ਵਾਸ਼ਿੰਗਟਨ: ਅਮਰੀਕਾ ਵਿੱਚ ਰਾਸ਼ਟਰਪਤੀ ਚੋਣਾਂ ਵਿੱਚ ਵੋਟਾਂ ਲਈ ਹੁਣ ਕੁਝ ਹੀ ਦਿਨ ਦਾ ਸਮਾਂ ਬਚਿਆ ਹੈ, ਪਰ ਹਾਲੇ ਤੱਕ ਇਹ ਸਾਫ਼ ਨਹੀਂ ਹੋਇਆ ਕਿ ਚੋਣਾਂ ਵਿੱਚ ਕਿਸ ਉਮੀਦਵਾਰ ਦਾ ਦਾਅਵਾ ਮਜ਼ਬੂਤ ਹੈ। ਵੱਖ-ਵੱਖ ਸਰਵੇਖਣਾਂ ਵਿੱਚ ਪਤਾ ਚੱਲਿਆ ਹੈ ਕਿ ਰਾਸ਼ਟਰਪਤੀ ਚੋਣਾਂ ਵਿੱਚ ਕਮਲਾ ਹੈਰਿਸ ਅਤੇ ਡੋਨਲਡ ਟਰੰਪ ਵਿਚਾਲੇ ਸਖਥ ਟੱਕਰ ਹੈ ਅਤੇ ਨਤੀਜੇ ਕਿਸੇ ਦੇ ਵੀ ਪੱਖ ਜਾ ਸਕਦੇ ਹਨ।
ਰਿਪੋਰਟਾਂ ਮੁਤਾਬਕ ਬੁੱਧਵਾਰ ਤੱਕ ਲਗਭਗ 60 ਮਿਲੀਅਨ ਅਮਰੀਕੀਆਂ ਨੇ 5 ਨਵੰਬਰ ਦੀਆਂ ਆਮ ਚੋਣਾਂ ਲਈ ਮੇਲ-ਇਨ ਵੋਟ ਜਾਂ ਵਿਅਕਤੀਗਤ ਤੌਰ ‘ਤੇ ਵੋਟ ਪਾਈ ਹੈ। ਬੁੱਧਵਾਰ ਨੂੰ ਜਾਰੀ ਕੀਤੇ ਗਏ ਇੱਕ ਸਰਵੇਖਣ ਤੋਂ ਪਤਾ ਚੱਲਿਆ ਹੈ ਕਿ ਟਰੰਪ ਪੈਨਸਿਲਵੇਨੀਆ ਅਤੇ ਉੱਤਰੀ ਕੈਰੋਲੀਨਾ ਵਿੱਚ ਕਮਲਾ ਹੈਰਿਸ ਤੋਂ ਸਿਰਫ਼ ਇੱਕ ਫੀਸਦ ਅੰਕ ਅੱਗੇ ਹਨ, ਜਦਕਿ ਦੋਵੇਂ ਮਿਸ਼ੀਗਨ ਵਿੱਚ ਬਰਾਬਰੀ ‘ਤੇ ਹਨ। ਐਰੀਜ਼ੋਨਾ, ਨੇਵਾਡਾ, ਜਾਰਜੀਆ ਅਤੇ ਵਿਸਕਾਨਸਿਨ ਵਿੱਚ ਵੀ ਕਰੀਬੀ ਮੁਕਾਬਲਾ ਹੈ। ਇੱਕ ਹੋਰ ਸਰਵੇਖਣ ਵਿਚ ਪੈਨਸਿਲਵੇਨੀਆ ਵਿੱਚ ਦੋਵੇਂ ਉਮੀਦਵਾਰ 48 ਪ੍ਰਤੀਸ਼ਤ ਦੇ ਨਾਲ ਬਰਾਬਰੀ ‘ਤੇ ਹਨ, ਜਦਕਿ ਕਮਲਾ ਹੈਰਿਸ ਵਿਸਕਾਨਸਿਨ ‘ਚ ਟਰੰਪ ਤੋਂ ਛੇ ਅਤੇ ਮਿਸ਼ੀਗਨ ‘ਚ ਪੰਜ ਅੰਕਾਂ ਨਾਲ ਅੱਗੇ ਹਨ। 2024 ਦੀ ਰਾਸ਼ਟਰਪਤੀ ਚੋਣ ਜਿੱਤਣ ਲਈ ਕਿਸੇ ਉਮੀਦਵਾਰ ਨੂੰ 270 ਇਲੈਕਟੋਰਲ ਵੋਟਾਂ ਦੀ ਲੋੜ ਹੋਵੇਗੀ।
ਸਾਰੀਆਂ ਪ੍ਰਮੁੱਖ ਚੋਣਾਂ ‘ਤੇ ਨਜ਼ਰ ਰੱਖਣ ਵਾਲੀ ਏਜੰਸੀ ਰੀਅਲ ਕਲੀਅਰ ਪਾਲੀਟਿਕਸ ਦਾ ਕਹਿਣਾ ਹੈ ਕਿ ਰਾਸ਼ਟਰੀ ਪੱਧਰ ‘ਤੇ ਟਰੰਪ ਨੂੰ 0.4 ਫੀਸਦੀ ਅੰਕਾਂ ਦਾ ਮਾਮੂਲੀ ਵਾਧਾ ਹਾਸਲ ਹੈ, ਜਦਕਿ ਜਿਨ੍ਹਾਂ ਸੂਬਿਆਂ ‘ਚ ਦੋਵਾਂ ਵਿਚਾਲੇ ਸਖਤ ਟੱਕਰ ਹੈ, ਉੱਥੇ ਵੀ ਟਰੰਪ ਨੂੰ ਸਿਰਫ ਇੱਕ ਫੀਸਦੀ ਦੀ ਲੀਡ ਹੈ। ਹਾਲਾਂਕਿ ਸੱਟੇਬਾਜ਼ੀ ਦੇ ਬਾਜ਼ਾਰਾਂ ‘ਚ ਟਰੰਪ 63.1 ਅੰਕਾਂ ਨਾਲ ਸਭ ਤੋਂ ਅੱਗੇ ਹਨ, ਜਦਕਿ ਹੈਰਿਸ 35.8 ਅੰਕਾਂ ਨਾਲ ਅੱਗੇ ਹਨ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।