅੱਗੇ ਰੱਖਿਆ ਗਿਆ ਸੀ, ਜਿਸ ਨੂੰ ਚਾਰ ਰਿਪਬਲਿਕਨ ਸੀਨੇਟਰਾਂ ਲੀਜ਼ਾ ਮੁਰਕੋਵਸਕੀ, ਸੂਜ਼ਨ ਕੋਲਿਨਸ, ਮਿਚ ਮੈਕਕੋਨੇਲ ਅਤੇ ਰੈਂਡ ਪਾਲ ਨੇ ਵੀ ਸਮਰਥਨ ਦਿੱਤਾ ਸੀ। ਸੀਨੇਟ ਦੇ ਵਿਰੋਧੀ ਧਿਰ ਦੇ ਨੇਤਾ ਚੱਕ ਸ਼ੂਮਰ ਨੇ ਕਿਹਾ, ‘ਟਰੰਪ ਨੇ ਅਮਰੀਕੀ ਅਰਥਵਿਵਸਥਾ ਅਤੇ ਸੁਪਨਿਆਂ ਨੂੰ ਠੇਸ ਪਹੁੰਚਾਈ ਹੈ।’ ਡੈਮੋਕ੍ਰੇਟਿਕ ਪਾਰਟੀ ਦੇ ਸੰਸਦ ਮੈਂਬਰਾਂ ਨੇ ਦੋਸ਼ ਲਾਇਆ ਕਿ ਟਰੰਪ ਅਮੀਰਾਂ ਨੂੰ ਟੈਕਸ ਵਿਚ ਛੋਟ ਦੇਣ ਲਈ ਇਨ੍ਹਾਂ ਟੈਰਿਫਾਂ ਤੋਂ ਪੈਸਾ ਇਕੱਠਾ ਕਰ ਰਹੇ ਹਨ, ਜਿਸ ਨਾਲ ਮਕਾਨ ਉਸਾਰੀ ਅਤੇ ਉਦਯੋਗਾਂ ‘ਤੇ ਮਾੜਾ ਪ੍ਰਭਾਵ ਪਵੇਗਾ।
ਇਸ ਦੇ ਨਾਲ ਹੀ ਟਰੰਪ ਨੇ ਸੋਸ਼ਲ ਮੀਡੀਆ ‘ਤੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਡੈਮੋਕ੍ਰੇਟਿਕ ਪਾਰਟੀ ਦੇ ਸੰਸਦ ਮੈਂਬਰਾਂ ਦੇ ਨਾਲ ਇਹ ਚਾਰ ਰਿਪਬਲਿਕਨ ਸੀਨੇਟਰ ਅਮਰੀਕਾ ਦੇ ਹਿੱਤਾਂ ਦੇ ਖਿਲਾਫ ਜਾ ਰਹੇ ਹਨ।ਉਨ੍ਹਾਂ ਕਿਹਾ ਕਿ ਕੈਨੇਡਾ ਨੂੰ ਫੈਂਟਾਨਿਲ ਦੀ ਤਸਕਰੀ ਨੂੰ ਰੋਕਣ ਲਈ ਸਖ਼ਤ ਕਦਮ ਚੁੱਕਣੇ ਚਾਹੀਦੇ ਹਨ। ਹਾਲਾਂਕਿ, ਅੰਕੜਿਆਂ ਅਨੁਸਾਰ, ਅਮਰੀਕਾ ਵਿੱਚ ਜ਼ਬਤ ਕੀਤੇ ਗਏ ਫੈਂਟਾਨਾਇਲ ਵਿੱਚੋਂ ਜ਼ਿਆਦਾਤਰ ਕੈਨੇਡਾ ਤੋਂ ਨਹੀਂ, ਸਗੋਂ ਦੱਖਣੀ ਸਰਹੱਦ ਤੋਂ ਆਉਂਦੇ ਹਨ।ਹਾਲਾਂਕਿ, ਇਸ ਪ੍ਰਸਤਾਵ ਨੂੰ ਪ੍ਰਤੀਨਿਧੀ ਸਭਾ (ਸੰਸਦ ਦੇ ਹੇਠਲੇ ਸਦਨ) ਵਿੱਚ ਪਾਸ ਕਰਨਾ ਮੁਸ਼ਕਿਲ ਹੈ, ਕਿਉਂਕਿ ਉੱਥੇ ਰਿਪਬਲਿਕਨ ਪਾਰਟੀ ਦੇ ਮੈਂਬਰ ਬਹੁਮਤ ਵਿੱਚ ਹਨ। ਟਰੰਪ ਦੀ ਵਪਾਰ ਨੀਤੀ ਨੂੰ ਉਨ੍ਹਾਂ ਦੀ ਆਪਣੀ ਪਾਰਟੀ ਦੇ ਅੰਦਰੋਂ ਵੀ ਚੁਣੌਤੀ ਦਿੱਤੀ ਜਾ ਰਹੀ ਹੈ।