ਇਸਲਾਮਾਬਾਦ: ਪਾਕਿਸਤਾਨ ਵਿੱਚ ਬਿਜਲੀ ਦਾ ਵੱਡਾ ਸੰਕਟ ਪੈਦਾ ਹੋ ਗਿਆ ਹੈ। ਸੋਮਵਾਰ ਸਵੇਰ ਤੋਂ ਹੀ ਪੂਰੇ ਪਾਕਿਸਤਾਨ ‘ਚ ਬਿਜਲੀ ਸਪਲਾਈ ਠੱਪ ਹੋ ਗਈ ਸੀ। ਜਿਸ ਤੋਂ ਬਾਅਦ ਦੇਸ਼ ਭਰ ਦੇ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਆਖਰਕਾਰ 24 ਘੰਟਿਆਂ ਬਾਅਦ ਹੁਣ ਪਾਕਿਸਤਾਨ ਨੇ ਬਿਜਲੀ ਬਹਾਲ ਕਰ ਦਿੱਤੀ ਹੈ। ਪਾਕਿਸਤਾਨ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਕਿ ਦੇਸ਼ ਭਰ ਵਿੱਚ ਬਿਜਲੀ ਸਪਲਾਈ ਬਹਾਲ ਕਰ ਦਿੱਤੀ ਗਈ ਹੈ।
ਬਿਜਲੀ ਕੱਟ ਨੂੰ ਲੈ ਕੇ ਪਾਕਿਸਤਾਨ ਦੇ ਊਰਜਾ ਮੰਤਰੀ ਦਾ ਬਿਆਨ ਵੀ ਸਾਹਮਣੇ ਆਇਆ ਹੈ। ਪਾਕਿਸਤਾਨ ਦੇ ਊਰਜਾ ਮੰਤਰੀ ਨੇ ਬਿਜਲੀ ਕੱਟ ਲਈ ਨੈਟਵਰਕ ਵਿੱਚ ਨਿਵੇਸ਼ ਦੀ ਕਮੀ ਨੂੰ ਜ਼ਿੰਮੇਵਾਰ ਠਹਿਰਾਇਆ। ਉਨ੍ਹਾਂ ਕਿਹਾ ਕਿ ਜ਼ਿਆਦਾਤਰ ਰਾਸ਼ਟਰੀ ਬੁਨਿਆਦੀ ਢਾਂਚੇ ਦੀ ਤਰ੍ਹਾਂ ਬਿਜਲੀ ਨੈੱਟਵਰਕ ਨੂੰ ਅਪਗ੍ਰੇਡ ਕਰਨ ਦੀ ਸਖ਼ਤ ਜ਼ਰੂਰਤ ਹੈ, ਪਰ ਇਸ ਲਈ ਸਭ ਤੋਂ ਵੱਡੀ ਸਮੱਸਿਆ ਫੰਡ ਦੀ ਹੈ। ਇਸ ਸਮੇਂ ਪਾਕਿਸਤਾਨ ਕੋਲ ਨਿਵੇਸ਼ ਲਈ ਫੰਡਾਂ ਦੀ ਵੱਡੀ ਘਾਟ ਹੈ।
ਦੱਸਣਯੋਗ ਹੈ ਕਿ ਸੋਮਵਾਰ ਸਵੇਰੇ ਸ਼ੁਰੂ ਹੋਇਆ ਬ੍ਰੇਕਡਾਊਨ ਅਕਤੂਬਰ ਤੋਂ ਬਾਅਦ ਦੂਜਾ ਵੱਡਾ ਬ੍ਰੇਕਡਾਊਨ ਸੀ। ਊਰਜਾ ਮੰਤਰੀ ਖੁਰਰਮ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ, ‘ਅਸੀਂ ਕੱਲ੍ਹ ਤੋਂ ਇਹ ਸਬਕ ਸਿੱਖਿਆ ਹੈ ਕਿ ਸਾਨੂੰ ਵੰਡ ਪ੍ਰਣਾਲੀ ਵਿੱਚ ਨਿਵੇਸ਼ ਕਰਨ ਦੀ ਜ਼ਰੂਰਤ ਹੈ।’ ਉਨ੍ਹਾਂ ਕਿਹਾ ਕਿ ਪਿਛਲੀ ਸਰਕਾਰ ਨੇ ਇਨ੍ਹਾਂ ਪ੍ਰਣਾਲੀਆਂ ਨੂੰ ਸੁਧਾਰਨ ਲਈ ਕੋਈ ਨਿਵੇਸ਼ ਨਹੀਂ ਕੀਤਾ। ਜ਼ਿਕਰਯੋਗ ਹੈ ਕਿ ਪਾਕਿਸਤਾਨ ਦੀ ਆਰਥਿਕ ਸਥਿਤੀ ਹਾਲੇ ਵੀ ਬਹੁਤ ਕਮਜ਼ੋਰ ਹੈ। ਅੰਤਰਰਾਸ਼ਟਰੀ ਮੁਦਰਾ ਫੰਡ (ਆਈ. ਐੱਮ. ਐੱਫ.) ਪਿਛਲੇ ਦੋ ਦਹਾਕਿਆਂ ‘ਚ ਪੰਜ ਵਾਰ ਪਾਕਿਸਤਾਨ ਦੇ ਸੰਕਟ ‘ਚ ਸਹਾਰਾ ਬਣ ਚੁੱਕਿਆ ਹੈ।
ਪਾਕਿਸਤਾਨ ਕੋਲ ਬਿਜਲੀ ਮੰਗ ਨੂੰ ਪੂਰਾ ਕਰਨ ਲਈ ਲੋੜੀਂਦੀ ਬਿਜਲੀ ਸਮਰੱਥਾ ਹੈ, ਪਰ ਬਿਜਲੀ ਖੇਤਰ ਐਨਾ ਕਰਜ਼ੇ ਵਿੱਚ ਡੁੱਬਿਆ ਹੋਇਆ ਹੈ ਕਿ ਉਹ ਬੁਨਿਆਦੀ ਢਾਂਚੇ ਅਤੇ ਬਿਜਲੀ ਲਾਈਨਾਂ ਵਿੱਚ ਨਿਵੇਸ਼ ਨਹੀਂ ਕਰ ਪਾ ਰਿਹਾ। ਉੱਥੇ ਹੀ ਮਾਹਰਾਂ ਦਾ ਕਹਿਣਾ ਹੈ ਕਿ ਟਰਾਂਸਮਿਸ਼ਨ ਅਤੇ ਡਿਸਟ੍ਰੀਬਿਊਸ਼ਨ ਸਭ ਤੋਂ ਕਮਜ਼ੋਰ ਕੜੀ ਹੈ।