8 ਸਾਲ ‘ਚ ਕੈਨੇਡਾ ਸਿਰ ਦੁੱਗਣਾ ਹੋਇਆ ਕਰਜ਼ਾ, ਸਰਕਾਰ ਨੇ ਐਨੀ ਰਕਮ ਕਿੱਥੇ ਖਰਚ ਕੀਤੀ ? : ਪੌਇਲੀਐਵਰਾ

Prabhjot Kaur
2 Min Read

ਓਟਵਾ: ਹਾਊਸ ਆਫ਼ ਕਾਮਨਜ਼ ਦੀ ਨਵੇਂ ਸਾਲ ਦੌਰਾਨ ਹੋਈ ਪਹਿਲੀ ਬੈਠਕ ‘ਚ ਵਿਰੋਧੀ ਧਿਰ ਦੇ ਆਗੂ ਪਿਅਰੇ ਪੌਇਲੀਐਵਰਾ ਨੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ‘ਤੇ ਸਵਾਲ ਖੜ੍ਹੇ ਕੀਤੇ। ਉਨ੍ਹਾਂ ਸਵਾਲ ਚੁੱਕਦਿਆਂ ਕਿਹਾ ਕਿ ਪਿਛਲੇ 8 ਸਾਲ ‘ਚ ਕੈਨੇਡਾ ਸਿਰ ਕਰਜ਼ਾ ਦੁੱਗਣਾ ਹੋ ਗਿਆ ਹੈ, ਆਖਰਕਾਰ ਸਰਕਾਰ ਨੇ ਐਨੀ ਰਕਮ ਕਿੱਥੇ ਖਰਚ ਕੀਤੀ ਜਦਕਿ ਲੋਕ ਮਹਿੰਗਾਈ ਨਾਲ ਜੂਝ ਰਹੇ ਹਨ ਅਤੇ ਢਿੱਡ ਭਰਨ ਲਈ ਫੂਡ ਬੈਂਕਸ ਦਾ ਸਹਾਰਾ ਲੈਣਾ ਪੈ ਰਿਹਾ ਹੈ।

ਸਿਰਫ ਇਥੇ ਹੀ ਬੱਸ ਨਹੀਂ ਗਰੀਬੀ ਵਧਦੀ ਜਾ ਰਹੀ ਹੈ ਅਤੇ ਲੋਕ ਰੈਣ ਬਸੇਰਿਆਂ ਦੇ ਮੋਹਤਾਜ ਹੋ ਰਹੇ ਹਨ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸਵਾਲਾਂ ਦੇ ਜਵਾਬ ਦਿੰਦਿਆਂ ਕਿਹਾ ਕਿ ਲਿਬਰਲ ਸਰਕਾਰ 7 ਸਾਲ ਪਹਿਲਾਂ ਸੱਤਾ ‘ਚ ਆਈ ਅਤੇ ਚਾਈਲਡ ਕੇਅਰ ਬੈਨੇਫਿਟ ਵਰਗੀਆਂ ਯੋਜਨਾਵਾਂ ਰਾਹੀਂ ਘੱਟ ਆਮਦਨ ਵਾਲੇ ਅਤੇ ਮੱਧਵਰਗੀ ਪਰਿਵਾਰਾਂ ਦੀ ਮਦਦ ਕੀਤੀ। ਲਿਬਰਲ ਸਰਕਾਰ ਨੇ ਲੱਖਾਂ ਨੌਕਰੀਆਂ ਪੈਦਾ ਕੀਤੀਆਂ ਜਿਸ ਰਾਹੀਂ ਲੋਕਾਂ ਨੂੰ ਗਰੀਬੀ ‘ਚੋਂ ਬਾਹਰ ਕੱਢਣ ਵਿੱਚ ਮਦਦ ਮਿਲੀ।

ਜਸਟਿਨ ਟਰੂਡੋ ਨੇ ਕਿਹਾ ਕਿ ਲਿਬਰਲ ਸਰਕਾਰ ਦੇ ਹਰ ਲੋਕ ਪੱਖੀ ਕਦਮ ਦਾ ਕੰਜ਼ਰਵੇਟਿਵ ਪਾਰਟੀ ਨੇ ਵਿਰੋਧ ਕੀਤਾ। ਮਿਸਾਲ ਵਜੋਂ ਦੰਦਾਂ ਦਾ ਸਸਤਾ ਇਲਾਜ ਮੁਹੱਈਆ ਕਰਵਾਉਂਦਾ ਬਿੱਲ ਵੀ ਰੋਕਣ ਦੀ ਕੋਸ਼ਿਸ਼ ਕੀਤੀ ਗਈ। ਇਨ੍ਹਾਂ ਸਭ ਅੜਿੱਕਿਆਂ ਦੇ ਬਾਵਜੂਦ ਲਿਬਰਲ ਸਰਕਾਰ ਲੋਕਾਂ ਲਈ ਨਿਵੇਸ਼ ਕਰਨਾ ਜਾਰੀ ਰੱਖੇਗੀ। ਪ੍ਰਧਾਨ ਮੰਤਰੀ ਦੇ ਜਵਾਬ ਤੋਂ ਬਾਅਦ ਪਿਅਰੇ ਪੌਇਲੀਐਵਰਾ ਮੁੜ ਉੱਠੇ ਅਤੇ ਦੁਹਰਾਇਆ ਕਿ ਉਨ੍ਹਾਂ ਨੇ ਮਕਿਨਜ਼ੀ ਨੂੰ ਮਿਲੇ ਠੇਕਿਆਂ ਬਾਰੇ ਵੀ ਪੁੱਛਿਆ ਸੀ।

ਪੌਇਲੀਐਵਰਾ ਨੇ ਦੋਸ਼ ਲਾਇਆ ਕਿ ਲਿਬਰਲ ਸਰਕਾਰ ਨੇ 15 ਅਰਬ ਡਾਲਰ ਦੀ ਵੱਡੀ ਰਕਮ ਮਹਿੰਗੇ ਸਲਾਹਕਾਰਾਂ ‘ਤੇ ਖਰਚ ਕਰ ਦਿੱਤੀ। ਉਨ੍ਹਾਂ ਸਵਾਲ ਕੀਤਾ ਕਿ ਆਖਰਕਾਰ ਮਕਿਨਜ਼ੀ ਨੂੰ ਕਿੰਨੀ ਰਕਮ ਦੇ ਠੇਕੇ ਦਿੱਤੇ ਗਏ। ਜਵਾਬ ‘ਚ ਜਸਟਿਨ ਟਰੂਡੋ ਨੇ ਕਿਹਾ ਕਿ ਲੋਕ ਭਲਾਈ ਦੇ ਹਰ ਕੰਮ ਵਿਚ ਕੰਜ਼ਰੇਟਿਵ ਪਾਰਟੀ ਨੇ ਅੜਿੱਕਾ ਪਾਉਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਕਿਹਾ ਕਿ ਘੱਟ ਆਮਦਨ ਵਾਲੇ ਲੋਕਾਂ ਨੂੰ ਕਿਰਾਏ ਦੇ ਰੂਪ ‘ਚ ਇਕਮੁਸ਼ਤ ਅਦਾਇਗੀ ਕੀਤੀ ਗਈ ਜਦਕਿ 12 ਸਾਲ ਤੱਕ ਦੇ ਬੱਚਿਆਂ ਲਈ ਦੰਦਾਂ ਦਾ ਸਸਤਾ ਇਲਾਜ ਸ਼ੁਰੂ ਹੋ ਚੁੱਕਿਆ ਹੈ।

- Advertisement -

Share this Article
Leave a comment