ਅੱਗ ਅਤੇ ਕਰੋਨਾ ਤੋਂ ਬਚਣ ਲਈ ਇਨ੍ਹਾਂ ਗੱਲਾਂ ਦਾ ਜ਼ਰੂਰ ਰੱਖੋ ਧਿਆਨ : ਪੀਏਯੂ ਮਾਹਿਰ

TeamGlobalPunjab
4 Min Read

ਲੁਧਿਆਣਾ : ਅੱਜ ਜਿੱਥੇ ਸਮੁੱਚੀ ਦੁਨੀਆ ਕੋਰੋਨਾ ਵਾਇਰਸ ਦੀ ਮਹਾਂਮਾਰੀ ਨਾਲ ਜੂਝ ਰਹੀ ਹੈ ਉਥੇ ਪੰਜਾਬ ਦੇ ਕਿਸਾਨਾਂ ਲਈ ਕਣਕ ਦੀ ਵਾਢੀ ਨੂੰ ਸੁਰੱਖਿਅਤ ਸਿਰੇ ਚਾੜਨਾ ਇਕ ਚੁਣੌਤੀ ਹੈ।

ਇਸ ਸੰਬੰਧੀ ਪੀ. ਏ. ਯੂ ਦੇ ਮਾਹਿਰਾਂ ਨੇ ਕੁਝ ਸੁਝਾਅ ਕਿਸਾਨਾਂ ਨੂੰ ਦਿੱਤੇ ਹਨ। ਫ਼ਾਰਮ ਮਸ਼ੀਨਰੀ ਅਤੇ ਪਾਵਰ ਇੰਜੀਨੀਅਰਿੰਗ ਵਿਭਾਗ ਦੇ ਮੁਖੀ ਡਾ. ਮਨਜੀਤ ਸਿੰਘ ਨੇ ਦੱਸਿਆ ਕਿ ਕਣਕ ਦੀ ਵਾਢੀ ਲਈ ਵਰਤੋਂ ਵਿਚ ਆਉਣ ਵਾਲੇ ਸੰਦ ਅਤੇ ਮਸ਼ੀਨਾਂ ਨੂੰ ਵਰਤੋਂ ਤੋਂ ਪਹਿਲਾਂ ਜੀਵਾਣੂ ਰਹਿਤ ਕਰਨ ਲਈ ਕੁਝ ਖਾਸ ਵਿਧੀਆਂ ਦੀ ਵਰਤੋਂ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਮਸ਼ੀਨਾਂ ਨੂੰ ਸਾਬਣ/ ਕਪੜੇ ਧੋਣ ਵਾਲੇ ਸੋਢੇ ਵਾਲੇ ਪਾਣੀ ਜਾਂ ਸੋਡੀਅਮ ਹਾਈਪੋਕਲੋਰਾਈਡ (1%) ਦੇ ਘੋਲ ਨਾਲ ਸਾਫ਼ ਕਰਨਾ ਚਾਹੀਦਾ ਹੈ। ਮਸ਼ੀਨਾਂ ਦੇ ਪੁਰਜ਼ਿਆਂ ਉਪਰ ਇਸ ਘੋਲ ਦਾ ਛਿੜਕਾਅ ਕੀਤਾ ਜਾ ਸਕਦਾ ਹੈ। ਕਿਸੇ ਵੀ ਸਤਹਿ ਨੂੰ ਸਾਫ਼ ਪਾਣੀ ਨਾਲ ਧੋ ਕੇ ਸੁੱਕਣ ਤੋਂ ਬਾਅਦ ਜੀਵਾਣੂ ਨਾਸ਼ਕ ਘੋਲ ਦੀ ਵਰਤੋਂ ਕੀਤੀ ਜਾ ਸਕਦੀ ਹੈ।

ਉਨ੍ਹਾਂ ਕਿਹਾ ਕਿ ਮਸ਼ੀਨਾਂ ਦੇ ਹੱਥ ਨਾਲ ਛੋਹੇ ਜਾਣ ਵਾਲੇ ਹਿੱਸਿਆਂ ਸਟੀਅਰਿੰਗ, ਰੇਸ ਅਤੇ ਗੇਅਰ ਲੀਵਰ ਆਦਿ ਨੂੰ ਗਿੱਲੇ ਕਪੜੇ ਨਾਲ ਸਾਫ ਕਰਕੇ ਇਸ ਘੋਲ ਨਾਲ ਜੀਵਾਣੂ ਰਹਿਤ ਕੀਤਾ ਜਾ ਸਕਦਾ ਹੈ।

ਇਸ ਤੋਂ ਇਲਾਵਾ ਸੁਰੱਖਿਆ ਦੀਆਂ ਹਿਦਾਇਤਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਹਰ ਵਿਅਕਤੀ ਨੂੰ ਦੂਜੇ ਵਿਅਕਤੀ ਕੋਲੋਂ ਸੁਰੱਖਿਅਤ ਦੂਰੀ ਬਣਾ ਕੇ ਰੱਖਣੀ ਚਾਹੀਦੀ ਹੈ। ਖੇਤ ਵਿਚ ਕੰਮ ਕਰਨ ਦੌਰਾਨ ਸੁਰੱਖਿਆ ਵਸਤਰ, ਦਸਤਾਨੇ ਅਤੇ ਮਾਸਕ ਜ਼ਰੂਰ ਪਹਿਨਣਾ ਚਾਹੀਦਾ ਹੈ। ਕਿਸੇ ਦਾ ਜੂਠਾ ਪਾਣੀ ਜਾਂ ਖਾਣਾ ਖਾਣ ਤੋੰ ਗੁਰੇਜ਼ ਕਰਨਾ ਅਤੇ ਛਿੱਕ ਜਾਂ ਖੰਘ ਆਉਣ ਤੇ ਮੂੰਹ ਢਕਣਾ ਲਾਜ਼ਮੀ ਹੈ।

- Advertisement -

ਇਸ ਤੋਂ ਇਲਾਵਾ ਥੋੜੇ ਥੋੜੇ ਵਕਫੇ ਤੋਂ ਬਾਅਦ ਆਪਣੇ ਹੱਥ ਸਾਫ਼ ਕਰਦੇ ਰਹਿਣਾ ਚਾਹੀਦਾ ਹੈ। ਆਪਣੇ ਨੱਕ ਜਾਂ ਮੂੰਹ ਨੂੰ ਛੂਹਣ ਤੋਂ ਬਚਾਅ ਕਰਕੇ ਅਸੀਂ ਬਿਮਾਰੀ ਤੋਂ ਬਚ ਕੇ ਵਾਢੀ ਦਾ ਕੰਮ ਨੇਪਰੇ ਚਾੜ੍ਹ ਸਕਦੇ ਹਾਂ।

ਡਾ. ਮਨਜੀਤ ਸਿੰਘ ਨੇ ਦੱਸਿਆ ਕਿ ਸੁਰੱਖਿਅਤ ਤਰੀਕੇ ਨਾਲ ਮਸ਼ੀਨਰੀ ਦੀ ਵਰਤੋਂ ਲਈ ਮਸ਼ੀਨਾਂ ਨੂੰ ਸਵੇਰੇ 9 ਵਜੇ ਤੋਂ ਸ਼ਾਮ 7 ਵਜੇ ਤੱਕ ਹੀ ਚਲਾਉਣਾ ਚਾਹੀਦਾ ਹੈ। ਵਾਢੀ ਵੇਲੇ ਫ਼ਸਲ ਪੂਰੀ ਤਰ੍ਹਾਂ ਸੁੱਕੀ ਹੋਵੇ ਤਾਂ ਵਧੇਰੇ ਚੰਗਾ ਹੈ।

ਇਸ ਤੋਂ ਇਲਾਵਾ ਅੱਗ ਲੱਗਣ ਤੋਂ ਬਚਾਅ ਲਈ ਕੁਝ ਜ਼ਰੂਰੀ ਹਿਦਾਇਤਾਂ ਦੀ ਪਾਲਣਾ ਕਰਨੀ ਲਾਹੇਵੰਦ ਹੋਵੇਗੀ। ਮਸ਼ੀਨਰੀ ਵਿਚ ਤਾਰਾਂ ਦੇ ਜੋੜ ਅਤੇ ਬੈਟਰੀ ਦੇ ਟਰਮੀਨਲ ਕੱਸ ਕੇ ਰਖਣੇ ਚਾਹੀਦੇ ਹਨ ਕਿਓਂਕਿ ਮਸ਼ੀਨਰੀ ਸਟਾਰਟ ਕਰਨ ਵੇਲੇ ਅੱਗ ਲੱਗਣ ਦਾ ਖਤਰਾ ਵੱਧ ਜਾਂਦਾ ਹੈ। ਟਰੈਕਟਰ ਦੇ ਸਾਈਲੈਂਸਰ ਵਿੱਚੋਂ ਨਿਕਲਣ ਵਾਲੀਆਂ ਚਿੰਗਾਰੀਆਂ ਨਾਲ ਅੱਗ ਲੱਗਣ ਦਾ ਖਦਸ਼ਾ ਰਹਿੰਦਾ ਹੈ ਇਸ ਲਈ ਸਾਈਲੈਂਸਰ ਦਾ ਮੂੰਹ ਉੱਪਰ ਨੂੰ ਹੋਵੇ। ਟਰਾਂਸਫਾਰਮਰ ਦੇ ਆਸ ਪਾਸ ਦੀ ਇਕ ਮਰਲਾ ਕਣਕ ਨੂੰ ਪਹਿਲਾਂ ਹੀ ਵੱਢ ਲੈਣਾ ਚਾਹੀਦਾ ਹੈ ਤਾਂ ਜੋ ਬਚਾਅ ਹੋ ਸਕੇ।

ਸਿੱਲ੍ਹੀ ਫਸਲ ਦਾ ਨਾੜ ਵੀ ਥਰੈਸ਼ਰ ਦੀ ਸ਼ਾਫਟ ਨਾਲ ਲਿਪਟ ਕੇ ਅੱਗ ਦਾ ਕਾਰਨ ਬਣ ਸਕਦਾ ਹੈ। ਇਸ ਲਈ ਵਢਾਈ ਲਈ ਫਸਲ ਦੇ ਪੂਰੀ ਤਰ੍ਹਾਂ ਸੁੱਕਣ ਦੀ ਉਡੀਕ ਕਰੋ। ਸਟਰਾਅ ਰੀਪਰ ਦੇ ਕਟਰ ਨੂੰ ਜੇ ਜ਼ਮੀਨ ਦੇ ਜ਼ਿਆਦਾ ਨੇੜੇ ਰੱਖ ਕੇ ਚਲਾਇਆ ਜਾਵੇ ਤਾਂ ਵੀ ਇੱਟਾਂ ਦੇ ਟੁਕੜੇ, ਡਲੇ ਆਦਿ ਅੱਗ ਲੱਗਣ ਦਾ ਕਾਰਨ ਬਣ ਸਕਦੇ ਹਨ। ਲੋੜ ਪੈਣ ਤੇ ਬਚਾਅ ਲਈ ਨੇੜੇ ਦੇ ਟਿਊਬਵੈੱਲ ਤੋੰ ਪਾਣੀ ਦੀ ਸਪਲਾਈ ਯਕੀਨੀ ਬਣਾਈ ਜਾਵੇ। ਉਨ੍ਹਾਂ ਆਸ ਪ੍ਰਗਟਾਈ ਕਿ ਇਨ੍ਹਾਂ ਹਦਾਇਤਾਂ ਦੀ ਪਾਲਣਾ ਕਰਕੇ ਕਿਸਾਨ ਆਪਣੀ ਫਸਲ ਦੀ ਸੁਰੱਖਿਅਤ ਵਢਾਈ ਵਿਚ ਜ਼ਰੂਰ ਕਾਮਯਾਬ ਹੋਣਗੇ।

Share this Article
Leave a comment