ਸਿੱਖਾਂ ਦੇ ਪਹਿਲੇ ਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮਨਾਉਣ ਲਈ ਦੇਸ਼ ਵਿਦੇਸ਼ ਦੀ ਸਿੱਖ ਸੰਗਤ ਵਿੱਚ ਬੇਹੱਦ ਉਤਸ਼ਾਹ ਹੈ। ਵਿਦੇਸ਼ਾਂ ਵਿਚ ਬੈਠੇ ਨਾਨਕ ਨਾਮ ਲੇਵਾ ਸੰਗਤ ਉਸ ਸੁਲੱਖਣੀ ਘੜੀ ਦੀ ਇੰਤਜ਼ਾਰ ਵਿੱਚ ਹਨ। ਸਭ ਨੇ ਆਪਣੇ ਆਪਣੇ ਤੌਰ ‘ਤੇ ਵੱਖ ਵੱਖ ਤਰ੍ਹਾਂ ਪਹੁੰਚਣ ਦੀਆਂ ਤਿਆਰੀਆਂ ਕਸੀਆਂ ਹੋਈਆਂ ਹਨ। ਵਿਸ਼ੇਸ਼ ਬੱਸਾਂ ਤਿਆਰ ਕੀਤੀਆਂ ਗਈਆਂ ਹਨ। ਇਹ ਵੀ ਪਤਾ ਲੱਗਾ ਹੈ ਕਿ ਪਾਕਿਸਤਾਨ ਦੇ ਜ਼ਿਲ੍ਹਾ ਨਾਰੋਵਾਲ ਵਿੱਚ ਕਰਤਾਰਪੁਰ ਸਾਹਿਬ ਲਾਂਘੇ ਦੀ ਚਲ ਰਹੀ ਉਸਾਰੀ ਦੌਰਾਨ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਨਾਲ ਗੁਰੂ ਨਾਨਕ ਦੇਵ ਜੀ ਦੇ ਖੇਤਾਂ ਵਿੱਚ ਵਿਸ਼ਵ ਦਾ ਸਭ ਤੋਂ ਵੱਡਾ ਖੰਡਾ ਅਤੇ ਗੁਰਦੁਆਰਾ ਸਾਹਿਬ ਵਿੱਚ ਡੇਢ ਤੋਂ ਦੋ ਸੌ ਫੁੱਟ ਉੱਚਾ ਨਿਸ਼ਾਨ ਸਾਹਿਬ ਸਥਾਪਿਤ ਕੀਤਾ ਜਾਵੇਗਾ। ਗੁਰੂ ਸਾਹਿਬ ਦੇ ਖੇਤਾਂ ਵਿੱਚ ਸੰਗਤ ਦੇ ਲੰਗਰ ਲਈ ਬਿਨਾ ਖਾਦ ਵਾਲੀਆਂ ਸਬਜ਼ੀਆਂ ਦੀਆਂ ਫ਼ਸਲਾਂ ਤਿਆਰ ਕੀਤੀਆਂ ਜਾ ਰਹੀਆਂ ਹਨ। ਚਾਰ ਚੁਫੇਰੇ ਖੁਸ਼ਬੂਦਾਰ ਫੁੱਲ ਉਗਾਏ ਜਾ ਰਹੇ ਹਨ। ਇਸ ਤਰ੍ਹਾਂ ਵਿਸ਼ਾਲ ਪੱਧਰ ‘ਤੇ ਪ੍ਰਬੰਧ ਕੀਤੇ ਜਾ ਰਹੇ ਹਨ।
ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ 8 ਨਵੰਬਰ ਨੂੰ ਕਰਤਾਰਪੁਰ ਲਾਂਘੇ ਦਾ ਉਦਘਾਟਨ ਕੀਤਾ ਜਾਵੇਗਾ ਜਿਸ ਦੀਆਂ ਤਿਆਰੀਆਂ ਦਾ ਜਾਇਜ਼ਾ ਕੇਂਦਰੀ ਗ੍ਰਹਿ ਸਕੱਤਰ, ਬੀ ਐੱਸ ਐਫ ਅਤੇ ਪੰਜਾਬ ਪੁਲਿਸ ਦੇ ਉੱਚ ਅਧਿਕਾਰੀਆਂ ਵਲੋਂ ਲਿਆ ਗਿਆ ਹੈ।
ਇਕ ਪਾਸੇ ਇਸ ਦਿਹਾੜੇ ਨੂੰ ਮਨਾਉਣ ਲਈ ਸੰਗਤ ਪਲ ਪਲ ਉਡੀਕ ਰਹੀ ਹੈ ਦੂਜੇ ਪਾਸੇ 12 ਨਵੰਬਰ ਨੂੰ ਪ੍ਰਕਾਸ਼ ਪੁਰਬ ਦਾ ਮੁੱਖ ਸਮਾਗਮ ਨੂੰ ਇਕ ਮੰਚ ‘ਤੇ ਮਨਾਉਣ ਦਾ ਰੇੜਕਾ ਬਰਕਰਾਰ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਸੁਨੇਹਾ ਲੈ ਕੇ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਕੋਲ ਪੁੱਜੇ ਦੋ ਮੰਤਰੀਆਂ ਦੇ ਵਫ਼ਦ ਜਿਸ ਵਿਚ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਸੁਖਜਿੰਦਰ ਸਿੰਘ ਰੰਧਾਵਾ ਨੇ ਉਹਨਾਂ ਨਾਲ ਮੁਲਾਕਾਤ ਕਰਕੇ ਕਹਿ ਦਿੱਤਾ ਕਿ ਸਰਕਾਰ ਨੂੰ ਅਕਾਲ ਤਖ਼ਤ ਦੇ ਜਥੇਦਾਰ ਸਾਹਿਬ ਦਾ ਫੈਸਲਾ ਮਨਜ਼ੂਰ ਹੈ। ਗੱਲ ਇਥੋਂ ਤਕ ਪਹੁੰਚ ਗਈ ਹੈ ਪਰ ਹੁਣ ਦੇਖਣਾ ਇਹ ਹੈ ਕਿ ਇਸ ਤੋਂ ਅੱਗੇ ਕਿਹੜੀ ਸਿਆਸਤ ਹੋਵੇਗੀ। ਅਕਾਲੀਆਂ ਅਤੇ ਕਾਂਗਰਸੀ ਨੇਤਾਵਾਂ ਵਿਚਕਾਰ ਗੁਰੂ ਦੇ ਮਹਾਨ ਦਿਹਾੜੇ ਮੌਕੇ ਕੀਤੀ ਜਾ ਰਹੀ ਸਿਆਸਤ ‘ਤੇ ਸਿੱਖ ਸੰਗਤ ਨੂੰ ਦੁੱਖ ਪਹੁੰਚ ਰਿਹਾ ਹੈ ਤੇ ਉਹ ਇਨ੍ਹਾਂ ਨੂੰ ਮਾਫ ਕਰਨ ਦੇ ਰੌਂਅ ਵਿੱਚ ਨਹੀਂ ਹੈ।
-ਅਵਤਾਰ ਸਿੰਘ
-ਸੀਨੀਅਰ ਪੱਤਰਕਾਰ