ਚੰਡੀਗੜ੍ਹ: ਪੰਜਾਬ ਵਿੱਚ ਪਿਛਲੇ ਤਿੰਨ ਦਿਨਾਂ ਤੋਂ ਵਧ ਰਹੇ ਬਿਜਲੀ ਕੱਟਾਂ ਨੇ ਘਰੇਲੂ ਖਪਤਕਾਰਾਂ ਤੋਂ ਲੈ ਕੇ ਉਦਯੋਗਾਂ ਤੱਕ ਚਿੰਤਾ ਵਧਾ ਦਿੱਤੀ ਹੈ। ਇਸ ਦਰਮਿਆਨ ਪੰਜਾਬ ਦੇ ਬਿਜਲੀ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ ਨੇ ਇੱਕ ਵੀਡੀਓ ਜਾਰੀ ਕਰਕੇ ਸੂਬੇ ਵਿੱਚ ਪੈਦਾ ਹੋਈ ਸਥਿਤੀ ਦਾ ਕਾਰਨ ਦੱਸਿਆ ਹੈ। ਉਨ੍ਹਾਂ ਮੁਤਾਬਕ ਪੂਰੇ ਭਾਰਤ ਵਿੱਚ ਕੋਲੇ ਦੀ ਕਮੀ ਕਾਰਨ ਪੰਜਾਬ ਨੂੰ ਘਰੇਲੂ ਅਤੇ ਉਦਯੋਗਿਕ ਖੇਤਰਾਂ ਵਿੱਚ ਬਿਜਲੀ ਕੱਟ ਲਗਾਉਣ ਲਈ ਮਜਬੂਰ ਹੋਣਾ ਪੈ ਰਿਹਾ ਹੈ।
ਦੇਸ਼ ਦੇ ਥਰਮਲ ਪਲਾਂਟ ਵੀ ਪ੍ਰਭਾਵਿਤ
ਬਿਜਲੀ ਮੰਤਰੀ ਨੇ ਦੱਸਿਆ ਕਿ ਦੇਸ਼ ਭਰ ਵਿੱਚ ਲਗਭਗ 63 ਗੀਗਾਵਾਟ ਸਮਰੱਥਾ ਵਾਲੇ ਥਰਮਲ ਪਾਵਰ ਪਲਾਂਟ ਕੋਲੇ ਦੀ ਘਾਟ ਨਾਲ ਸਿੱਧੇ ਤੌਰ ’ਤੇ ਪ੍ਰਭਾਵਿਤ ਹੋਏ ਹਨ। ਜ਼ਿਆਦਾਤਰ ਨਿੱਜੀ ਬਿਜਲੀ ਪਲਾਂਟਾਂ ਕੋਲ ਹੁਣ ਸਿਰਫ਼ 3 ਤੋਂ 4 ਦਿਨਾਂ ਲਈ ਕੋਲਾ ਬਚਿਆ ਹੈ। ਇਸ ਘਾਟ ਕਾਰਨ ਕਈ ਪਲਾਂਟ ਆਪਣੀ ਪੂਰੀ ਸਮਰੱਥਾ ਦੀ ਬਜਾਏ ਲਗਭਗ ਅੱਧੀ ਸਮਰੱਥਾ ’ਤੇ ਚਲ ਰਹੇ ਹਨ।
ਨਾਭਾ ਤੇ ਤਲਵੰਡੀ ਸਾਬੋ ਪਲਾਂਟਾਂ ’ਤੇ ਅਸਰ
ਪੰਜਾਬ ਦੇ ਪ੍ਰਮੁੱਖ ਨਿੱਜੀ ਥਰਮਲ ਪਲਾਂਟਾਂ ਬਾਰੇ ਜਾਣਕਾਰੀ ਦਿੰਦਿਆਂ ਸੌਂਦ ਨੇ ਕਿਹਾ ਕਿ ਨਾਭਾ ਪਾਵਰ ਲਿਮਟਿਡ, ਰਾਜਪੁਰਾ ਅਤੇ ਤਲਵੰਡੀ ਸਾਬੋ ਪਾਵਰ ਪਲਾਂਟ, ਮਾਨਸਾ, ਕੇਂਦਰ ਸਰਕਾਰ ਵੱਲੋਂ ਸਪਲਾਈ ਕੀਤੇ ਜਾਣ ਵਾਲੇ ਕੋਲੇ ’ਤੇ ਨਿਰਭਰ ਹਨ। ਕੇਂਦਰ ਤੋਂ ਲੋੜ ਮੁਤਾਬਕ ਕੋਲਾ ਨਾ ਮਿਲਣ ਕਾਰਨ ਦੋਵੇਂ ਪਲਾਂਟ ਇਸ ਸਮੇਂ ਆਪਣੀ ਲਗਭਗ ਅੱਧੀ ਸਮਰੱਥਾ ’ਤੇ ਹੀ ਬਿਜਲੀ ਪੈਦਾ ਕਰ ਰਹੇ ਹਨ।
ਹਾਲਾਂਕਿ, ਮੰਤਰੀ ਨੇ ਇਹ ਵੀ ਕਿਹਾ ਕਿ ਜਿਨ੍ਹਾਂ ਥਰਮਲ ਪਲਾਂਟਾਂ ਨੂੰ ਪੰਜਾਬ ਸਰਕਾਰ ਵੱਲੋਂ ਖੁਦ ਕੋਲਾ ਮੁਹੱਈਆ ਕਰਵਾਇਆ ਜਾ ਰਿਹਾ ਹੈ, ਉਨ੍ਹਾਂ ਕੋਲ ਇਸ ਵੇਲੇ ਕਰੀਬ 10 ਦਿਨਾਂ ਦਾ ਸਟਾਕ ਮੌਜੂਦ ਹੈ।
ਕੇਂਦਰ ਤੋਂ ਤੁਰੰਤ ਦਖਲ ਦੀ ਮੰਗ
ਬਿਜਲੀ ਸੰਕਟ ਨੂੰ ਲੈ ਕੇ ਸੌਂਦ ਨੇ ਕੇਂਦਰ ਸਰਕਾਰ ’ਤੇ ਸਿੱਧਾ ਨਿਸ਼ਾਨਾ ਸਾਧਦਿਆਂ ਤੁਰੰਤ ਦਖਲ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਕੇਂਦਰ ਨੂੰ ਦੇਸ਼ ਅਤੇ ਪੰਜਾਬ ਦੇ ਲੋਕਾਂ ਨੂੰ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਕੋਲੇ ਦੀ ਕੌਮੀ ਪੱਧਰ ’ਤੇ ਚੱਲ ਰਹੀ ਘਾਟ ਕਦੋਂ ਤੱਕ ਦੂਰ ਹੋਵੇਗੀ।
ਬਿਜਲੀ ਉਤਪਾਦਨ ਵਿੱਚ 1,500 ਮੈਗਾਵਾਟ ਦੀ ਕਮੀ
ਮੰਤਰੀ ਮੁਤਾਬਕ ਕੋਲੇ ਦੀ ਕਮੀ ਕਾਰਨ ਪੰਜਾਬ ਵਿੱਚ ਬਿਜਲੀ ਉਤਪਾਦਨ ਲਗਭਗ 1,500 ਮੈਗਾਵਾਟ ਤੱਕ ਘਟ ਗਿਆ ਹੈ। ਉਨ੍ਹਾਂ ਇਸ ਨੂੰ ਗੰਭੀਰ ਮਾਮਲਾ ਕਰਾਰ ਦਿੰਦਿਆਂ ਕਿਹਾ ਕਿ ਇਸ ਦਾ ਅਸਰ ਪੂਰੇ ਦੇਸ਼ ’ਤੇ ਪੈ ਰਿਹਾ ਹੈ। ਉਨ੍ਹਾਂ ਕੇਂਦਰ ਸਰਕਾਰ ਨੂੰ ਕੋਲੇ ਦੀ ਸਮੱਸਿਆ ਦਾ ਜਲਦ ਹੱਲ ਕਰਨ ਅਤੇ ਬਿਨਾਂ ਰੁਕਾਵਟ ਬਿਜਲੀ ਸਪਲਾਈ ਯਕੀਨੀ ਬਣਾਉਣ ਲਈ ਤੁਰੰਤ ਢੁਕਵੇਂ ਕਦਮ ਚੁੱਕਣ ਦੀ ਅਪੀਲ ਕੀਤੀ।

