ਨਵੀਂ ਦਿੱਲੀ: ਭਾਵੇਂ ਕਿ ਹਰ ਪਾਸੇ ਹੀ ਅੱਜ ਪ੍ਰਦੂਸ਼ਣ ਦਾ ਪੱਧਰ ਲਗਾਤਾਰ ਵਧਦਾ ਜਾ ਰਿਹਾ ਹੈ ਅਤੇ ਹਵਾ ‘ਚ ਸਾਹ ਲੈਣਾ ਵੀ ਮੁਸ਼ਕਿਲ ਹੋ ਰਿਹਾ ਹੈ। ਪਰ ਅਜਿਹੇ ਵਿੱਚ ਜੇਕਰ ਗੱਲ ਰਾਜਧਾਨੀ ਦਿੱਲੀ ਦੀ ਕਰੀਏ ਤਾਂ ਇੱਥੇ ਹਵਾ ਦੀ ਗੁਣਵੱਤਾ ਬਹੁਤ ਜਿਆਦਾ ਖਰਾਬ ਹੋ ਚੁਕੀ ਹੈ। ਇੱਥੇ ਹੀ ਬੱਸ ਨਹੀਂ ਆਉਣ ਵਾਲੇ ਕੁਝ ਦਿਨਾਂ ‘ਚ ਹਾਲਾਤ ਇਸ ਤੋਂ ਵੀ ਬਦਤਰ ਹੋਣ ਦੀ ਸੰਭਾਵਨਾ ਹੈ। ਜਿਸ ਦੀ ਪੁਸ਼ਟੀ ਮੌਸਮ ਵਿਭਾਗ ਵੱਲੋਂ ਕੀਤੀ ਗਈ ਹੈ।
ਅੱਜ ਸ਼ਾਮ 4 ਵਜੇ ਦਿੱਲੀ ਦੇ ਆਨੰਦ ਵਿਹਾਰ ਵਿੱਚ ਹਵਾ ਦੀ ਗੁਣਵੱਤਾ (ਏਕਿਊਆਈ) 455 ਸੀ, ਜਿਸ ਨਾਲ ਇਹ ਇਲਾਕਾ ਸਭ ਤੋਂ ਵਧੇਰੇ ਪ੍ਰਦੂਸ਼ਿਤ ਇਲਾਕਾ ਰਿਹਾ। ਸ਼ਾਮ 5 ਵਜੇ ਪੂਰੀ ਦਿੱਲੀ ਦਾ ਏਕਿਊਆਈ 357 ਸੀ। ਇਸ ਦੇ ਨਾਲ ਹੀ ਗਾਜ਼ੀਆਬਾਦ ਵਿੱਚ ਏਕਿਊਆਈ 384, ਨੋਇਡਾ ਵਿੱਚ ਏਕਿਊਆਈ 371, ਗ੍ਰੇਟਰ ਨੋਇਡਾ ਵਿੱਚ ਏਕਿਊਆਈ 364 ਅਤੇ ਫਰੀਦਾਬਾਦ ਵਿੱਚ ਏਕਿਊਆਈ 346 ਸੀ। ਸਿਰਫ਼ ਦਿੱਲੀ ਹੀ ਨਹੀਂ, ਪੰਜਾਬ ਤੋਂ ਲੈ ਕੇ ਉੱਤਰ ਪ੍ਰਦੇਸ਼ ਅਤੇ ਬਿਹਾਰ ਤੱਕ ਭਾਰਤ ਦੇ 34 ਸ਼ਹਿਰਾਂ ਵਿੱਚ ਹਵਾ ਦੀ ਗੁਣਵੱਤਾ ‘ਬਹੁਤ ਮਾੜੀ’ ਸ਼੍ਰੇਣੀ ਵਿੱਚ ਹੈ।