ਚੰਡੀਗੜ੍ਹ ( ਦਰਸ਼ਨ ਸਿੰਘ ਖੋਖਰ ): ਭਾਰਤੀ ਜਨਤਾ ਪਾਰਟੀ ਦੀ ਪੰਜਾਬ ਇਕਾਈ ਦੇ ਯੁਵਾ ਮੋਰਚਾ ਵੱਲੋਂ ਅੱਜ ਚੰਡੀਗੜ੍ਹ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਘਿਰਾਓ ਕਰਨ ਜਾਣਾ ਸੀ, ਪਰ ਉਨ੍ਹਾਂ ਨੂੰ ਚੰਡੀਗੜ੍ਹ ਪੁਲਿਸ ਨੇ ਸੈਕਟਰ 17 ‘ਚ ਹੀ ਬੈਰੀਕੇਡਿੰਗ ਕਰ ਕੇ ਰੋਕ ਲਿਆ। ਜਦੋਂ ਉਨ੍ਹਾਂ ਬੈਰੀਕੇਡ ਤੋੜਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ‘ਤੇ ਪਾਣੀ ਦੀਆਂ ਬੁਛਾੜਾਂ ਛੱਡੀਆਂ , ਲਾਠੀਚਾਰਜ ਕੀਤਾ ਗਿਆ ਅਤੇ ਅੱਥਰੂ ਗੈਸ ਦੇ ਗੋਲੇ ਦਾਗੇ ਗਏ।
ਲੰਮੀ ਖਿੱਚੋਤਾਣ ਤੋਂ ਬਾਅਦ ਕੁਝ ਵਰਕਰਾਂ ਨੂੰ ਹਿਰਾਸਤ ਵਿੱਚ ਲੈ ਲਿਆ ਅਤੇ ਬੱਸਾਂ ਵਿੱਚ ਬਿਠਾ ਲਿਆ, ਪਰ ਬਹੁਤੇ ਵਰਕਰ ਬੱਸਾਂ ਦੇ ਮੂਹਰੇ ਬੈਠ ਕੇ ਵਿਰੋਧ ਕਰਦੇ ਰਹੇ ਤੇ ਅਖੀਰ ਉਨ੍ਹਾਂ ਨੂੰ ਸਾਰਿਆਂ ਨੂੰ ਸੈਕਟਰ 17 ਦੇ ਠਾਣੇ ‘ਚ ਲਿਜਾ ਕੇ ਬੰਦ ਕਰ ਦਿੱਤਾ ਗਿਆ। ਜਿੱਥੋਂ ਕਿ ਇੱਕ ਵਫਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਰਕਾਰੀ ਨਿਵਾਸ ‘ਤੇ ਮੰਗ ਪੱਤਰ ਦੇ ਕੇ ਆਇਆ।
ਯੁਵਾ ਮੋਰਚਾ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਕੈਪਟਨ ਅਮਰਿੰਦਰ ਸਿੰਘ ਕੀਤੇ ਵਾਅਦੇ ਮੁਤਾਬਕ ਪੰਜਾਬ ‘ਚੋਂ ਨਸ਼ਿਆਂ ਦਾ ਖਾਤਮਾ ਕਰਨ। ਰੋਸ ਵਿਖਾਵਾ ਕਰਨ ਆਏ ਕਈ ਆਗੂਆਂ ਨੇ ਕਿਹਾ ਕਿ ਪੰਜਾਬ ਵਿੱਚ ਅਜੇ ਵੀ ਨਸ਼ੇ ਪਹਿਲਾਂ ਦੀ ਤਰ੍ਹਾਂ ਹੀ ਚੱਲ ਰਹੇ ਹਨ। ਇਹ ਨਸ਼ੇ ਜਵਾਨੀ ਨੂੰ ਖਾ ਗਏ ਹਨ ਅਤੇ ਇਕ ਲੱਖ ਤੋਂ ਵੱਧ ਜਾਨਾਂ ਨਸ਼ਿਆਂ ਕਾਰਨ ਪੰਜਾਬ ਵਿੱਚ ਚਲੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਉਹ ਨਸ਼ਿਆਂ ਨਾਲ ਸਬੰਧਤ ਵਾਅਦਾ ਯਾਦ ਕਰਵਾਉਣ ਆਏ ਸਨ, ਪਰ ਚੰਡੀਗੜ੍ਹ ਪੁਲਿਸ ਨੇ ਉਨ੍ਹਾਂ ਨੂੰ ਅੱਗੇ ਜਾਣ ਤੋਂ ਰੋਕ ਲਿਆ। ਆਗੂਆਂ ਦਾ ਕਹਿਣਾ ਸੀ ਕਿ ਪੰਜਾਬ ਦੇ ਹੋਰਨਾਂ ਮੁੱਦਿਆਂ ਨੂੰ ਲੈ ਕੇ ਵੀ ਉਹ ਆਉਣ ਵਾਲੇ ਸਮੇਂ ਵਿਚ ਸੰਘਰਸ਼ ਕਰਦੇ ਰਹਿਣਗੇ।
ਅਸਲ ਵਿੱਚ ਸੱਤਾਧਾਰੀਆਂ ਖ਼ਿਲਾਫ਼ ਸਾਰੀਆਂ ਹੀ ਵਿਰੋਧੀ ਧਿਰਾਂ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਸਰਗਰਮ ਹੋ ਗਈਆਂ ਹਨ ਅਤੇ ਗਰਮੀ ਦੇ ਇਸ ਮੌਸਮ ਵਿੱਚ ਪੰਜਾਬ ਦੀ ਸਿਆਸਤ ਵੀ ਗਰਮਾ ਗਈ ਹੈ।