ਮੋਹਾਲੀ ਤੇ ਤਰਨਤਾਰਨ ‘ਚ ਪੁਲਿਸ ਦੀ ਵੱਡੀ ਕਾਰਵਾਈ, ਮੁਠਭੇੜ ‘ਚ ਗੋਲਡੀ ਬਰਾੜ ਦੇ ਸਾਥੀਆਂ ਸਣੇ ਕਈ ਗ੍ਰਿਫ਼ਤਾਰ

Global Team
3 Min Read

ਮੋਹਾਲੀ: ਪੁਲਿਸ ਅਤੇ ਐਂਟੀ ਗੈਂਗਸਟਰ ਟਾਸਕ ਫੋਰਸ (AGTF) ਨੇ ਸਾਂਝੇ ਓਪਰੇਸ਼ਨ ‘ਚ ਗੈਂਗਸਟਰ ਮਲਕੀਅਤ ਉਰਫ਼ ਮੈਕਸੀ ਨੂੰ ਗ੍ਰਿਫ਼ਤਾਰ ਕਰ ਲਿਆ। ਇਹ ਗ੍ਰਿਫ਼ਤਾਰ ਜ਼ੀਰਕਪੁਰ-ਅੰਬਾਲਾ ਹਾਈਵੇ ‘ਤੇ ਘੱਗਰ ਪੁਲ ਦੇ ਕੋਲ ਹੋਈ, ਜਿੱਥੇ ਪੁਲਿਸ ਅਤੇ ਮੈਕਸੀ ਵਿਚਕਾਰ ਮੁਠਭੇੜ ਹੋਈ।

ਗ੍ਰਿਫ਼ਤਾਰ ਦੌਰਾਨ, ਮੈਕਸੀ ਨੇ ਪੁਲਿਸ ਹਿਰਾਸਤ ਤੋਂ ਭੱਜਣ ਦੀ ਕੋਸ਼ਿਸ਼ ਕੀਤੀ ਅਤੇ ਪੁਲਿਸ ਟੀਮ ‘ਤੇ ਗੋਲੀ ਚਲਾ ਦਿੱਤੀ। ਜਵਾਬੀ ਕਾਰਵਾਈ ‘ਚ ਪੁਲਿਸ ਨੇ ਵੀ ਗੋਲੀ ਚਲਾਈ, ਜਿਸ ਵਿਚ ਮੈਕਸੀ ਦੇ ਖੱਬੇ ਪੈਰ ‘ਚ ਗੋਲੀ ਲੱਗੀ। ਉਸ ਨੂੰ ਇਲਾਜ ਲਈ ਮੋਹਾਲੀ ਦੇ ਸਿਵਿਲ ਹਸਪਤਾਲ ‘ਚ ਦਾਖਲ ਕਰਵਾਇਆ ਗਿਆ।

ਗੋਲਡੀ ਬਰਾੜ ਅਤੇ ਗੋਲਡੀ ਢਿੱਲੋਂ ਗੈਂਗ ਦਾ ਸਰਗਰਮ ਮੈਂਬਰ

ਮੈਕਸੀ, ਗੋਲਡੀ ਬਰਾੜ ਅਤੇ ਗੋਲਡੀ ਢਿੱਲੋਂ ਦੇ ਗਿਰੋਹ ਦਾ ਸਰਗਰਮ ਮੈਂਬਰ ਹੈ ਅਤੇ ਪੰਜਾਬ ‘ਚ ਵਸੂਲੀ ਰੈਕੇਟ ਚਲਾ ਰਿਹਾ ਸੀ। ਜਨਵਰੀ 2025 ‘ਚ, ਇਸ ਗੈਂਗ ਨੇ ਮੋਹਾਲੀ ਦੇ ਇੱਕ ਪ੍ਰਾਪਰਟੀ ਡੀਲਰ ਤੋਂ 50 ਲੱਖ ਰੁਪਏ ਦੀ ਫਿਰੌਤੀ ਮੰਗੀ ਸੀ।

ਤਰਨਤਾਰਨ ‘ਚ ਪੁਲਿਸ ਅਤੇ ਗੈਂਗਸਟਰਾਂ ਵਿਚਕਾਰ ਮੁਠਭੇੜ, ਤਿੰਨ ਗ੍ਰਿਫ਼ਤਾਰ

ਤਰਨਤਾਰਨ ‘ਚ ਨੌਸ਼ਹਿਰਾ ਤੋਂ ਆ ਰਹੇ ਤਿੰਨ ਅਪਰਾਧੀਆਂ ਦਾ ਜਦੋਂ ਪੁਲਿਸ ਨੇ ਪਿੱਛਾ ਕੀਤਾ, ਤਾਂ ਉਨ੍ਹਾਂ ਨੇ ਗੋਲੀਬਾਰੀ ਕਰ ਦਿੱਤੀ। ਪੁਲਿਸ ਨੇ ਵੀ ਜਵਾਬੀ ਕਾਰਵਾਈ ‘ਚ ਗੋਲੀ ਚਲਾਈ, ਜਿਸ ਦੌਰਾਨ ਦੋ  ਗੋਲੀ ਲੱਗਣ ਕਾਰਨ ਜ਼ਖ਼ਮੀ ਹੋ ਗਏ, ਜਦਕਿ ਇੱਕ ਨੂੰ ਸੁਰੱਖਿਅਤ ਤੌਰ ‘ਤੇ ਗ੍ਰਿਫ਼ਤਾਰ ਕਰ ਲਿਆ ਗਿਆ।

ਗ੍ਰਿਫ਼ਤਾਰ ਹੋਏ ਬਦਾਮਾਸ਼ਾਂ ਦੀ ਪਹਿਚਾਣ ਅਰਸ਼ਦੀਪ ਸਿੰਘ,  ਰੋਬਿਨ ਅਤੇ  ਕਰਨਦੀਪ ਵਜੋਂ ਹੋਈ ਹੈ। ਪੁਲਿਸ ਦੀ ਸ਼ੁਰੂਆਤੀ ਜਾਂਚ ਮੁਤਾਬਕ, ਇਹ ਤਿੰਨੇ  ਖੇੜਾ ਪਿੰਡ ਤੋਂ ਨੌਸ਼ਹਿਰਾ ਵੱਲ ਜਾ ਰਹੇ ਸਨ, ਅਤੇ ਉਨ੍ਹਾਂ ਦੀ ਕਿਸੇ ਵੱਡੀ ਗੈਰਕਾਨੂੰਨੀ ਗਤੀਵਿਧੀ ਵਿੱਚ ਸ਼ਮੂਲੀਅਤ ਹੋਣ ਦੀ ਸੰਭਾਵਨਾ ਹੈ।

ਪੁਲਿਸ ਨੇ ਜਦ ਉਹਨਾਂ ਨੂੰ ਰੋਕਣ ਦਾ ਇਸ਼ਾਰਾ ਕੀਤਾ, ਤਾਂ ਉਨ੍ਹਾਂ ਨੇ ਅਚਾਨਕ ਗੋਲੀ ਚਲਾਉਣੀ ਸ਼ੁਰੂ ਕਰ ਦਿੱਤੀ। ਖ਼ੁਦ ਨੂੰ ਬਚਾਉਣ ਅਤੇ ਮੁਲਜ਼ਮਾਂ ਨੂੰ ਨਿਯੰਤਰਣ ‘ਚ ਲਿਆਉਣ ਲਈ ਪੁਲਿਸ ਨੇ ਵੀ ਜਵਾਬੀ ਗੋਲੀਬਾਰੀ ਕੀਤੀ, ਜਿਸ ਵਿੱਚ ਅਰਸ਼ਦੀਪ ਅਤੇ ਰੋਬਿਨ ਜ਼ਖ਼ਮੀ ਹੋ ਗਏ, ਜਦਕਿ ਕਰਨਦੀਪ ਨੂੰ ਸੁਰੱਖਿਅਤ ਤੌਰ ‘ਤੇ ਗ੍ਰਿਫ਼ਤਾਰ ਕਰ ਲਿਆ ਗਿਆ। ਜਖ਼ਮੀਆਂ ਨੂੰ ਨਜ਼ਦੀਕੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।

ਪੁਲਿਸ ਇਹ ਪਤਾ ਲਗਾ ਰਹੀ ਹੈ ਕਿ ਕੀ ਇਹ ਤਿੰਨੇ ਕਿਸੇ ਵੱਡੇ ਗਿਰੋਹ ਨਾਲ ਜੁੜੇ ਹੋਏ ਹਨ, ਜਾਂ ਕੋਈ ਵੱਡੀ ਸਾਜ਼ਿਸ਼ ਤਹਿਤ ਕਈ ਅਪਰਾਧਕ ਗਤੀਵਿਧੀਆਂ ਦੀ ਯੋਜਨਾ ਬਣਾਈ ਜਾ ਰਹੀ ਸੀ।

ਇਨ੍ਹਾਂ ਦੋ ਵੱਡੀਆਂ ਮੁਠਭੇੜਾਂ ਤੋਂ ਇਹ ਸਾਫ਼ ਹੋ ਜਾਂਦਾ ਹੈ ਕਿ ਪੰਜਾਬ ਪੁਲਿਸ ਗੈਂਗਸਟਰ ਗਿਰੋਹਾਂ ‘ਤੇ ਨਕੇਲ ਕੱਸਣ ਲਈ ਐਕਸ਼ਨ ਮੋਡ ‘ਚ ਹੈ। ਗੈਂਗਸਟਰਾਂ ਵੱਲੋਂ ਵਸੂਲੀ, ਧਮਕੀਆਂ ਅਤੇ ਅਪਰਾਧਕ ਗਤੀਵਿਧੀਆਂ ‘ਚ ਵਾਧਾ ਹੋਣ ਕਾਰਨ ਪੁਲਿਸ ਉਨ੍ਹਾਂ ਨੂੰ ਖ਼ਤਮ ਕਰਨ ਲਈ ਵਚਨਬੱਧ ਹੈ।

 

Share This Article
Leave a Comment