Home / ਓਪੀਨੀਅਨ / ਨੰਗੇ ਧੜ ਲੜ ਰਹੇ ਅੰਨਦਾਤਾ ਅੱਗੇ ਝੁਕੀ ਸਿਆਸਤ !

ਨੰਗੇ ਧੜ ਲੜ ਰਹੇ ਅੰਨਦਾਤਾ ਅੱਗੇ ਝੁਕੀ ਸਿਆਸਤ !

-ਅਵਤਾਰ ਸਿੰਘ

ਪੰਜਾਬ ਦੀ ਸਿਆਸਤ ਵਿੱਚ ਸ਼ਨਿਚਰਵਾਰ ਰਾਤ ਨੂੰ ਇਕ ਵੱਡੀ ਤਬਦੀਲੀ ਆਈ ਜਿਸ ਵਿਚ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੇ ਕੇਂਦਰ ਵਿਚ ਭਾਈਵਾਲ ਐਨ ਡੀ ਏ ਨਾਲੋਂ ਆਪਣਾ ਸੰਬੰਧ ਤੋੜਨ ਦਾ ਐਲਾਨ ਕਰ ਦਿੱਤਾ। ਕੇਂਦਰ ਸਰਕਾਰ ਵਿਚੋਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਪਤਨੀ ਬੀਬੀ ਹਰਸਿਮਰਤ ਕੌਰ ਬਾਦਲ ਪਹਿਲਾਂ ਹੀ ਅਸਤੀਫਾ ਦੇ ਚੁੱਕੇ ਹਨ। ਇਹ ਸਾਰੇ ਹਾਲਾਤ ਉਦੋਂ ਉਤਪੰਨ ਹੋਏ ਜਦੋਂ ਕੇਂਦਰ ਦੀ ਨਰੇਂਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਕਿਸਾਨ ਵਿਰੋਧੀ ਤਿੰਨ ਖੇਤੀ ਬਿੱਲ ਦੋਵਾਂ ਸਦਨਾਂ ਵਿਚ ਪਾਸ ਕਰ ਦਿੱਤੇ ਗਏ। ਕਿਸਾਨਾਂ ਅਤੇ ਵਿਰੋਧੀ ਪਾਰਟੀਆਂ ਵੱਲੋਂ ਸ਼ੁਰੂ ਕੀਤੇ ਗਏ ਸੰਘਰਸ਼ ਤੋਂ ਬਾਅਦ ਅਕਾਲੀ ਦਲ ਸਿਆਸੀ ਕੁੜਕੀ ਵਿਚ ਫਸਦਾ ਜਾ ਰਿਹਾ ਸੀ।

ਕੋਵਿਡ -19 ਦੀ ਮਹਾਮਾਰੀ ਦੌਰਾਨ ਇਹ ਸਭ ਲਈ ਪ੍ਰੀਖਿਆ ਦੀ ਘੜੀ ਬਣ ਗਈ ਸੀ। ਕੇਂਦਰ ਸਰਕਾਰ ਨੂੰ ਇਸ ਗੱਲ ਦਾ ਭਰਮ ਸੀ ਕਿ ਮੌਜੂਦਾ ਮਾਹੌਲ ਵਿੱਚ ਕਿਸਾਨ ਅਤੇ ਵਿਰੋਧੀ ਧਿਰਾਂ ਇੰਨਾ ਵੱਡਾ ਕਦਮ ਨਹੀਂ ਚੁੱਕ ਸਕਦੇ। ਪਰ ਅੰਨਦਾਤਾ ਨੇ ਆਪਣੇ ਹੱਕਾਂ ਉਪਰ ਡਾਕਾ ਪੈਂਦਾ ਦੇਖ ਕੇ ਆਪਣੀ ਜਾਨ ਦੀ ਪ੍ਰਵਾਹ ਨਾ ਕਰਦਿਆਂ ਸੰਘਰਸ਼ ਸ਼ੁਰੂ ਕਰ ਦਿੱਤਾ। ਉਹ ਪਰਿਵਾਰਾਂ ਸਮੇਤ ਸੜਕਾਂ ‘ਤੇ ਆ ਗਏ। ਜਦੋਂ ਉਨ੍ਹਾਂ ਦੇ ਸੰਘਰਸ਼ ਨੇ ਜ਼ੋਰ ਫੜਿਆ ਤਾਂ ਰਾਜਸੀ ਪਾਰਟੀਆਂ ਨੂੰ ਲੱਗਿਆ ਕਿ ਉਨ੍ਹਾਂ ਦੀ ਸਿਆਸਤ ਖਤਰੇ ਵਿਚ ਪੈ ਜਾਵੇਗੀ ਅਤੇ ਆਉਣ ਵਾਲੇ ਸਮੇਂ ‘ਚ ਲੋਕ ਉਨ੍ਹਾਂ ਨੂੰ ਮੂੰਹ ਨਹੀਂ ਲਾਉਣਗੇ ਅਤੇ ਇਸ ਵੇਲੇ ਦਾ ਲੱਗਿਆ ਕਲੰਕ ਕਦੇ ਧੋਤਾ ਨਹੀਂ ਜਾਣਾ। ਫੇਰ ਸਾਰਿਆਂ ਆਪਣਾ ਆਪਣਾ ਪੈਂਤੜਾ ਬਦਲਣਾ ਸ਼ੁਰੂ ਕਰ ਦਿੱਤਾ ਅਰਥਾਤ ਕਿਸਾਨਾਂ ਦੇ ਹੱਕ ਵਿੱਚ ਸੰਘਰਸ਼ ਕਰਨਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਸਭ ਤੋਂ ਵੱਡਾ ਧਰਮ ਸੰਕਟ ਸ਼੍ਰੋਮਣੀ ਅਕਾਲੀ ਦਲ (ਬਾਦਲ) ਲਈ ਬਣ ਗਿਆ ਸੀ ਕਿਉਂਕਿ ਉਹ ਕੇਂਦਰ ਵਿਚ ਸਰਕਰ ਦਾ ਭਾਈਵਾਲ ਸੀ। ਪਹਿਲਾਂ ਤਾਂ ਬਾਦਲ ਪਰਿਵਾਰ ਨੇ ਖੇਤੀ ਬਿੱਲਾਂ ਦੀ ਹਮਾਇਤ ਕਰਨੀ ਸ਼ੁਰੂ ਕਰ ਦਿੱਤੀ। ਫੇਰ ਜਦੋਂ ਗੱਲ ਬਣਦੀ ਨਜ਼ਰ ਨਾ ਆਈ ਤਾਂ ਉਨ੍ਹਾਂ ਨੇ ਵੀ ਹੌਲੀ ਹੌਲੀ ਖੇਤੀ ਬਿੱਲਾਂ ਖਿਲਾਫ ਬੋਲਣਾ ਸ਼ੁਰੂ ਕਰ ਦਿੱਤਾ। ਇਸ ਤੋਂ ਬਾਅਦ ਸ਼ਾਇਦ ਮੋਦੀ ਜੀ ਵੀ ਉਨ੍ਹਾਂ ਤੋਂ ਨਾਰਾਜ਼ ਹੋ ਗਈ। ਸੁਭਾਵਿਕ ਹੈ ਇਕ ਧਿਰ ਨੇ ਤਾਂ ਨਾਰਾਜ਼ ਹੋਣਾ ਹੀ ਸੀ। ਫੇਰ ਬੀਬੀ ਹਰਸਿਮਰਤ ਕੌਰ ਨੇ ਅਸਤੀਫਾ ਦੇ ਦਿੱਤਾ। ਇਸ ਤੋਂ ਬਾਅਦ ਸਭ ਨੂੰ ਇਹ ਲੱਗਣ ਲੱਗ ਪਿਆ ਕਿ ਇਹ ਇਕ ਸਿਆਸੀ ਚਾਲ ਹੈ। ਕਿਸਾਨਾਂ ਤੇ ਵਿਰੋਧੀਆਂ ਨੂੰ ਲਗਦਾ ਸੀ ਕਿ ਮਾਹੌਲ ਠੰਢਾ ਹੋਣ ਮਗਰੋਂ ਕੁਰਸੀ ਮੁੜ ਮਿਲ ਸਕਦੀ ਹੈ, ਜਿਵੇਂ ਰਾਜਨੀਤੀ ਵਿੱਚ ਵਾਪਰਦਾ ਹੈ। ਪਰ ਨੰਗੇ ਧੜ ਲੜ ਰਹੇ ਕਿਸਾਨ ਨੇ ਕਿਸ ਕਿਸ ਨੂੰ ਝੁਕਾ ਦਿੱਤਾ ਹੈ ਇਹ ਸਭ ਦੇ ਸਾਹਮਣੇ ਹੈ।

ਹੁਣ ਸ਼੍ਰੋਮਣੀ ਅਕਾਲੀ ਦਲ ਕੌਮੀ ਜਮਹੂਰੀ ਗੱਠਜੋੜ (ਐੱਨਡੀਏ) ਵਿੱਚੋਂ ਬਾਹਰ ਹੋ ਗਿਆ ਹੈ। ਪਾਰਟੀ ਦੀ ਕੋਰ ਕਮੇਟੀ ਦੀ ਮੀਟਿੰਗ ਤੋਂ ਬਾਅਦ ਇਹ ਐਲਾਨ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਕੀਤਾ ਗਿਆ। 1996 ਤੋਂ ਭਾਰਤੀ ਜਨਤਾ ਪਾਰਟੀ ਤੇ ਅਕਾਲੀ ਦਲ ਨਾਲ ਬਣੀ ਆ ਰਹੀ ਸਿਆਸੀ ਸਾਂਝ ਦਾ ਭੋਗ ਪੈ ਗਿਆ ਹੈ। ਸਿਰ ਜੋੜ ਕੇ ਬੈਠੇ ਅਕਾਲੀ ਲੀਡਰਾਂ ਵਿਚਕਾਰ ਇਹੀ ਸਹਿਮਤੀ ਬਣੀ ਕਿ ਖੇਤੀ ਬਿਲਾਂ ਕਾਰਨ ਦੇਸ਼ ਅੰਦਰ ਬਣੇ ਸਿਆਸੀ ਮਾਹੌਲ ਤੋਂ ਬਾਅਦ ਐੱਨਡੀਏ ਦਾ ਹਿੱਸਾ ਬਣੇ ਰਹਿਣ ਦਾ ਕੋਈ ਲਾਭ ਨਹੀਂ। ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੀ ਸਰਕਾਰ ਵਿੱਚੋਂ ਬਾਹਰ ਆਉਣ ਤੋਂ ਬਾਅਦ ਵੀ ਸਿਆਸੀ ਵਿਰੋਧੀਆਂ ਵੱਲੋਂ ਲਗਾਤਾਰ ਸਵਾਲ ਖੜ੍ਹੇ ਕੀਤੇ ਜਾ ਰਹੇ ਹਨ।

ਅਕਾਲੀ ਹਲਕਿਆਂ ਦਾ ਮੰਨਣਾ ਹੈ ਕਿ ਪਾਰਟੀ ਵੱਲੋਂ ਇਹ ਫੈਸਲਾ ਸੂਬੇ ਅੰਦਰ ਪੈਦਾ ਹੋਏ ਸਿਆਸੀ ਹਾਲਾਤ ਕਰਕੇ ਲਿਆ ਗਿਆ ਹੈ ਕਿਉਂਕਿ ਰਾਜਸੀ ਤੌਰ ’ਤੇ ਭਾਜਪਾ ਜਾਂ ਐੱਨਡੀਏ ਦਾ ਹਿੱਸਾ ਬਣੇ ਰਹਿਣਾ ਅਕਾਲੀ ਦਲ ਲਈ ਮਹਿੰਗਾ ਸਾਬਤ ਹੋ ਰਿਹਾ ਸੀ। ਅਕਾਲੀ ਦਲ ਨੇ ਆਉਣ ਵਾਲੇ ਦਿਨਾਂ ਵਿੱਚ ਸੂਬੇ ਦੀ ਕਾਂਗਰਸ ਦੀ ਅਗਵਾਈ ਵਾਲੀ ਕੈਪਟਨ ਸਰਕਾਰ ਵਿਰੁੱਧ ਵੀ ਮੁਹਿੰਮ ਵਿੱਢਣ ਦਾ ਫੈਸਲਾ ਕਰ ਲਿਆ ਹੈ।

ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਖੇਤੀ ਬਿਲਾਂ ਤੋਂ ਇਲਾਵਾ ਜੰਮੂ-ਕਸ਼ਮੀਰ ਵਿੱਚ ਪੰਜਾਬੀ ਨੂੰ ਸਰਕਾਰੀ ਭਾਸ਼ਾ ਵਜੋਂ ਮਾਨਤਾ ਨਾ ਦੇਣ ਦੇ ਮੁੱਦੇ ’ਤੇ ਵੀ ਮੋਦੀ ਸਰਕਾਰ ਦੇ ਖਿਲਾਫ ਹੈ।

ਗੌਰਤਲਬ ਹੈ ਕਿ 1996 ਵਿੱਚ ਮਰਹੂਮ ਅਟਲ ਬਿਹਾਰੀ ਵਾਜਪਾਈ ਦੀ ਅਗਵਾਈ ਹੇਠ 13 ਦਿਨਾਂ ਦੀ ਸਰਕਾਰ ਬਣਨ ਸਮੇਂ ਪ੍ਰਕਾਸ਼ ਸਿੰਘ ਬਾਦਲ ਵੱਲੋਂ ਭਾਰਤੀ ਜਨਤਾ ਪਾਰਟੀ ਨੂੰ ਬਿਨਾਂ ਸ਼ਰਤ ਹਮਾਇਤ ਦੇਣ ਦਾ ਐਲਾਨ ਕੀਤਾ ਗਿਆ ਸੀ। ਉਦੋਂ ਤੋਂ ਲੈ ਕੇ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਵਿਚਕਾਰ ਨਹੁੰ ਮਾਸ ਦਾ ਰਿਸ਼ਤਾ ਕਿਹਾ ਜਾਂਦਾ ਸੀ।

ਉਧਰ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਕਾਲੀ ਦਲ ਵੱਲੋਂ ਭਾਜਪਾ ਦਾ ਸਾਥ ਛੱਡਣ ਨੂੰ ਕੋਈ ਨੈਤਿਕ ਤੌਰ ‘ਤੇ ਲਿਆ ਫ਼ੈਸਲਾ ਨਹੀਂ ਕਿਹਾ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਫੈਸਲਾ ਲੈਣਾ ਅਕਾਲੀ ਦਲ ਦੀ ਸਿਆਸੀ ਮਜਬੂਰੀ ਸੀ। ਮੁੱਖ ਮੰਤਰੀ ਨੇ ਕਿਹਾ ਕਿ ਜਦੋਂ ਕੇਂਦਰ ਦੀ ਭਾਜਪਾ ਸਰਕਾਰ ਨੇ ਅਕਾਲੀਆਂ ਨੂੰ ਕਿਸਾਨਾਂ ਨੂੰ ਸਮਝਾਉਣ ਵਿੱਚ ਨਾਕਾਮ ਰਹਿਣ ਦਾ ਜ਼ਿੰਮੇਵਾਰ ਕਹਿ ਦਿੱਤਾ ਤਾਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਕੋਲ ਹੋਰ ਕੋਈ ਬਦਲ ਨਹੀਂ ਸੀ। ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਭਗਵੰਤ ਮਾਨ ਨੇ ਅਕਾਲੀ ਦਲ ਦੇ ਇਸ ਫ਼ੈਸਲੇ ਨੂੰ ਮਜ਼ਾਹੀਆ ਤੌਰ ‘ਤੇ ਲੈਂਦਿਆਂ ਕਿਹਾ ਕਿ ਹੁਣ ਤਾਂ ਚਿੜੀਆਂ ਚੋਗ ਚੁਗ ਚੁੱਕੀਆਂ ਹਨ।

ਰਿਪੋਰਟਾਂ ਮੁਤਾਬਿਕ ਨਾਰਾਜ਼ ਅਕਾਲੀ ਆਗੂ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਐੱਨਡੀਏ ਨਾਲ ਸਬੰਧ ਮਜਬੂਰੀ ਕਾਰਨ ਤੋੜੇ ਹਨ ਕਿਉਂਕਿ ਕਿਸਾਨ ਖੇਤੀ ਬਿੱਲਾਂ ਦਾ ਵਿਰੋਧ ਵਿੱਚ ਡੱਟ ਗਏ ਹਨ। ਢੀਂਡਸਾ ਨੇ ਕਿਹਾ ਕਿ ਅਕਾਲੀ ਦਲ ਨੇ ਇਹ ਤੋੜ ਵਿਛੋੜਾ ਮਜਬੂਰੀ ਵਿੱਚ ਕੀਤਾ ਕਿਉਂਕਿ ਕਿਸਾਨ ਉਨ੍ਹਾਂ ਤੋਂ ਬਹੁਤ ਖ਼ਫਾ ਹਨ। ਉਨ੍ਹਾਂ ਕਿਹਾ ਕਿ ਅਕਾਲੀ ਦਲ ਨੇ ਪਹਿਲਾਂ ਤਾਂ ਬਿੱਲ ਦਾ ਸਮਰਥਨ ਕੀਤਾ ਇਥੋਂ ਤੱਕ ਕਿ ਪਾਰਟੀ ਦੇ ਸਾਬਕਾ ਪ੍ਰਧਾਨ ਪ੍ਰਕਾਸ਼ ਸਿੰਘ ਬਾਦਲ ਵੀ ਬਿੱਲਾਂ ਦੇ ਹੱਕ ਬੋਲਦੇ ਰਹੇ। ਸ਼੍ਰੋਮਣੀ ਅਕਾਲੀ ਦਲ ਨੇ ਆਪਣਾ ਅਧਾਰ ਗੁਆ ਲਿਆ ਹੈ।

ਇਸ ਮੌਕੇ ਭਾਜਪਾ ਆਗੂਆਂ ਦਾ ਕਹਿਣਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਐੱਨਡੀਏ ਨਾਲ ਸਮਝੌਤਾ ਤੋੜਨ ਦਾ ਫ਼ੈਸਲਾ ਕਰਕੇ ਇਤਿਹਾਸਕ ਭੁੱਲ ਕੀਤੀ ਹੈ। ਸੀਨੀਅਰ ਭਾਜਪਾ ਆਗੂ ਤੇ ਸਾਬਕਾ ਮੰਤਰੀ ਮਦਨ ਮੋਹਨ ਮਿੱਤਲ ਨੇ ਕਿਹਾ ਕਿ ਸ੍ਰੀ ਪ੍ਰਕਾਸ਼ ਸਿੰਘ ਬਾਦਲ ਇਸ ਹਿੰਦੂ-ਸਿੱਖ ਭਾਈਚਾਰਕ ਸਾਂਝ ਲਈ ਬਣਾਏ ਗਏ ਗੱਠਜੋੜ ਦੇ ਬਾਨੀਆਂ ਵਿੱਚ ਹਨ ਪਰ ਅਫ਼ਸੋਸ ਹੈ ਕਿ ਇਸ ਗੱਠਜੋੜ ਨੂੰ ਤੋੜਨ ਲੱਗਿਆਂ ਜਿੱਥੇ ਖੁਦ ਪ੍ਰਕਾਸ਼ ਸਿੰਘ ਬਾਦਲ ਦੀ ਵੀ ਰਾਏ ਤੱਕ ਨਹੀਂ ਲਈ ਗਈ ਉਥੇ ਹੀ ਸਮੁੱਚੀ ਸੀਨੀਅਰ ਲੀਡਰਸ਼ਿਪ ਜਿਨ੍ਹਾਂ ਵਿੱਚ ਜਥੇਦਾਰ ਤੋਤਾ ਸਿੰਘ, ਨਿਰਮਲ ਸਿੰਘ ਕਾਹਲੋਂ ਵਰਗੇ ਹੋਰ ਸਿਆਸਤਦਾਨਾਂ ਅਤੇ ਤਜਰਬੇਕਾਰ ਅਕਾਲੀਆਂ ਨੂੰ ਵੀ ਪੁੱਛਣਾ ਜ਼ਰੂਰੀ ਨਹੀਂ ਸਮਝਿਆ ਗਿਆ।

ਉਧਰ ਸ਼੍ਰੋਮਣੀ ਅਕਾਲੀ ਦਲ ਦਾ ਐੱਨਡੀਏ ਨੂੰ ਛੱਡਣਾ ਮੰਦਭਾਗਾ ਕਰਾਰ ਦਿੰਦਿਆਂ ਪੰਜਾਬ ਵਿੱਚ ਭਾਜਪਾ ਦੇ ਨੇਤਾ ਮਨੋਰੰਜਨ ਕਾਲੀਆ ਤੇ ਮਾਸਟਰ ਮੋਹਨ ਲਾਲ ਨੇ ਕਿਹਾ ਹੈ ਕਿ ਉਨ੍ਹਾਂ ਦੀ ਪਾਰਟੀ ਵਿੱਚ 2022 ਦੀ ਵਿਧਾਨ ਸਭਾ ਚੋਣਾਂ ਇਕੱਲੇ ਲੜਨ ਤੇ ਜਿੱਤਣ ਦਾ ਦਮ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਤਾਂ ਅਕਾਲੀ ਬਿੱਲ ਦੇ ਸਮਰਥਨ ਵਿੱਚ ਸਨ ਤੇ ਸ੍ਰੀ ਪ੍ਰਕਾਸ਼ ਸਿੰਘ ਬਾਦਲ ਨੇ ਵੀ ਇਨ੍ਹਾਂ ਦੇ ਹੱਕ ਵਿੱਚ ਬਿਆਨ ਦਿੱਤੇ ਸਨ ਪਰ ਹੁਣ ਮੁੱਕਰ ਗਏ। ਮਾਸਟਰ ਮੋਹਨ ਲਾਲ ਨੇ ਕਿਹਾ ਕਿ ਅਕਾਲੀਆਂ ਨੇ ਠੀਕ ਨਹੀਂ ਕੀਤਾ। ਭਾਜਪਾ ਦੇ ਵਰਕਰ ਰਾਜ ਦੀਆਂ 117 ਵਿਧਾਨ ਸਭਾ ਸੀਟਾਂ ’ਤੇ ਚੋਣਾਂ ਲਈ ਲਈ ਤਿਆਰ ਹਨ।

ਪੰਜਾਬ ਦੇ ਇਸ ਸਿਆਸੀ ਘਟਨਾਕ੍ਰਮ ਵਿੱਚ ਫਿਲਹਾਲ ਹਰ ਕੋਈ ਇਕ ਦੂਜੇ ਤੋਂ ਅੱਗੇ ਨਿਕਲਣ ਲਈ ਤਿਆਰ ਬੈਠਾ ਹੈ। ਪਰ ਇਹ ਤਾਂ ਸਮਾਂ ਹੀ ਦਸੇਗਾ ਕਿ 2022 ਵਿਚ ਕੌਣ ਬਾਜ਼ੀ ਮਾਰਦਾ ਹੈ? ਫਿਲਹਾਲ ਅੰਨਦਾਤਾ ਮੂਹਰੇ ਸਿਆਸਤ ਝੁਕੀ ਲਗਦੀ ਹੈ।

Check Also

ਕਿਸਾਨਾਂ ਲਈ ਕੀਮਤੀ ਨੁਕਤੇ: ਜੈਵਿਕ ਕਣਕ ਦੀ ਸਫ਼ਲ ਕਾਸ਼ਤ ਕਿਵੇਂ ਕਰੀਏ

-ਚਰਨਜੀਤ ਸਿੰਘ ਔਲਖ ਸਿਹਤਮੰਦ ਅਤੇ ਸੁਰੱਖਿਅਤ ਭੋਜਨ ਪੈਦਾ ਕਰਨ ਦਾ ਇੱਕ ਤਰੀਕਾ ਫ਼ਸਲਾਂ, ਸਬਜੀਆਂ ਅਤੇ …

Leave a Reply

Your email address will not be published. Required fields are marked *