ਕੈਨੇਡਾ ਪੁਲਿਸ ਨੇ 62 ਸਾਲਾ ਮਾਨਸਿਕ ਰੋਗੀ ਨੂੰ ਮਾਰੀਆਂ ਗੋਲੀਆਂ, ਮੌਕੇ ‘ਤੇ ਮੌਤ

TeamGlobalPunjab
3 Min Read

ਮਿਸੀਸਾਗਾ: ਜੌਰਜ ਫ਼ਲਾਇਡ ਦੀ ਪੁਲਿਸ ਹੱਥੋਂ ਮੌਤ ਦਾ ਮਾਮਲਾ ਹਾਲੇ ਠੰਢਾ ਨਹੀਂ ਪਿਆ ਕਿ ਕੈਨੇਡਾ ਪੁਲਿਸ ਵੱਲੋਂ ਮਾਨਸਿਕ ਤੌਰ ਤੇ ਬਿਮਾਰ ਇਕ ਬਜ਼ੁਰਗ ਨੂੰ ਗੋਲੀ ਮਾਰ ਦਿੱਤੀ ਗਈ, ਜਿਸ ਨਾਲ ਬਜ਼ੁਰਗ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਬਜ਼ੁਰਗ ਦੀ ਪਹਿਚਾਣ 62 ਸਾਲ ਦੇ ਐਜਾਜ਼ ਚੌਧਰੀ ਵਜੋਂ ਕੀਤੀ ਗਈ ਹੈ ਤੇ ਪਰਿਵਾਰ ਵੱਲੋਂ ਮਾਮਲੇ ਦੀ ਜਾਂਚ ਦੀ ਮੰਗ ਕੀਤੀ ਜਾ ਰਹੀ ਹੈ।

ਐਜਾਜ਼ ਚੌਧਰੀ ਨੂੰ ਸ਼ਨੀਵਾਰ ਦੇਰ ਸ਼ਾਮ ਅੱਠ ਵਜੇ ਮਿਸੀਸਾਗਾ ਦੇ ਗੋਰਵੇਅ ਅਤੇ ਮੌਰਨਿੰਗ ਸਟਾਰ ਡਰਾਈਵਜ਼ ਇਲਾਕੇ ਦੇ ਇਕ ਅਪਾਰਟਮੈਂਟ ਵਿਚ ਗੋਲੀ ਮਾਰੀ ਗਈ। ਪੁਲਿਸ ਨੂੰ ਐਮਰਜੰਸੀ ਕਾਲ ਕਰਕੇ ਬੁਲਾਇਆ ਗਿਆ ਸੀ, ਪੀਲ ਰੀਜਨਲ ਪੁਲਿਸ ਦੀ ਕਾਂਸਟੇਬਲ ਸਾਰਾਹ ਪੈਟਨ ਨੇ ਦੱਸਿਆ ਕਿ ਪਹਿਲੀ ਕਾਲ ਵਿਚ ਵਿਅਕਤੀ ਦੀ ਹਾਲਤ ਦੱਸਦਿਆਂ ਕਿਹਾ ਜਾ ਰਿਹਾ ਸੀ ਕਿ ਉਹ ਆਪਣੀ ਦਵਾਈ ਨਹੀਂ ਲੈ ਰਿਹਾ।

ਜਦੋਂ ਪੁਲਿਸ ਮੌਕੇ ਤੇ ਪੁੱਜੀ ਤਾਂ ਉਸ ਨੇ ਖੁਦ ਨੂੰ ਕਮਰੇ ‘ਚ ਬੰਦ ਕਰ ਰੱਖਿਆ ਸੀ ਅਤੇ ਪੁਲਿਸ ਨੂੰ ਉਸ ਕੋਲ ਹਥਿਆਰਾਂ ਦੀ ਮੌਜੂਦਗੀ ਦਾ ਸ਼ੱਕ ਵੀ ਪੈਦਾ ਹੋਇਆ। ਉਧਰ ਐਜਾਜ਼ ਚੌਧਰੀ ਦੇ ਪਰਿਵਾਰ ਦਾ ਕਹਿਣਾ ਹੈ ਕਿ ਉਹ ਕਿਸੇ ਲਈ ਖ਼ਤਰਾ ਨਹੀਂ ਸਨ।

- Advertisement -

ਘਟਨਾ ਦੇ ਇਕ ਚਸ਼ਮਦੀਦ ਵੱਲੋਂ ਇਕ ਵੀਡੀਓ ਸੋਸ਼ਲ ਮੀਡੀਆ ‘ਤੇ ਅਪਲੋਡ ਕੀਤੀ ਗਈ ਹੈ ਜਿਸ ਵਿਚ ਪੁਲਿਸ ਪੌੜੀ ਲਾ ਕੇ ਦੂਜੀ ਮੰਜ਼ਿਲ ਤੇ ਸਥਿਤ ਅਪਾਰਟਮੈਂਟ ਵਿਚ ਦਾਖ਼ਲ ਹੋ ਰਹੇ ਹਨ। ਇਸ ਤੋਂ ਬਾਅਦ ਤਿੰਨ ਅਫ਼ਸਰ ਅਪਾਰਟਮੈਂਟ ਦੇ ਦਰਵਾਜ਼ੇ ਨੂੰ ਧੱਕੇ ਨਾਲ ਖੋਲ੍ਹਦੇ ਵੇਖੇ ਜਾ ਸਕਦੇ ਹਨ। ਕੁਝ ਦੇਰ ਬਾਅਦ ਗੋਲੀਆਂ ਚੱਲਣ ਦੀ ਆਵਾਜ਼ ਸੁਣਾਈ ਦਿੰਦੀ ਹੈ।

- Advertisement -

ਮਾਮਲੇ ਦੀ ਜਾਂਚ ਕਰ ਰਹੀ ਵਿਸ਼ੇਸ਼ ਟੀਮ ਦੇ ਅਫ਼ਸਰਾਂ ਨੇ ਕਿਹਾ ਕਿ ਐਜਾਜ਼ ਚੌਧਰੀ ਨੇ ਖੁਦ ਨੂੰ ਅਪਾਰਟਮੈਂਟ ‘ਚ ਬੰਦ ਕਰ ਲਿਆ ਸੀ ਅਤੇ ਪੁਲਿਸ ਨੂੰ ਉਸ ਦੀ ਹਾਲਤ ਬਾਰੇ ਪਤਾ ਕਰਨ ਲਈ ਬੁਲਾਇਆ ਗਿਆ ਸੀ। ਅਫ਼ਸਰਾਂ ਨੇ ਦਰਵਾਜ਼ੇ ਰਾਹੀਂ ਸੰਪਰਕ ਕੀਤਾ ਪਰ ਜਦੋਂ ਉਸ ਨੇ ਜਵਾਬ ਦੇਣਾ ਬੰਦ ਕਰ ਦਿਤਾ ਤਾਂ ਦਰਵਾਜ਼ਾ ਤੋੜਨਾ ਪਿਆ। ਐਜਾਜ਼ ਚੌਧਰੀ ਨੂੰ ਕਾਬੂ ਕਰਨ ਲਈ ਐਨਰਜੀ ਵੈਪਨ ਦੀ ਵਰਤੋਂ ਕੀਤੀ ਗਈ ਪਰ ਕੋਈ ਅਸਰ ਨਾ ਹੋਇਆ। ਇਸ ਤੋਂ ਬਾਅਦ ਇਕ ਅਫ਼ਸਰ ਨੇ ਗੋਲੀਆਂ ਚਲਾ ਦਿੱਤੀਆਂ ਅਤੇ ਐਜਾਜ਼ ਚੌਧਰੀ ਦੀ ਮੌਕੇ ਤੇ ਹੀ ਮੌਤ ਹੋ ਗਈ।

ਇਸ ਘਟਨਾ ਤੋਂ ਬਾਅਦ ਲੋਕਾਂ ਵੱਲੋਂ ਪੁਲਿਸ ਖਿਲਾਫ ਪ੍ਰਦਰਸ਼ਨ ਕੀਤੇ ਜਾ ਰਹੇ ਹਨ ਅਤੇ ਦੋਸ਼ੀ ਪੁਲਿਸ ਅਧਿਕਾਰੀਆਂ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ।

Share this Article
Leave a comment