ਕੋਲੰਬੀਆ: ਦੱਖਣੀ ਅਮਰੀਕੀ ਦੇਸ਼ ਕੋਲੰਬੀਆ ਵਿੱਚ ਸੋਮਵਾਰ ਰਾਤ ਆਏ 7.4 ਤੀਬਰਤਾ ਦੇ ਸ਼ਕਤੀਸ਼ਾਲੀ ਭੂਚਾਲ ਕਾਰਨ ਹੁਣ ਤੱਕ 132 ਲੋਕਾਂ ਦੀ ਮੌਤ ਹੋਣ ਦੀ ਰਿਪੋਰਟ ਸਾਹਮਣੇ ਆਈ ਹੈ, ਜਦਕਿ 570 ਲੋਕ ਜ਼ਖਮੀ ਦੱਸੇ ਜਾ ਰਹੇ ਹਨ। ਅਧਿਕਾਰੀਆਂ ਮੁਤਾਬਕ ਭੂਚਾਲ ਕਾਰਨ ਦੇਸ਼ ਭਰ ਵਿੱਚ 86 ਇਮਾਰਤਾਂ ਢਹਿ ਗਈਆਂ ਅਤੇ 1,500 ਤੋਂ ਵੱਧ ਘਰਾਂ ਨੂੰ ਨੁਕਸਾਨ ਪਹੁੰਚਿਆ ਹੈ।

ਇਸ ਤੋਂ ਇਲਾਵਾ 18 ਸਿਹਤ ਕੇਂਦਰਾਂ ਅਤੇ 52 ਸਕੂਲਾਂ ਨੂੰ ਵੀ ਨੁਕਸਾਨ ਹੋਇਆ ਹੈ। ਭੂਚਾਲ ਤੋਂ ਬਾਅਦ ਸੱਤ ਏਅਰਪੋਰਟਾਂ ’ਤੇ ਕੰਮ ਰੋਕ ਦਿੱਤਾ ਗਿਆ ਹੈ, ਜਦਕਿ ਪੰਜ ਸ਼ਹਿਰਾਂ ਵਿੱਚ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ। ਰਾਸ਼ਟਰਪਤੀ ਨੇ ਐਮਰਜੈਂਸੀ ਕਮੇਟੀ ਦੀ ਬੈਠਕ ਬੁਲਾ ਕੇ ਰਾਹਤ ਅਤੇ ਬਚਾਅ ਕਾਰਜਾਂ ਦੀ ਨਿਗਰਾਨੀ ਸ਼ੁਰੂ ਕਰ ਦਿੱਤੀ ਹੈ।

ਪਰੇਰਾ ’ਚ ਸਭ ਤੋਂ ਵੱਧ ਮੌਤਾਂ
ਪਰੇਰਾ ਸ਼ਹਿਰ ਵਿੱਚ ਇਕੱਲੇ 60 ਲੋਕਾਂ ਦੀ ਮੌਤ ਹੋਈ ਹੈ। ਕਰੀਬ ਪੰਜ ਲੱਖ ਦੀ ਆਬਾਦੀ ਵਾਲਾ ਇਹ ਸ਼ਹਿਰ ਭੂਚਾਲ ਦੇ ਕੇਂਦਰ ਤੋਂ 64 ਕਿਲੋਮੀਟਰ ਤੋਂ ਵੀ ਘੱਟ ਦੂਰੀ ’ਤੇ ਸਥਿਤ ਹੈ। ਰਾਜਧਾਨੀ ਬੋਗੋਟਾ ਸਮੇਤ ਕਈ ਸ਼ਹਿਰਾਂ ਵਿੱਚ ਵੀ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਲੋਕ ਸਾਵਧਾਨੀ ਵਜੋਂ ਇਮਾਰਤਾਂ ਤੋਂ ਬਾਹਰ ਨਿਕਲ ਕੇ ਸੜਕਾਂ ’ਤੇ ਆ ਗਏ।

ਚੋਕੋ ਅਤੇ ਰਿਸਾਰਾਲਡਾ ’ਚ ਭਾਰੀ ਨੁਕਸਾਨ
ਅਮਰੀਕੀ ਭੂਗਰਭੀ ਸਰਵੇਖਣ ਮੁਤਾਬਕ ਭੂਚਾਲ ਸਵੇਰੇ ਕਰੀਬ 7:34 ਵਜੇ ਆਇਆ। ਇਸ ਦਾ ਕੇਂਦਰ ਚੋਕੋ ਇਲਾਕੇ ਵਿੱਚ ਸਾਨ ਹੋਜੇ ਡੇਲ ਪਾਲਮਾਰ ਦੇ ਨੇੜੇ ਸੀ ਅਤੇ ਇਸ ਦੀ ਗਹਿਰਾਈ 107 ਕਿਲੋਮੀਟਰ ਦੱਸੀ ਗਈ ਹੈ। ਹਾਲਾਂਕਿ ਭੂਚਾਲ ਦਾ ਕੇਂਦਰ ਇੱਥੇ ਸੀ, ਪਰ ਸਭ ਤੋਂ ਵੱਧ ਪ੍ਰਭਾਵ ਕਵਿਬਦੋ ਸ਼ਹਿਰ ਵਿੱਚ ਦੇਖਿਆ ਗਿਆ।

ਮਨਿਜਾਲੇਸ ਵਿੱਚ ਮਸ਼ਹੂਰ ਕੈਥੇਡ੍ਰਲ ਬੈਸਿਲਿਕਾ ਦੀ ਇਮਾਰਤ ਵਿੱਚ ਵੀ ਦਰਾਰਾਂ ਪੈ ਗਈਆਂ ਹਨ। ਪਰੇਰਾ ਵਿੱਚ ਇਮਾਰਤਾਂ ਢਹਿਣ ਦੀਆਂ ਘਟਨਾਵਾਂ ਸਾਹਮਣੇ ਆਈਆਂ, ਜਦਕਿ ਕਾਲੀ ਵਿੱਚ ਵਾਹਨਾਂ ਅਤੇ ਇਮਾਰਤਾਂ ’ਤੇ ਮਲਬਾ ਡਿੱਗਿਆ।
ਬੋਗੋਟਾ ਤੋਂ 100 ਰੈਸਕਿਊਕਰਮੀ ਭੇਜੇ ਜਾਣਗੇ
ਬੋਗੋਟਾ ਦੇ ਮੇਅਰ ਨੇ ਪ੍ਰਭਾਵਿਤ ਇਲਾਕਿਆਂ ਲਈ ਛੇ ਕਲੈਕਸ਼ਨ ਸੈਂਟਰ ਬਣਾਏ ਹਨ। ਇੱਥੇ ਪਾਣੀ, ਕੰਬਲ, ਪੈਕਡ ਖਾਣਾ, ਹਾਈਜੀਨ ਸਮਾਨ ਅਤੇ ਫਰਸਟ-ਏਡ ਕਿੱਟਾਂ ਇਕੱਠੀਆਂ ਕੀਤੀਆਂ ਜਾ ਰਹੀਆਂ ਹਨ। ਪ੍ਰਭਾਵਿਤ ਸ਼ਹਿਰਾਂ ਵਿੱਚ ਰਾਹਤ ਅਤੇ ਬਚਾਅ ਕਾਰਜਾਂ ਲਈ ਬੋਗੋਟਾ ਤੋਂ 100 ਰੈਸਕਿਊਕਰਮੀਆਂ ਨੂੰ ਭੇਜਣ ਦੀ ਤਿਆਰੀ ਕੀਤੀ ਜਾ ਰਹੀ ਹੈ।

ਕੋਲੰਬੀਆ ’ਚ ਵਾਰ-ਵਾਰ ਕਿਉਂ ਆਉਂਦੇ ਨੇ ਭੂਚਾਲ?
ਕੋਲੰਬੀਆ ਭੂਚਾਲ ਪ੍ਰਭਾਵਿਤ ਦੇਸ਼ਾਂ ਵਿੱਚ ਸ਼ਾਮਲ ਹੈ ਅਤੇ ਇੱਥੇ ਹਰ ਸਾਲ ਹਜ਼ਾਰ ਤੋਂ ਵੱਧ ਛੋਟੇ-ਵੱਡੇ ਭੂਚਾਲ ਆਉਂਦੇ ਹਨ। ਇਸ ਦਾ ਮੁੱਖ ਕਾਰਨ ਦੇਸ਼ ਦੀ ਭੂਗੋਲਿਕ ਸਥਿਤੀ ਹੈ। ਕੋਲੰਬੀਆ ‘ਰਿੰਗ ਆਫ ਫਾਇਰ’ ਖੇਤਰ ਵਿੱਚ ਆਉਂਦਾ ਹੈ, ਜਿੱਥੇ ਨਾਜ਼ਕਾ, ਕੋਕੋਸ ਅਤੇ ਦੱਖਣੀ ਅਮਰੀਕੀ ਟੈਕਟੋਨਿਕ ਪਲੇਟਾਂ ਆਪਸ ਵਿੱਚ ਟਕਰਾਉਂਦੀਆਂ ਹਨ। ਇੱਕ ਪਲੇਟ ਦੇ ਦੂਜੀ ਦੇ ਹੇਠਾਂ ਧੱਸਣ ਕਾਰਨ ਧਰਤੀ ਦੇ ਅੰਦਰ ਲਗਾਤਾਰ ਹਲਚਲ ਹੁੰਦੀ ਰਹਿੰਦੀ ਹੈ, ਜਿਸ ਨਾਲ ਭੂਚਾਲ ਅਤੇ ਜਵਾਲਾਮੁਖੀ ਗਤੀਵਿਧੀਆਂ ਹੁੰਦੀਆਂ ਹਨ।


