ਅੰਮ੍ਰਿਤਸਰ: ਵਿਵਾਦਿਤ ਪ੍ਰਚਾਰਕ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਅਤੇ ਇਸ ਦੇ ਜਥੇਦਾਰ ਪ੍ਰਤੀ ਕੀਤੀਆਂ ਗਈਆਂ ਗਲਤ ਟਿੱਪਣੀਆਂ ਦਾ ਮਾਮਲਾ ਕਾਨੂੰਨੀ ਰੁਖ ਅਖ਼ਤਿਆਰ ਕਰਨ ਜਾ ਰਿਹਾ ਹੈ। ਭਾਈ ਢੱਡਰੀਆਂ ਵਾਲਾ ਅਤੇ ਉਸ ਦੇ ਨਜ਼ਦੀਕੀ ਸਾਥੀ ਵਿਕਰਮ ਸਿੰਘ ਬਬੇਹਾਲੀ ਖ਼ਿਲਾਫ਼ ਕਾਨੂੰਨੀ ਕਾਰਵਾਈ ਲਈ ਪੁਲੀਸ ਕਮਿਸ਼ਨਰ ਡਾ: ਸੁਖਚੈਨ ਸਿੰਘ ਗਿੱਲ ਨੂੰ ਪੰਥਕ ਆਗੂ ਤੇ ਸ਼੍ਰੋਮਣੀ ਕਮੇਟੀ ਪਰਮ ਪ੍ਰਚਾਰ ਕਮੇਟੀ ਮੈਂਬਰ ਭਾਈ ਅਜੈਬ ਸਿੰਘ ਅਭਿਆਸੀ, ਸ਼੍ਰੋਮਣੀ ਕਮੇਟੀ ਮੈਂਬਰ ਐਡਵੋਕੇਟ ਭਗਵੰਤ ਸਿੰਘ ਸਿਆਲਕਾ ਦੀ ਮੌਜੂਦਗੀ ਵਿਚ ਪ੍ਰੋ: ਸਰਚਾਂਦ ਸਿੰਘ ਅਤੇ ਸ਼ਮਸ਼ੇਰ ਸਿੰਘ ਜੇਠੂਵਾਲ ਵੱਲੋਂ ਦਰਖਾਸਤਾਂ ਦਿੱਤੀਆਂ ਗਈਆਂ।
ਇਸ ਮੌਕੇ ਆਗੂਆਂ ਨੇ ਵਿਰਾਸਤੀ ਮਾਰਗ ਤੋਂ ਬੁਤ ਤੋੜਨ ਦੇ ਮਾਮਲੇ ‘ਚ ਸ਼ਾਮਲ ਸਿਖ ਨੌਜਵਾਨਾਂ ਨੂੰ ਬਿਨਾ ਸ਼ਰਤ ਰਿਹਾਅ ਕਰਨ ਦੀ ਵੀ ਮੰਗ ਕੀਤੀ ਗਈ। ਪ੍ਰੈੱਸ
ਨਾਲ ਗਲ ਕਰਦਿਆਂ ਪ੍ਰੋ: ਸਰਚਾਂਦ ਸਿੰਘ ਅਤੇ ਐਡਵੋਕੇਟ ਸਿਆਲਕਾ ਨੇ ਦਸਿਆ ਕਿ ਪੁਲੀਸ ਕਮਿਸ਼ਨਰ ਨੇ ਉਨ੍ਹਾਂ ਨੂੰ ਬਹੁਤ ਧਿਆਨ ਨਾਲ ਸੁਣਿਆ ਅਤੇ ਆਸ ਹੈ ਕਿ ਪੁਲੀਸ ਭਾਈ ਢੱਡਰੀਆਂ ਵਾਲੇ ਖ਼ਿਲਾਫ਼ ਬਣਦੀ ਕਾਰਵਾਈ ਕਰੇਗੀ।
ਪ੍ਰੋ: ਸਰਚਾਂਦ ਸਿੰਘ ਨੂੰ ਭਾਈ ਢੱਡਰੀਆਂ ਵਾਲਾ ਵੱਲੋਂ ਉਨ੍ਹਾਂ ਖ਼ਿਲਾਫ਼ ਵਰਦੀ ਗਈ ਭਾਸ਼ਾ ਬਾਰੇ ਪੁੱਛੇ ਜਾਣ ‘ਤੇ ਉਨ੍ਹਾਂ ਕਿਹਾ ਕਿ ਉਹ ਗੁਰੂਘਰ ਦਾ ਕੂਕਰ ਹੈ, ਉਸ ਖ਼ਿਲਾਫ਼ ਕੁੱਝ ਵੀ ਕਹਿ ਲਵੇ ਕੋਈ ਗਲ ਨਹੀਂ ਪਰ ਗੁਰੂਘਰ ਪ੍ਰਤੀ ਭੱਦੀ ਸ਼ਬਦਾਵਲੀ ਉਹ ਬਰਦਾਸ਼ਤ ਨਹੀਂ ਕਰਨਗੇ।
ਉਨ੍ਹਾਂ ਕਿਹਾ ਕਿ ਢੱਡਰੀਆਂ ਵਾਲਾ ਆਪਣੇ ਕੀਤੇ ਕੌਲ ਤੋਂ ਮੁਕਰਨ ਅਤੇ ਝੂਠ ਦਾ ਪਰਦਾਫਾਸ਼ ਹੋਣ ਨਾਲ ਬੌਖਲਾਹਟ ‘ਚ ਹਨ ਅਤੇ ਆਪਣੀ ਭਾਸ਼ਾ ਵਿਚ ਬਿਮਾਰ ਮਾਨਸਿਕਤਾ ਅਤੇ ਹੰਕਾਰ ਦਾ ਪ੍ਰਗਟਾਵਾ ਕਰ ਰਹੇ ਹਨ, ਉਨ੍ਹਾਂ ਨੂੰ ਚੰਗੇ ਡਾਕਟਰਾਂ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਲੋਕ ਸਮਝ ਰਹੇ ਹਨ ਕਿ ਢੱਡਰੀਆਂ ਵਾਲਾ ਬਾਬਾ ਨੰ: ੧ ਨਹੀਂ ਸਗੋਂ ਝੂਠਾ ਨੰਬਰ ੧ ਹੈ। ਉਨ੍ਹਾਂ ਕਿਹਾ ਕਿ ਰਣਜੀਤ ਸਿੰਘ ਢੱਡਰੀਆਂ ਵਾਲਾ ਪਿਛਲੇ ਲੰਮੇ ਸਮੇਂ ਤੋਂ ਸਿੱਖ ਗੁਰੂ ਸਾਹਿਬਾਨ, ਸਿੱਖ ਸਿਧਾਂਤ, ਸਿੱਖ ਫ਼ਲਸਫ਼ੇ ਪ੍ਰਤੀ ਗਲਤ ਭਾਵਨਾ ਤਹਿਤ ਪ੍ਰਚਾਰ ਕਰ ਰਿਹਾ ਹੈ।
ਉੱਥੇ ਹੀ ਉਸ ਨੇ ਸਿੱਖ ਧਰਮ ਦੀ ਅਹਿਮ ਸਰਵ ਉਚ ਸੰਸਥਾ ਸ੍ਰੀ ਅਕਾਲ ਤਖਤ ਸਾਹਿਬ ਅਤੇ ਇਸ ਦੇ ਸਨਮਾਨਯੋਗ ਜਥੇਦਾਰ ਪ੍ਰਣਾਲੀ ਸਬੰਧੀ ਆਪਣੀ ਘਟੀਆ ਸੋਚ ਦਾ ਪ੍ਰਗਟਾਵਾ ਕੀਤਾ ਹੈ ਜਿਸ ਨੇ ਕਿ ਸਿਖ ਹਿਰਦਿਆਂ ਨੂੰ ਗਹਿਰੀ ਠੇਸ ਪਹੁੰਚਾਈ ਹੈ। ਆਪਣੇ ਚੈਨਲਾਂ ਰਾਹੀ ਇਹਨਾਂ ਟਿੱਪਣੀਆਂ ਅਤੇ ਕਾਰਵਾਈਆਂ ਨਾਲ ਨਾ ਕੇਵਲ ਸਿੱਖ ਸੰਗਤ ਵਿਚ ਆਪਸੀ ਦੁਸ਼ਮਣੀ ਪੈਦਾ ਕਰ ਰਿਹਾ ਹੈ ਜੋ ਕਿਸੇ ਵੇਲੇ ਵੀ ਖ਼ਾਨਾ-ਜੰਗੀ ਦਾ ਰੂਪ ਧਾਰਨ ਕਰ ਸਕਦੀ ਹੈ।
ਸਗੋਂ ਸਮਾਜ ਦੇ ਹੋਰ ਭਾਈਚਾਰਿਆਂ ਵਿਚ ਵੀ ਟਕਰਾ ਦੇ ਹਾਲਾਤ ਪੈਦਾ ਹੋ ਸਕਦੇ ਹਨ। ਇਸ ਪ੍ਰਤੀ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਸਰਕਾਰ ਉਪਰੋਕਤ ਦੇ ਇਸ ਤਰਾਂ ਦੇ ਧਰਮ ਵਿਰੋਧੀ ਭੜਕਾਊ, ਭੱਦੀ ਤੇ ਘਟੀਆ ਪ੍ਰਚਾਰ ਨੂੰ ਬੰਦ ਕਰਵਾਏ ਤੇ ਉਸ ਵੱਲੋਂ ਹੁਣ ਤੱਕ ਕੀਤੇ ਅਜਿਹੇ ਕੂੜ ਪ੍ਰਚਾਰ ਤੇ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਜ਼ਖਮੀ ਕਰਨ ਲਈ ਕੀਤੇ ਜੁਰਮ ਵਾਸਤੇ ਕੇਸ ਦਰਜ ਕਰੇ। ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਸਿੱਖ ਕੌਮ ਦਾ ਸਰਵ ਉੱਚ ਸਥਾਨ ਹੈ। ਜਿਸ ਦੀ ਸਿਰਜਣਾ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਜੀ ਦੁਆਰਾਂ ਕੀਤੀ ਗਈ।
ਗੁਰਮਤਿ ਵਿਚਾਰਧਾਰਾ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਸਿਧਾਂਤ, ਸੰਸਥਾ ਅਤੇ ਇਤਿਹਾਸ ਨਾਲੋਂ ਨਿਖੇੜਿਆ ਨਹੀ ਜਾ ਸਕਦਾ। ਸਿੱਖ ਪੰਥ ਲਈ ਅਕਾਲ ਤਖਤ ਸਾਹਿਬ ਇਕ ਪ੍ਰਭੂ ਸਤਾ ਸੰਪੰਨ ਸੰਸਥਾ ਹੈ। ਸਿੱਖ ਦੀ ਹੋਂਦ ਹਸਤੀ ਸ੍ਰੀ ਅਕਾਲ ਤਖਤ ਨਾਲ ਜੁੜੀ ਹੋਈ ਹੈ। ਸ੍ਰੀ ਅਕਾਲ ਤਖਤ ਸਾਹਿਬ ਪ੍ਰਤੀ ਸ਼ਰਧਾ ਅਤੇ ਸਤਿਕਾਰ ਹਰ ਗੁਰ ਸਿੱਖ ਦੇ ਹਿਰਦਿਆਂ ਵਿਚ ਹੈ। ਜਿਸ ਨੂੰ ਨਾ ਮੁਗਲ ਨਾ ਅਫ਼ਗ਼ਾਨ ਅਤੇ ਸਮੇਂ ਦੀਆਂ ਸਰਕਾਰਾਂ ਖ਼ਤਮ ਕਰ ਸਕੀਆਂ ਹਨ।
ਇਤਿਹਾਸ ਗਵਾਹ ਹੈ ਕਿ ਸਿੱਖਾਂ ਦੇ ਬਾਦਸ਼ਾਹ ਮਹਾਰਾਜਾ ਰਣਜੀਤ ਸਿੰਘ ਨੂੰ ਇੱਕ ਦੋਸ਼ ਬਦਲੇ ਸ੍ਰੀ ਅਕਾਲ ਸਾਹਿਬ ਤੇ ਇਮਲੀ ਦੇ ਦਰਖਤ ਨਾਲ ਬੰਨ੍ਹ ਕੇ ਕੋਰੜੇ ਮਾਰਨ ਦੀਆਂ ਧਮਕੀਆਂ ਸਜਾ ਦਿੱਤੀ ਗਈ, ਜੋ ਉਨ੍ਹਾਂ ਸਤਿਕਾਰ ਸਹਿਤ ਪ੍ਰਵਾਨ ਕੀਤੀ। ਜੂਨ ੧੯੮੪ ਦੇ ਘੱਲੂਘਾਰੇ ਪਿੱਛੋਂ ਦੇਸ਼ ਦੇ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਨੂੰ ਅਕਾਲ ਤਖਤ ਅੱਗੇ ਝੁਕਣਾ ਪਿਆ।
ਕੇਂਦਰੀ ਗ੍ਰਹਿ ਮੰਤਰੀ ਸ੍ਰ: ਬੂਟਾ ਸਿੰਘ ਨੇ ਵੀ ਇੱਥੇ ਆ ਕੇ ਤਨਖ਼ਾਹ ਲੁਆਈ। ਸਦੀਆਂ ਤੋ ਇੱਥੇ ਹੁੰਦੇ ਫ਼ੈਸਲਿਆਂ ਨੂੰ ਕੌਮ ਅਤੇ ਹਰ ਗੁਰ ਸਿੱਖ ਵੱਲੋਂ ਪ੍ਰਵਾਨ ਕਰਨਾ ਇਸ ਤਖਤ ਦੇ ਅਧਿਕਾਰ, ਰਾਜਨੀਤਿਕ ਅਤੇ ਸਮਾਜਿਕ ਸਰੋਕਾਰਾਂ ਨਾਲ ਸਦਾ ਵਾਬਸਤਾ ਰਿਹਾ ਅਤੇ ਹਰੇਕ ਤਰਾਂ ਦੇ ਪੰਥਕ ਮਾਮਲਿਆਂ ਦਾ ਕੌਮੀ ਪੱਧਰ ਤੇ ਅੰਤਿਮ ਫ਼ੈਸਲਾ ਪੰਜ ਸਿੰਘ ਸਾਹਿਬਾਨ ਜਾਂ ਤਖ਼ਤਾਂ ਦੇ ਜਥੇਦਾਰ ਸਾਹਿਬਾਨ ਦੁਆਰਾ ਗੁਰਮਤਿ ਦੀ ਰੌਸ਼ਨੀ ਵਿਚ ਸ੍ਰੀ ਅਕਾਲ ਤਖਤ ਸਾਹਿਬ ਤੇ ਜਾਂ ਤੋਂ ਹੁੰਦਾ ਰਿਹਾ।