ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਪ੍ਰਕਾਸ਼ ਪੁਰਬ ਦੇ ਸੰਬੰਧ ਵਿੱਚ ਬੂਟੇ ਲਾਏ

TeamGlobalPunjab
2 Min Read

ਚੰਡੀਗੜ੍ਹ, (ਅਵਤਾਰ ਸਿੰਘ): ਪੀ.ਏ.ਯੂ., ਲੁਧਿਆਣਾ ਵਿੱਚ ਅੱਜ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 400ਵੇਂ ਪ੍ਰਕਾਸ਼ ਉਤਸਵ ਦੇ ਸੰਬੰਧ ਵਿੱਚ ਇੱਕ ਸੰਖੇਪ ਸਮਾਗਮ ਵਿੱਚ ਬੂਟੇ ਲਾਏ ਗਏ। ਗੇਟ ਨੰ.1 ਦੇ ਨੇੜੇ 400 ਬੂਟਿਆਂ ਦੇ ‘ਸੂਖਮ ਜੰਗਲ’ ਤਹਿਤ ਬੂਟੇ ਲਾਉਣ ਦਾ ਉਦਘਾਟਨ ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਬਲਦੇਵ ਸਿੰਘ ਢਿੱਲੋਂ ਨੇ ਕੀਤਾ। ਇਸ ਮੌਕੇ ਡਾ. ਢਿੱਲੋਂ ਨੇ ਕਿਹਾ ਕਿ ਮਹਾਨ ਪੁਰਖਾਂ ਨੂੰ ਯਾਦ ਕਰਨ ਦਾ ਇਸ ਤੋਂ ਬਿਹਤਰ ਕੋਈ ਤਰੀਕਾ ਨਹੀਂ ਹੋ ਸਕਦਾ ਕਿ ਉਹਨਾਂ ਦੀ ਯਾਦ ਵਿੱਚ ਰੁੱਖ ਲਾਏ ਜਾਣ। ਡਾ. ਢਿੱਲੋਂ ਨੇ ਸਮੂਹ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਆਸ-ਪਾਸ ਵੱਧ ਤੋਂ ਵੱਧ ਰੁੱਖ ਲਾ ਕੇ ਵਾਤਾਵਰਨ ਦੀ ਸੰਭਾਲ ਲਈ ਯੋਗਦਾਨ ਦੇਣ। ਉਹਨਾਂ ਇਹ ਵੀ ਕਿਹਾ ਕਿ ਪੰਜਾਬ ਦੀ ਧਰਤੀ ਦੇ ਦੇਸੀ ਰੁੱਖਾਂ ਨੂੰ ਲਾਉਣ ਲਈ ਪਹਿਲ ਦੇਣੀ ਚਾਹੀਦੀ ਹੈ।

ਇਹ ਸਮਾਗਮ ਪੰਜਾਬ ਰਾਜ ਜੰਗਲਾਤ ਅਤੇ ਜੰਗਲੀ ਜੀਵਨ ਸੰਭਾਲ ਵਿਭਾਗ ਦੀ ਲੁਧਿਆਣਾ ਇਕਾਈ ਦੇ ਸਹਿਯੋਗ ਨਾਲ ਹੋਇਆ। ਇਸ ਵਿੱਚ 54 ਦੇਸੀ ਕਿਸਮਾਂ ਦੇ 400 ਬੂਟੇ ਲਾਏ ਗਏ ਜਿਨਾਂ ਵਿੱਚ ਟਾਹਲੀ, ਕਿੱਕਰ, ਨਿੰਮ, ਡੇਕ, ਖਰੜ, ਬਹੇੜਾ, ਅਰਜੁਨ, ਸੁਹਾਂਜਣਾ, ਸਿੰਮਲ, ਇਮਲੀ, ਲਸੂੜਾ, ਢੇਹੂ, ਸਰੀਂਹ, ਬਿੱਲ, ਢੱਕ, ਤੂਤ ਆਦਿ ਪ੍ਰਮੁੱਖ ਹਨ। ਯੂਨੀਵਰਸਿਟੀ ਦੇ ਗੇਟ ਨੰ.1 ਨੇੜੇ ਦੇਸੀ ਪ੍ਰਜਾਤੀਆਂ ਦੇ ਇਹਨਾਂ ਰੁੱਖਾਂ ਦਾ ਲੱਗਣਾ ਆਕਸੀਜਨ ਪਾਰਕ ਵਾਂਗ ਵਿਕਸਿਤ ਹੋਵੇਗਾ। ਲੁਧਿਆਣਾ ਡਵੀਜ਼ਨ ਦੇ ਜੰਗਲਾਤ ਅਧਿਕਾਰੀ ਸ੍ਰੀ ਹਰਭਜਨ ਸਿੰਘ ਨੇ ਇਹਨਾਂ ਬੂਟਿਆਂ ਨੂੰ ਲਾਉਣ ਲਈ ਉਪਲੱਬਧ ਕਰਵਾਇਆ। ਇਸ ਮੌਕੇ ਪੀ.ਏ.ਯੂ. ਦੇ ਉੱਚ ਅਧਿਕਾਰੀ ਵੀ ਮੌਜੂਦ ਸਨ।

Share this Article
Leave a comment