ਜਗਤਾਰ ਸਿੰਘ ਸਿੱਧੂ
-ਸੀਨੀਅਰ ਪੱਤਰਕਾਰ
ਚੰਡੀਗੜ੍ਹ : ਬਾਬੇ ਨਾਨਕ ਦੇ 550 ਸਾਲਾ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਅੱਜ ਜਦੋਂ ਕਰਤਾਰਪੁਰ ਲਾਂਘਾ ਖੁੱਲ੍ਹਿਆ ਤਾਂ ਉਸ ਵੇਲੇ ਭਾਰਤ ਵਾਲੇ ਪਾਸੇ ਤੋਂ ਜਿਹੜਾ ਪਹਿਲਾ ਵੱਡਾ ਵਫਦ ਗਿਆ ਉਸ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਉਨ੍ਹਾਂ ਦੇ ਕਈ ਮੰਤਰੀ, ਵਿਧਾਇਕ, ਪਾਰਲੀਮੈਂਟ ਮੈਂਬਰ ਅਤੇ ਕਈ ਧਾਰਮਿਕ ਹਸਤੀਆਂ ਵੀ ਸ਼ਾਮਲ ਸਨ। ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਵੀ ਸ਼ਾਮਲ ਸਨ।
ਪਹਿਲੇ ਜਥੇ ਦੀ ਅਗਵਾਈ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕੀਤੀ। ਜਥੇ ਨੂੰ ਵਿਦਾਇਗੀ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦਿੱਤੀ ਗਈ। ਇਸ ਮੌਕੇ ਦਾ ਇੱਕ ਅਹਿਮ ਪਹਿਲੂ ਇਹ ਵੀ ਸੀ ਕਿ ਕੈਪਟਨ ਅਮਰਿੰਦਰ ਸਿੰਘ ਅਤੇ ਡਾ. ਮਨਮੋਹਨ ਸਿੰਘ ਨੂੰ ਛੱਡਕੇ ਹੋਰ ਕਿਸੇ ਨਾਲ ਸਕਿਊਰਿਟੀ ਦਾ ਇੱਕ ਵੀ ਜਬਾਨ ਨਹੀਂ ਸੀ। ਵਿਧਾਇਕ ਅਤੇ ਹੋਰ ਵੱਡੇ ਆਗੂ ਸੁਰੱਖਿਆ ਦਸਤਿਆਂ ਦੀ ਫੌਜ ਤੋਂ ਵਗੈਰ ਕਿਧਰੇ ਜਾਣ ਦੇ ਆਦੀ ਨਹੀਂ ਹਨ। ਜਦੋਂ ਉਹ ਪਾਕਿਸਤਾਨ ਵਾਲੇ ਪਾਸੇ ਪਹੁੰਚੇ ਤਾਂ ਆਮ ਸਿੱਖ ਸਰਧਾਲੂਆਂ ਦੀ ਤਰ੍ਹਾਂ ਹੀ ਘੁੰਮ ਰਹੇ ਸਨ।
ਭੀੜ ਵਿੱਚ ਕਈਆਂ ਨੂੰ ਧੱਕੇ ਵੀ ਪਏ। ਇਹ ਬਾਬੇ ਨਾਨਕ ਦਾ ਕ੍ਰਿਸ਼ਮਾ ਹੀ ਕਿਹਾ ਜਾ ਸਕਦਾ ਹੈ ਕਿ ਆਗੂਆਂ ਨੇ ਵੀ ਸੁਰੱਖਿਆ ਫੌਜ ਤੋਂ ਬਗੈਰ ਘੁੰਮਣਾ ਪਿਆ। ਇਸੇ ਤਰ੍ਹਾਂ ਸਹੀ ਅਰਥਾਂ ਵਿੱਚ ਉਨ੍ਹਾਂ ਨੂੰ ਬਾਬੇ ਨਾਨਕ ਦੇ ਦਰ ‘ਤੇ ਹਲੀਮੀ ਨਾਲ ਜਾਣ ਦਾ ਮੌਕਾ ਵੀ ਮਿਲਿਆ। ਇਹ ਵੀ ਨਜ਼ਰ ਆ ਰਿਹਾ ਸੀ ਕਿ ਜਿਹੜੇ ਵੱਖ ਵੱਖ ਜਥਿਆਂ ਧੜਿਆਂ ਵਿੱਚ ਜਾਣ ਦੇ ਦਾਅਵੇ ਕਰਦੇ ਸਨ, ਕਰਤਾਰਪੁਰ ਦੀ ਪਵਿੱਤਰ ਧਰਤੀ ‘ਤੇ ਉਹ ਸਾਰੇ ਧੜੇ ਟੁੱਟੇ ਹੋਏ ਨਜਰ ਆ ਰਹੇ ਸਨ। ਸਾਰੇ ਰਲੇ ਮਿਲੇ ਘੁੰਮ ਰਹੇ ਸਨ ਅਤੇ ਚਿਹਰਿਆਂ ਤੋਂ ਕੁੜੱਤਣ ਦੀਆਂ ਲਕੀਰਾਂ ਵੀਖ ਗਾਇਬ ਸਨ।