ਬਟਾਲਾ: ਪੰਜਾਬੀ ਗਾਇਕ ਪ੍ਰੀਤ ਹਰਪਾਲ ਨੇ ਟਿਕ ਟਾਕ ‘ਤੇ ਵਿਵਾਦਤ ਵੀਡੀਓ ਬਣਾ ਕੇ ਪਾਈ ਸੀ ਜਿਸ ਨਾਲ ਸਿੱਖਾਂ ‘ਚ ਭਾਰੀ ਰੋਸ ਹੈ। ਪ੍ਰੀਤ ਹਰਪਾਲ ਨੇ ਬੀਤੇ ਦਿਨੀਂ ਟਿਕ ਟਾਕ ‘ਤੇ ਵੀਡੀਓ ਪੋਸਟ ਕੀਤੀ ਸੀ ਜਿਸ ਵਿੱਚ ਪ੍ਰੀਤ ਕੋਰੋਨਾ ਵਾਇਰਸ ‘ਤੇ ਆਪਣਾ ਗਾਣਾ, ‘ਨਵੀਂ ਭਸੂੜੀ’ ਗਾਉਂਦੇ ਵਿਖਾਈ ਦੇ ਰਹੇ ਸਨ। ਇਸ ਗਾਣੇ ਵਿੱਚ ਉਨ੍ਹਾਂ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਬਾਰੇ ਵਿਵਾਦਿਤ ਸਤਰਾਂ ਬੋਲੀਆਂ ਗਈਆਂ ਸਨ। ਪ੍ਰੀਤ ਦੇ ਇਸ ਗੀਤ ‘ਤੇ ਸਿੱਖ ਜਥੇਬੰਦੀਆਂ ਵੱਲੋਂ ਸਖਤ ਇਤਰਾਜ਼ ਜਤਾਉਂਦੇ ਹੋਏ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਸੀ।
ਵੀਡੀਓ ਸਾਹਮਣੇ ਆਉਣ ਤੋਂ ਬਾਅਦ ਹੀ ਸੋਸ਼ਲ ਮੀਡੀਆ ‘ਤੇ ਲੋਕਾਂ ਵਲੋਂ ਇਸ ਦੀ ਸਖਤ ਨਿੰਦਿਆ ਕੀਤੀ ਜਾ ਰਹੀ ਹੈ ਜਿਸ ਤੋਂ ਬਾਅਦ ਪ੍ਰੀਤ ਨੇ ਵੀਡੀਓ ਡਿਲੀਟ ਕਰ ਦਿੱਤੀ ਤੇ ਫੇਸਬੁੱਕ ਲਾਈਵ ਹੋ ਕੇ ਆਪਣਾ ਪੱਖ ਰੱਖ ਕੇ ਮੁਆਫ਼ੀ ਵੀ ਮੰਗੀ ਸੀ। ਜਿਸ ਤੋਂ ਬਾਅਦ ਅੱਜ ਪ੍ਰੀਤ ਹਰਪਾਲ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਦੇ ਦਫ਼ਤਰ ‘ਚ ਮੁਆਫ਼ੀਨਾਮਾ ਦੇ ਕੇ ਮੁਆਫ਼ੀ ਮੰਗੀ ਹੈ ਅਤੇ ਕਿਹਾ ਕਿ ਮੇਰੇ ਕੋਲੋਂ ਹੋਈ ਭੁੱਲ ‘ਤੇ ਮੈਨੂੰ ਮੁਆਫ਼ੀ ਦਿੱਤੀ ਜਾਵੇ।