ਕੈਨੇਡਾ ‘ਚ ਪੰਜਾਬੀ ਮੂਲ ਦੀ ਕੌਂਸਲਰ ਨੂੰ ਮਿਲੀਆਂ ਨਸਲੀ ਤੇ ਨਫ਼ਰਤ ਭਰੀਆਂ ਧਮਕੀਆਂ

TeamGlobalPunjab
2 Min Read

ਹੈਮਿਲਟਨ: ਕੈਨੇਡਾ ‘ਚ ਪੰਜਾਬੀ ਮੂਲ ਦੀ ਕੌਂਸਲਰ ਨੂੰ ਨਸਲੀ ਨਫ਼ਰਤ ਨਾਲ ਭਰੀਆਂ ਧਮਕੀਆਂ ਮਿਲੀਆਂ ਹਨ। ਹੈਮਿਲਟਨ ਦੇ ਵਾਰਡ 3 ਤੋਂ ਕੌਂਸਲਰ ਨਰਿੰਦਰ ਕੌਰ ਨੇ ਧਮਕੀਆਂ ਮਿਲਣ ਦਾ ਖੁਲਾਸਾ ਜੋਅ ਬਾਇਡਨ ਦੇ ਸਹੁੰ ਚੁੱਕ ਸਮਾਗਮ ਵਾਲੇ ਦਿਨ ਕੀਤਾ। ਉਨ੍ਹਾਂ ਦੱਸਿਆ ਕਿ ਇਕ ਵਿਅਕਤੀ ਨੇ ਦੋ ਵਾਇਸ ਮੈਸੇਜ ਭੇਜੇ ਜਿਨ੍ਹਾਂ ‘ਚ ਉਹ ਵੱਡਾ ਚਾਕੂ ਤੇ ਹਥਕੜੀਆਂ ਖਰੀਦਣ ਦੀ ਗੱਲ ਕਰ ਰਿਹਾ ਸੀ ਜਦਕਿ ਬਲੈਕ ਲੋਕਾਂ ਨੂੰ ਗ੍ਰਿਫ਼ਤਾਰ ਕਰ ਕੇ ਇਕ ਕੰਟੇਨਰ ‘ਚ ਬੰਦ ਕਰਨ ਦੀ ਧਮਕੀ ਵੀ ਦਿੱਤੀ।

ਨਰਿੰਦਰ ਕੌਰ ਨੇ ਦੱਸਿਆ ਕਿ ਗੋਰੇ ਵਿਅਕਤੀ ਨੇ ਧਮਕੀ ਦਿੰਦਿਆਂ ਕਿਹਾ ਕਿ ਅਮਰੀਕਾ ਵਿਚ ਵਾਪਰ ਰਹੀਆਂ ਘਟਨਾਵਾਂ ਇਥੇ ਵੀ ਹੋਣਗੀਆਂ। ਉਧਰ ਹੈਮਿਲਟਨ ਪੁਲਿਸ ਦੇ ਜੈਕੀ ਪੈਨਮੈਨ ਨੇ ਦੱਸਿਆ ਕਿ ਧਮਕੀਆਂ ਦੇਣ ਵਾਲੇ ਦੀ ਮਾਨਸਿਕ ਹਾਲਤ ਠੀਕ ਨਹੀਂ ਲੱਗੀ ਅਤੇ ਸੰਭਾਵਤ ਤੌਰ ਤੇ ਇਸ ਕਰ ਕੇ ਉਸ ਨੇ ਧਮਕੀਆਂ ਭਰੇ ਸੁਨੇਹੇ ਭੇਜੇ।

ਪੁਲਿਸ ਨੇ ਕਿਹਾ ਕਿ ਇਹ ਮਾਮਲਾ ਨਸਲੀ ਨਫ਼ਰਤ ਦੇ ਮਾਮਲਿਆਂ ਨਾਲ ਨਜਿੱਠਣ ਵਾਲੀ ਇਕਾਈ ਨੂੰ ਸੌਂਪ ਦਿੱਤਾ ਗਿਆ ਹੈ। ਭਾਵੇਂ ਪੁਲਿਸ ਧਮਕੀਆਂ ਦੇਣ ਵਾਲੇ ਵਿਅਕਤੀ ਨੂੰ ਖ਼ਤਰਾ ਨਹੀਂ ਮੰਨ ਰਹੀ ਪਰ ਨਰਿੰਦਰ ਕੌਰ ਨੇ ਸਵਾਲ ਉਠਾਇਆ ਕਿ ਜਦੋਂ ਇਕ ਵਿਅਕਤੀ ਕਈ ਜਥੇਬੰਦੀਆਂ ਦਾ ਨਾਂ ਲੈ ਰਿਹਾ ਹੈ ਤਾਂ ਉਸ ਨੂੰ ਮਾਨਸਿਕ ਸਿਹਤ ਦਾ ਹਵਾਲਾ ਦਿੰਦਿਆਂ ਦਰਕਿਨਾਰ ਕਿਵੇਂ ਕੀਤਾ ਜਾ ਸਕਦਾ ਹੈ। ਉਨ੍ਹਾਂ ਮੰਗ ਕੀਤੀ ਕਿ ਮਾਮਲੇ ਦੀ ਡੂੰਘਾਈ ਨਾਲ ਪੜਤਾਲ ਹੋਣੀ ਚਾਹੀਦੀ ਹੈ।

Share this Article
Leave a comment