ਵਾਸ਼ਿੰਗਟਨ : ਦੋ ਦਿਨ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਫ਼ੋਨ ‘ਤੇ ਗੱਲ ਕਰਨ ਅਤੇ ਵਪਾਰ ਸਮਝੌਤੇ ਬਾਰੇ ਜਾਣਕਾਰੀ ਸਾਂਝੀ ਕਰਨ ਤੋਂ ਬਾਅਦ, ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਹੁਣ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਫ਼ੋਨ ‘ਤੇ ਗੱਲ ਕੀਤੀ ਹੈ। ਟਰੰਪ ਨੇ ਕਿਹਾ ਕਿ ਦੋਵਾਂ ਨੇਤਾਵਾਂ ਨੇ ਵਪਾਰ, ਫੌਜੀ ਮੁੱਦੇ, ਤਾਈਵਾਨ, ਰੂਸ-ਯੂਕਰੇਨ ਯੁੱਧ ਅਤੇ ਈਰਾਨ ਦੀ ਮੌਜੂਦਾ ਸਥਿਤੀ ਸਮੇਤ ਕਈ ਮੁੱਦਿਆਂ ‘ਤੇ ਚਰਚਾ ਕੀਤੀ।
ਟਰੰਪ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਟਰੂਥ ਸੋਸ਼ਲ ‘ਤੇ ਪੋਸਟ ਕੀਤਾ, ਜਿਸ ਵਿੱਚ ਉਨ੍ਹਾਂ ਨੇ ਲਿਖਿਆ “ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਫ਼ੋਨ ‘ਤੇ ਸ਼ਾਨਦਾਰ ਗੱਲਬਾਤ ਹੋਈ।” ਗੱਲਬਾਤ ਲੰਬੀ ਅਤੇ ਵਿਸਤ੍ਰਿਤ ਸੀ, ਜਿਸ ਵਿੱਚ ਵਪਾਰ, ਫੌਜੀ ਮੁੱਦੇ, ਅਪ੍ਰੈਲ ਵਿੱਚ ਉਨ੍ਹਾਂ ਦੀ ਪ੍ਰਸਤਾਵਿਤ ਚੀਨ ਯਾਤਰਾ, ਤਾਈਵਾਨ, ਰੂਸ-ਯੂਕਰੇਨ ਯੁੱਧ, ਈਰਾਨ ਦੀ ਮੌਜੂਦਾ ਸਥਿਤੀ, ਚੀਨ ਵੱਲੋਂ ਸੰਯੁਕਤ ਰਾਜ ਤੋਂ ਤੇਲ ਅਤੇ ਗੈਸ ਦੀ ਖਰੀਦ, ਵਾਧੂ ਖੇਤੀਬਾੜੀ ਉਤਪਾਦਾਂ ਦੀ ਖਰੀਦ ‘ਤੇ ਚੀਨ ਵੱਲੋਂ ਵਿਚਾਰ, ਮੌਜੂਦਾ ਸੀਜ਼ਨ ਲਈ ਸੋਇਆਬੀਨ ਦੀ ਖਰੀਦ ਨੂੰ 20 ਮਿਲੀਅਨ ਟਨ ਤੱਕ ਵਧਾਉਣਾ ਅਤੇ ਅਗਲੇ ਸੀਜ਼ਨ ਲਈ 25 ਮਿਲੀਅਨ ਟਨ ਕਰਨ ਦਾ ਵਾਅਦਾ, ਜਹਾਜ਼ ਇੰਜਣ ਸਪਲਾਈ, ਅਤੇ ਹੋਰ ਬਹੁਤ ਸਾਰੇ ਮਹੱਤਵਪੂਰਨ ਵਿਸ਼ੇ ਸ਼ਾਮਲ ਸਨ।”
ਟਰੰਪ ਨੇ ਦਾਅਵਾ ਕੀਤਾ ਕਿ ਜਿਨਪਿੰਗ ਇਸ ਸੀਜ਼ਨ ਵਿੱਚ ਅਮਰੀਕਾ ਤੋਂ ਦੋ ਕਰੋੜ ਟਨ ਸੋਇਆਬੀਨ ਖਰੀਦਣ ਲਈ ਤਿਆਰ ਹਨ, ਜਦਕਿ ਅਗਲੇ ਸੀਜ਼ਨ ਲਈ ਉਨ੍ਹਾਂ ਨੇ ਢਾਈ ਕਰੋੜ ਟਨ ਦੀ ਖਰੀਦ ਦਾ ਵਾਅਦਾ ਕੀਤਾ ਹੈ। ਟਰੰਪ ਨੇ ਜਿਨਪਿੰਗ ਨਾਲ ਆਪਣੇ ਸਬੰਧਾਂ ਨੂੰ ਸ਼ਾਨਦਾਰ ਦੱਸਿਆ ਪਰ ਇਸ ਪੋਸਟ ਵਿੱਚ ਉਨ੍ਹਾਂ ਨੇ ਚੀਨ ‘ਤੇ ਟੈਰਿਫ ਘਟਾਉਣ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ।
ਨਾਲ ਹੀ ਉਨ੍ਹਾਂ ਕਿਹਾ ਕਿ ਚੀਨ ਨਾਲ ਅਮਰੀਕਾ ਦੇ ਸਬੰਧ ਬਹੁਤ ਚੰਗੇ ਹਨ ਅਤੇ ਆਉਣ ਵਾਲੇ ਸਾਲਾਂ ਵਿੱਚ ਇਸ ਦੇ ਸਕਾਰਾਤਮਕ ਨਤੀਜੇ ਨਿਕਲਣਗੇ। ਇਸਤੋਂ ਇਲਾਵਾ ਟਰੰਪ ਨੇ ਅਪ੍ਰੈਲ ਵਿੱਚ ਆਪਣੀ ਆਉਣ ਵਾਲੀ ਚੀਨ ਫੇਰੀ ਦਾ ਐਲਾਨ ਵੀ ਕੀਤਾ ਅਤੇ ਕਿਹਾ ਕਿ ਉਨ੍ਹਾਂ ਨੇ ਰਾਸ਼ਟਰਪਤੀ ਸ਼ੀ ਨਾਲ ਇਸ ਫੇਰੀ ਬਾਰੇ ਚਰਚਾ ਕੀਤੀ ਹੈ। ਉਨ੍ਹਾਂ ਕਿਹਾ ਕਿ ਉਹ ਇਸ ਫੇਰੀ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਰਾਸ਼ਟਰਪਤੀ ਸ਼ੀ ਨਾਲ ਉਨ੍ਹਾਂ ਦੇ ਬਹੁਤ ਚੰਗੇ ਨਿੱਜੀ ਸਬੰਧ ਹਨ ਅਤੇ ਦੋਵੇਂ ਆਗੂ ਇਸ ਰਿਸ਼ਤੇ ਨੂੰ ਮਜ਼ਬੂਤ ਹੁੰਦਾ ਦੇਖਣਾ ਚਾਹੁੰਦੇ ਹਨ

