ਨਵੀਂ ਦਿੱਲੀ: ਨਿਰਭਿਆ ਗੈਂਗਰੇਪ ਦੇ ਮੁੱਖ ਦੋਸ਼ੀਆਂ ‘ਚੋਂ ਇੱਕ ਵਿਨੈ ਸ਼ਰਮਾਂ ਨੂੰ ਵੱਡਾ ਝਟਕਾ ਲੱਗਿਆ ਹੈ। ਸੂਤਰਾਂ ਮੁਤਾਬਕ ਰਾਸ਼ਟਰਪਤੀ ਨੇ ਸ਼ਨੀਵਾਰ ਯਾਨੀ ਅੱਜ ਮਾਮਲੇ ‘ਚ ਚਾਰ ਦੋਸ਼ੀਆਂ ‘ਚੋਂ ਇੱਕ ਵਿਨੈ ਸ਼ਰਮਾਂ ਦੀ ਰਹਿਮ ਦੀ ਅਪੀਲ ਨੂੰ ਖਾਰਜ ਕਰ ਦਿੱਤਾ ਹੈ।
ਵਿਨੈ ਸ਼ਰਮਾਂ ਦੇ ਵਕੀਲ ਏਪੀ ਸਿੰਘ ਨੇ ਬੀਤੇ ਬੁੱਧਵਾਰ ਨੂੰ ਰਾਸ਼ਟਰਪਤੀ ਕੋਲ ਰਹਿਮ ਦੀ ਅਪੀਲ ਦਾਇਰ ਕੀਤੀ ਸੀ। ਜਿਸ ਨੂੰ ਰਾਸ਼ਟਰਪਤੀ ਵੱਲੋਂ ਖਾਰਜ ਕਰ ਦਿੱਤਾ ਗਿਆ ਹੈ। ਦੱਸ ਦਈਏ ਕਿ ਸੁਪਰੀਮ ਕੋਰਟ ਨੇ ਵਿਨੈ ਸ਼ਰਮਾਂ ਦੀ ਉਪਚਾਰਕ (ਕਯੂਰੇਟਿਵ) ਪਟੀਸ਼ਨ ਪਹਿਲਾਂ ਹੀ ਖਾਰਜ ਕਰ ਦਿੱਤੀ ਸੀ। ਹਾਲਾਂਕਿ ਰਹਿਮ ਪਟੀਸ਼ਨ ਖਾਰਜ ਹੋਣ ਤੋਂ ਬਾਅਦ ਵਿਨੈ ਕੋਲ ਅਜੇ ਵੀ ਇੱਕ ਵਿਕਲਪ ਹੈ। ਵਿਨੈ, ਮੁਕੇਸ਼ ਦੀ ਤਰ੍ਹਾਂ ਰਾਸ਼ਟਰਪਤੀ ਦੇ ਫੈਸਲੇ ਨੂੰ ਸੁਪਰੀਮ ਕੋਰਟ ‘ਚ ਚੁਣੌਤੀ ਦੇ ਸਕਦਾ ਹੈ।
ਪਟਿਆਲਾ ਹਾਊਸ ਕੋਰਟ ਨੇ ਬੀਤੇ ਸ਼ੁੱਕਰਵਾਰ ਚਾਰਾਂ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਇੱਕ ਵਾਰ ਫਿਰ ਮੁਲਤਵੀ ਕਰ ਦਿੱਤੀ। ਚਾਰਾਂ ਦੋਸ਼ੀਆਂ ਨੂੰ 1 ਫਰਵਰੀ ਯਾਨੀ ਅੱਜ ਫਾਂਸੀ ਦਿੱਤੀ ਜਾਣੀ ਸੀ। ਅਦਾਲਤ ਨੇ ਆਪਣੇ ਅਗਲੇ ਫੈਸਲੇ ਤੱਕ ਫਾਂਸੀ ‘ਤੇ ਰੋਕ ਲਗਾ ਦਿੱਤੀ ਹੈ। ਵਧੀਕ ਤੇ ਸੈਸ਼ਨ ਜੱਜ ਧਰਮਿੰਦਰ ਰਾਣਾ ਨੇ ਨਿਯਮ 836 ਦਾ ਹਵਾਲਾ ਦਿੰਦਿਆਂ ਫਾਂਸੀ ਦੀ ਸਜ਼ਾ ਨੂੰ ਮਲਤਵੀ ਕਰ ਦਿੱਤਾ ਹੈ। ਜਿਸ ‘ਚ ਕਿਹਾ ਗਿਆ ਹੈ ਕਿ ਜੇ ਕਿਸੇ ਦੋਸ਼ੀ ਦੀ ਰਹਿਮ ਦੀ ਅਪੀਲ ਪੈਂਡਿੰਗ ਹੈ ਤਾਂ ਦੋਸ਼ੀ ਨੂੰ ਫਾਂਸੀ ਨਹੀਂ ਦਿੱਤੀ ਜਾ ਸਕਦੀ।