ਚੰਡੀਗੜ੍ਹ (ਬਿੰਦੂ ਸਿੰਘ ): ਸਾਲ 2015 ਦੇ ਪੁਲਿਸ ਫਾਇਰਿੰਗ ਮਾਮਲਿਆਂ ਦੀ ਜਾਂਚ ਕਰ ਰਹੀ ਇਕ ਵਿਸ਼ੇਸ਼ ਜਾਂਚ ਟੀਮ (SIT) ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੋਂ ਪੁੱਛਗਿੱਛ ਲਈ 22 ਜੂਨ ਨਿਰਧਾਰਤ ਕੀਤੀ ਹੈ। ਇਹ ਜਾਂਚ MLA ਹੋਸਟਲ ਵਿੱਚ ਕੀਤੀ ਜਾਵੇਗੀ।
ਮੰਗਲਵਾਰ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਨੂੰ ਭੇਜੇ ਇੱਕ ਸੰਚਾਰ ਵਿੱਚ, SIT ਨੇ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਦੀ ਉਮਰ ਨੂੰ ਧਿਆਨ ‘ਚ ਰਖਦਿਆਂ ਅਤੇ ਸਿਹਤ ਠੀਕ ਨਾ ਹੋਣ ਦੇ ਕਾਰਨ ਉਨ੍ਹਾਂ ਦੇ ਨਿਵਾਸ ਸਥਾਨ ‘ਤੇ ਹੀ 22 ਜੂਨ ਨੂੰ ਸਵੇਰੇ 10.30 ਵਜੇ ਕੇਸ ਦੀ ਜਾਂਚ ਦੇ ਉਦੇਸ਼ ਨਾਲ SIT ਦੌਰਾ ਕਰੇਗੀ। ਬਾਦਲ ਨੂੰ ਕਿਹਾ ਗਿਆ ਹੈ ਕਿ ਜੇਕਰ ਉਹ ਇਸ ਮਾਮਲੇ ਸਬੰਧੀ ਸਬੂਤ ਦੇ ਤੌਰ ‘ਤੇ ਕੋਈ ਦਸਤਾਵੇਜ਼ ਪੇਸ਼ ਕਰਨਾ ਚਾਹੁੰਦੇ ਹਨ ਤਾਂ ਉਹ ਉਸ ਦਿਨ ਆਪਣੇ ਕੋਲ ਰੱਖਣ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਕੋਟਕਪੂਰਾ ਗੋਲੀਕਾਂਡ ਦੀ ਜਾਂਚ ਲਈ ਗਠਿਤ ਨਵੀਂ ਜਾਂਚ ਟੀਮ ਅੱਗੇ ਪੇਸ਼ ਹੋਣ ਤੋਂ ਇਨਕਾਰ ਕਰ ਦਿੱਤਾ ਸੀ।
ਇਸ ਤੋਂ ਪਹਿਲਾਂ SIT ਨੇ ਪ੍ਰਕਾਸ਼ ਸਿੰਘ ਬਾਦਲ ਨੂੰ 16 ਜੂਨ ਨੂੰ ਮੁਹਾਲੀ ਦੇ ਇੱਕ ਰੈਸਟ ਹਾਊਸ ਵਿੱਚ ਪੇਸ਼ ਹੋਣ ਲਈ ਸੰਮਨ ਦਿੱਤਾ ਸੀ। ਹਾਲਾਂਕਿ, ਸੋਮਵਾਰ ਨੂੰ ਪ੍ਰਕਾਸ਼ ਸਿੰਘ ਬਾਦਲ ਨੇ ਪੈਨਲ ਨੂੰ ਸਿਹਤ ਦੇ ਅਧਾਰ ‘ਤੇ 16 ਜੂਨ ਨੂੰ ਇਸ ਨੂੰ ਪੂਰਾ ਕਰਨ ਵਿਚ ਅਸਮਰੱਥਾ ਜ਼ਾਹਰ ਕੀਤੀ ਸੀ ਅਤੇ ਪੇਸ਼ ਹੋਣ ਲਈ ਨਵੀਂ ਤਰੀਕ ਦੀ ਮੰਗ ਕੀਤੀ ਸੀ।