ਨਵੀਂ ਦਿੱਲੀ : 26 ਜਨਵਰੀ ਦੀ ਘਟਨਾ ਤੋਂ ਬਾਅਦ ਖੇਤੀ ਕਾਨੂੰਨ ਦੇ ਖ਼ਿਲਾਫ਼ ਜਾਰੀ ਕਿਸਾਨ ਅੰਦੋਲਨ ਨੂੰ ਲੈ ਕੇ ਗੰਭੀਰਤਾ ਦੇਖਣ ਨੂੰ ਮਿਲ ਰਹੀ ਹੈ। ਇਸ ਵਿਚਾਲੇ ਪੱਛਮੀ ਉੱਤਰ ਪ੍ਰਦੇਸ਼ ਦੇ ਬਾਗਪਤ ‘ਚ ਇਕ ਨੈਸ਼ਨਲ ਹਾਈਵੇ ‘ਤੇ ਪ੍ਰਦਰਸ਼ਨਕਾਰੀ ਕਿਸਾਨਾਂ ਨੂੰ ਪੁਲਿਸ ਵੱਲੋਂ ਹਟਾਉਣ ਦੀ ਖਬਰ ਸਾਹਮਣੇ ਆ ਰਹੀ ਹੈ। ਜਾਣਕਾਰੀ ਮੁਤਾਬਕ ਬੀਤੀ ਰਾਤ ਨੂੰ ਉੱਤਰ ਪ੍ਰਦੇਸ਼ ਪੁਲਿਸ ਨੇ ਇਨ੍ਹਾਂ ਕਿਸਾਨਾਂ ਨੂੰ ਇੱਥੋਂ ਜਬਰੀ ਖਦੇੜ ਦਿੱਤਾ। ਕਿਸਾਨਾਂ ਨੂੰ ਹਟਾਏ ਜਾਣ ਨੂੰ ਲੈ ਕੇ ਪੁਲਿਸ ਨੇ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਦੇ ਇਕ ਨੋਟਿਸ ਦਾ ਹਵਾਲਾ ਦਿੱਤਾ।
ਪੁਲਿਸ ਨੇ ਐੱਨ.ਐੱਚ.ਏ.ਆਈ ਦੇ ਇਸ ਨੋਟਿਸ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਹਾਈਵੇਅ ਦੇ ਨਿਰਮਾਣ ਸਬੰਧੀ ਕਿਸਾਨਾਂ ਦੇ ਧਰਨੇ ਕਾਰਨ ਦੇਰੀ ਹੋ ਰਹੀ ਸੀ। ਬੁੱਧਵਾਰ ਦੇਰ ਰਾਤ ਇਸ ਘਟਨਾ ਦੀਆਂ ਤਸਵੀਰਾਂ ਹੁਣ ਸਾਹਮਣੇ ਆ ਰਹੀਆਂ ਹਨ। ਜਿਸ ਵਿਚ ਦੇਖਿਆ ਜਾ ਸਕਦਾ ਹੈ ਕਿ ਪੁਲਿਸ ਟੈਂਟ ‘ਚ ਬੈਠੇ ਲੋਕਾਂ ਨੂੰ ਕਿਵੇਂ ਭਜਾ ਰਹੀ ਹੈ। ਪਰ ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਪ੍ਰਦਰਸ਼ਨਕਾਰੀਆਂ ਨੂੰ ਬਲ ਦਾ ਪ੍ਰਯੋਗ ਕਰਕੇ ਨਹੀਂ ਹਟਾਇਆ।
ਮਿਲੀ ਜਾਣਕਾਰੀ ਮੁਤਾਬਕ ਬਾਗਪਤ ਦੇ ਏਡੀਐਮ ਅਮਿਤ ਕੁਮਾਰ ਸਿੰਘ ਨੇ ਕਿਹਾ ਕਿ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਨੇ ਸਾਨੂੰ ਇੱਕ ਲੈਟਰ ਲਿਖਿਆ ਸੀ। ਜਿਸ ਵਿੱਚ ਇੱਥੇ ਪ੍ਰਦਰਸ਼ਨ ਦੇ ਕਾਰਨ ਚਲ ਰਹੇ ਸੜਕ ਨਿਰਮਾਣ ਵਿਚ ਦੇਰੀ ਹੋ ਰਹੀ ਸੀ। ਅਸੀਂ ਸ਼ਾਂਤਪੂਰਵਕ ਕਿਸਾਨਾਂ ਨੂੰ ਧਰਨੇ ਚੋਂ ਹਟਾਇਆ ਹੈ।