ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਦੇਸ਼ ਵਾਸੀਆਂ ਨੂੰ ਦਿੱਤੀ ਈਦ-ਉਲ-ਜ਼ੁਹਾ ਦੀ ਮੁਬਾਰਕਬਾਦ

Global Team
3 Min Read

ਨਵੀ ਦਿੱਲੀ : ਅੱਜ ਦੇਸ਼ ਭਰ ਵਿੱਚ ਬਕਰੀਦ ਯਾਨੀ ਈਦ-ਉਲ-ਜ਼ੁਹਾ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਬਕਰੀਦ ਦੇ ਤਿਓਹਾਰ ਨੂੰ ਲੈ ਕੇ ਮੁਸਲਿਮ ਭਾਈਚਾਰੇ ‘ਚ ਕਾਫੀ ਉਤਸ਼ਾਹ ਹੈ। ਵੱਖ-ਵੱਖ ਸ਼ਹਿਰਾਂ ਦੀਆਂ ਮਸਜਿਦਾਂ ਨੂੰ ਸਜਾਇਆ ਗਿਆ ਹੈ। ਅੱਜ ਵੱਡੀ ਗਿਣਤੀ ਵਿੱਚ ਮੁਸਲਿਮ ਭਾਈਚਾਰੇ ਦੇ ਲੋਕ ਮਸਜਿਦਾਂ, ਦਰਗਾਹਾਂ ਅਤੇ ਮਦਰੱਸਿਆਂ ਵਿੱਚ ਇਕੱਠੇ ਹੋ ਕੇ ਨਮਾਜ਼ ਅਦਾ ਕਰਨਗੇ। ਇਸ ਦੇ ਨਾਲ ਹੀ ਕੁਰਬਾਨੀ ਦੀ ਰਸਮ ਨਿਭਾਈ ਜਾਵੇਗੀ। ਇਸ ਦੌਰਾਨ ਦੇਸ਼ ਦੇ ਵੱਖ-ਵੱਖ ਰਾਜਾਂ ਵਿੱਚ ਸੁਰੱਖਿਆ ਦੇ ਵੀ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ।

ਦੇਸ਼ ਦੇ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਈਦ-ਉਲ-ਜ਼ੁਹਾ (ਬਕਰੀਦ) ਦੇ ਮੌਕੇ ‘ਤੇ ਦੇਸ਼ ਵਾਸੀਆਂ ਨੂੰ ਵਧਾਈ ਦਿੱਤੀ ਹੈ। ਆਪਣੇ ਸੰਦੇਸ਼ ਵਿੱਚ ਉਹਨਾਂ ਨੇ ਕਿਹਾ ਕਿ ਇਹ ਤਿਉਹਾਰ ਭਗਤੀ, ਤਿਆਗ ਅਤੇ ਨਿਸਵਾਰਥਤਾ ਦਾ ਪ੍ਰਤੀਕ ਹੈ।

ਉਹਨਾਂ ਨੇ ਕਿਹਾ ਕਿ ਇਹ ਤਿਉਹਾਰ ਨਾਗਰਿਕਾਂ ਨੂੰ ਮਨੁੱਖਤਾ ਅਤੇ ਖਾਸ ਕਰਕੇ ਲੋੜਵੰਦ ਲੋਕਾਂ ਦੀ ਸੇਵਾ ਕਰਨ ਲਈ ਪ੍ਰੇਰਿਤ ਕਰਦਾ ਹੈ। ਉਹਨਾਂ ਨੇ ਨਾਗਰਿਕਾਂ ਨੂੰ ਸਮਾਜ ਵਿੱਚ ਪਿਆਰ ਅਤੇ ਸਦਭਾਵਨਾ ਨੂੰ ਉਤਸ਼ਾਹਿਤ ਕਰਨ ਦੇ ਸੰਕਲਪ ਨੂੰ ਮਜ਼ਬੂਤ ਕਰਨ ਦੀ ਅਪੀਲ ਕੀਤੀ। ਦੱਸ ਦਈਏ ਕਿ ਦਿੱਲੀ ਦੀ ਜਾਮਾ ਮਸਜਿਦ ਵਿਖੇ ਸਵੇਰ ਦੀ ਨਮਾਜ਼ ਅਦਾ ਕਰਨ ਲਈ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਪਹੁੰਚੇ ਹਨ। ਲੋਕਾਂ ਨੇ ਮਸਜਿਦ ਵਿੱਚ ਨਮਾਜ਼ ਅਦਾ ਕੀਤੀ ਅਤੇ ਇੱਕ-ਦੂਜੇ ਨੂੰ ਈਦ ਦੀ ਵਧਾਈ ਦਿੱਤੀ।

ਮਹਾਰਾਸ਼ਟਰ ਦੀ ਰਾਜਧਾਨੀ ਮੁੰਬਈ ਵਿੱਚ ਵੀ ਬਕਰੀਦ ਦੇ ਮੌਕੇ ‘ਤੇ ਮੁੰਬਈ ਦੇ YMCA ਮੈਦਾਨ ਵਿੱਚ ਵੱਡੀ ਗਿਣਤੀ ਵਿੱਚ ਲੋਕਾ ਸਵੇਰ ਦੀ ਨਮਾਜ਼ ਅਦਾ ਕਰਨ ਲਈ ਪਹੁੰਚ ਰਹੇ ਹਨ। ਪੁਲਿਸ ਨੇ ਮੁੰਬਈ ਵਿੱਚ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਹਨ। ਓਧਰ, ਮਦਰਾਸ ਹਾਈ ਕੋਰਟ ਨੇ ਬਕਰੀਦ ਤੋਂ ਇੱਕ ਦਿਨ ਪਹਿਲਾਂ ਤਾਮਿਲਨਾਡੂ ਸਰਕਾਰ ਨੂੰ ਨਿਰਦੇਸ਼ ਦਿੱਤਾ ਹੈ ਕਿ ਰਾਜ ਵਿੱਚ ਬਕਰੀਦ ਜਾਂ ਕਿਸੇ ਹੋਰ ਦਿਨ ਗਾਂ ਅਤੇ ਵੱਛਿਆਂ ਦੀ ਕੁਰਬਾਨੀ ਨਾ ਦਿੱਤੀ ਜਾਵੇ।

ਜਸਟਿਸ ਜੀ.ਆਰ. ਸਵਾਮੀਨਾਥਨ ਅਤੇ ਜਸਟਿਸ ਵੀ. ਲਕਸ਼ਮੀਨਾਰਾਇਣਨ ਦੀ ਬੈਂਚ ਨੇ ਕਿਹਾ, “ਸੰਵਿਧਾਨ ਸਭਾ ਦੀ ਬਹਿਸ ਵਿੱਚ ਕਿਹਾ ਗਿਆ ਸੀ ਕਿ ਗਾਂ ਭਾਰਤ ਵਿੱਚ ਪੂਜਣਯੋਗ ਮੰਨੀ ਜਾਂਦੀ ਹੈ ਅਤੇ ਭਗਵਾਨ ਕ੍ਰਿਸ਼ਨ ਦੇ ਸਮੇਂ ਤੋਂ ਸਾਡੀ ਸੰਸਕ੍ਰਿਤੀ ਦਾ ਹਿੱਸਾ ਰਹੀ ਹੈ। ਕਈ ਮੁਸਲਿਮ ਸ਼ਾਸਕਾਂ ਨੇ ਵੀ ਗਊ ਹੱਤਿਆ ‘ਤੇ ਰੋਕ ਲਗਾਈ ਸੀ। ਮਹਾਤਮਾ ਗਾਂਧੀ ਵੀ ਗਊ ਰੱਖਿਆ ਨੂੰ ਬਹੁਤ ਮਹੱਤਵਪੂਰਨ ਮੰਨਦੇ ਸਨ।”

ਅਦਾਲਤ ਨੇ ਕਿਹਾ ਕਿ ਸੰਵਿਧਾਨ ਦਾ ਅਨੁਛੇਦ 48 ਰਾਜ ਸਰਕਾਰ ਨੂੰ ਗਾਂ, ਵੱਛਿਆਂ ਅਤੇ ਦੁਧਾਰੂ ਪਸ਼ੂਆਂ ਦੀ ਸੁਰੱਖਿਆ ਲਈ ਕਦਮ ਚੁੱਕਣ ਦਾ ਨਿਰਦੇਸ਼ ਦਿੰਦਾ ਹੈ। ਕੋਰਟ ਨੇ ਤਾਮਿਲਨਾਡੂ ਐਨੀਮਲ ਪ੍ਰੀਜ਼ਰਵੇਸ਼ਨ ਐਕਟ (ਪਸ਼ੂ ਸੁਰੱਖਿਆ ਕਾਨੂੰਨ), 1958 ਦੀ ਧਾਰਾ-4 ਦਾ ਜ਼ਿਕਰ ਕੀਤਾ।ਇਸ ਵਿੱਚ ਕਿਹਾ ਗਿਆ ਹੈ ਕਿ 10 ਸਾਲ ਤੋਂ ਵੱਧ ਉਮਰ ਅਤੇ ਪ੍ਰਜਨਨ ਦੇ ਅਯੋਗ ਪਸ਼ੂ ਨੂੰ ਹੀ ਸਰਟੀਫਿਕੇਟ ਮਿਲਣ ਤੋਂ ਬਾਅਦ ਕੱਟਿਆ ਜਾ ਸਕਦਾ ਹੈ। ਅਦਾਲਤ ਨੇ ਕਿਹਾ ਕਿ ਇਸ ਪ੍ਰਬੰਧ ਦੀ ਸਖ਼ਤੀ ਨਾਲ ਵਿਆਖਿਆ ਹੋਣੀ ਚਾਹੀਦੀ ਹੈ।

 

Share This Article
Leave a Comment