-ਅਵਤਾਰ ਸਿੰਘ
ਸੰਤ ਰਾਮ ਉਦਾਸੀ ਕਿਰਤੀ ਕਿਸਾਨਾਂ ਦੀ ਰੋਹ ਭਰੀ ਅਵਾਜ਼ ਸੀ, ਜਦ ਉਹ ਬਿਨਾਂ ਸਾਜ਼ਾਂ ਤੋਂ ਆਪਣੀ ਕਮਾਈ ਹੋਈ ਆਵਾਜ਼ ਨਾਲ ਗਾਉਂਦਾ ਤਾਂ ਸਰੋਤਿਆਂ ਵਿੱਚ ਜੋਸ਼, ਸਨਸਨੀ ਤੇ ਜਮਾਤੀ ਨਫਰਤ ਦੀਆਂ ਤੇਜ਼ ਤਰੰਗਾਂ ਛੇੜ ਦਿੰਦਾ। ਇਕ ਦੇਸ਼ ਭਗਤ, ਇਕ ਕਮਿਉਨਿਸਟ, ਇਕ ਸੱਚਾ ਲੋਕ ਦਰਦੀ ਕਵੀ, ਗੀਤਕਾਰ ਤੇ ਗਾਇਕ ਸੀ। ਉਸਦੀ ਕਲਮ ਦੁਆਰਾ ਸਿਰਜੇ ‘ਲਹੂ ਭਿਜੇ ਬੋਲ’, ‘ਸੈਨਤਾਂ’ ਤੇ ‘ਚੋਂ ਨੁਕਰੀਆਂ ਸੀਖਾਂ’ ਕਾਵਿ ਸੰਗ੍ਰਿਹ ਹਨ।
ਇਕ ਅਤਿ ਗਰੀਬ, ਦਲਿਤ ਪਰਿਵਾਰ ਵਿੱਚ 20 ਅਪ੍ਰੈਲ, 1939 ਨੂੰ ਇਨਕਲਾਬੀ ਕਵੀ ਸੰਤ ਰਾਮ ਉਦਾਸੀ ਦਾ ਜਨਮ ਰਾਏਸਰ (ਬਰਨਾਲਾ) ‘ਚ ਹੋਇਆ। ਉਦਾਸੀ ਨੂੰ ਬਾਲਪੁਣੇ ਤੋਂ ਸਿਰਫ ਆਰਥਿਕ ਔਕੜਾਂ ਦਾ ਹੀ ਸਾਹਮਣਾ ਨਹੀਂ ਕਰਨਾ ਪਿਆ, ਸਗੋਂ ਜਾਤੀ ਭੇਦ ਅਤੇ ਛੂਤ-ਛਾਤ ਦੇ ਤਿੱਖੇ ਸਮਾਜੀ ਡੰਗਾਂ ਨੂੰ ਵੀ ਜਰਨਾ ਪਿਆ, ਅੰਤਾਂ ਦੀਆਂ ਦੁਸ਼ਾਵਰੀਆਂ ਦੇ ਬਾਵਜੂਦ ਆਪਣੀ ਜਿੰਦਗੀ ਦੀ ਵਾਗ ਹੱਥੋਂ ਖਿਸਕਣ ਨਹੀਂ ਦਿੱਤੀ।
ਉਹ ਉਨ੍ਹਾਂ ਗਿਣੇ ਚੁਣੇ ਲੋਕਾਂ ‘ਚੋਂ ਸੀ, ਜੋ ਸਮੇਂ ਦੀ ਉਂਗਲੀ ਲਾ ਕੇ ਤੁਰਦੇ ਹਨ। ਸਮੇਂ ਦੇ ਰੋਹੜ ਵਿਚ ਜਿਨ੍ਹਾਂ ਦੇ ਪੈਰ ਲੜਖੜਾਉਂਦੇ ਨਹੀਂ, ਸਗੋਂ ਚੇਤਨਤਾ, ਸੂਝ ਤੇ ਦ੍ਰਿੜਤਾ ਆਸਰੇ ਸਮੇਂ ਦੇ ਵਹਿਣ ਨੂੰ ਲੋਕਾਂ ਦੀ ਲੋੜ ਅਨੁਸਾਰ ਮੌੜਾ ਦੇਣ ਦੀ ਹਿੰਮਤ ਰੱਖਦੇ ਹਨ।
ਉਸਨੇ ਸ਼ਲਾਖੋਵ, ਗੋਰਕੀ, ਜੂਲੀਅਸ ਫਿਉਚਿਕ ਆਦਿ ਲੇਖਕਾਂ ਨੂੰ ਪੜਿਆ ਤੇ ਜਸਵੰਤ ਕੰਵਲ, ਸੰਤੋਖ ਸਿੰਘ ਧੀਰ, ਮੋਹਨ ਸਿੰਘ ਤੋਂ ਪ੍ਰਭਾਵਤ ਹੋ ਕੇ ਕਵਿਤਾਵਾਂ ਤੇ ਗੀਤ ਲਿਖਣੇ ਸ਼ੁਰੂ ਕੀਤੇ। ਉਸਦੇ ਸ਼ਬਦਾਂ ‘ਚ ਸਭ ਤੋਂ ਪਹਿਲਾਂ ਮੈਂ ਆਪਣੀਆਂ ਕਵਿਤਾਵਾਂ ‘ਚ ਅਧਿਆਤਮਕਵਾਦ ਲਿਆਂਦਾ ਅਧਿਆਤਮਕਵਾਦ ਤੋਂ ਮਗਰੋਂ ਮੈਂ ਮਾਰਕਸੀ ਫਲਸਫੇ ਨੂੰ ਘੋਖਿਆ ਤੇ ਮੈਨੂੰ ਲਗਾ ਕਿ ਅਧਿਆਤਮਕਵਾਦ ਬਾਰੇ ਮੇਰੇ ਗੀਤ ਕਿਰਤੀ ਲੁੱਟ ਨੂੰ ਖਤਮ ਕਰਨ ਵਿਚ ਸਹਾਈ ਨਹੀ ਹੋ ਸਕਦੇ ਉਸਦੇ ਇਨਕਲਾਬੀ ਗੀਤ ਜੁਲਮ ਨਾ ਸਹਾਰਨ ਦੀ ਪ੍ਰੇਰਣਾ ਦੇ ਕੇ ਲੋਕਾਂ ਨੂੰ ਯੁੱਧ ਲਈ ਤਿਆਰ ਕਰਦੇ ਹਨ।
ਸੰਤ ਰਾਮ ਉਦਾਸੀ ਨੇ ਪੰਜਾਬ ਦੇ ਹਰ ਕੋਨੇ ਵਿਚ ਹੀ ਨਹੀਂ ਸਗੋਂ ਇੰਗਲੈਂਡ ਜਾ ਕੇ ਆਪਣੀ ਅਵਾਜ਼ ਬੁਲੰਦ ਕੀਤੀ।
6 ਨਵੰਬਰ 1986 ਨੂੰ ਸਦਾ ਲਈ ਆਪਣੀ ਆਵਾਜ਼ ਵਿਚ ਕੀਮਤੀ ਗੀਤਾਂ ਦਾ ਸਰਮਾਇਆ ਛਡ ਕੇ ਚਲੇ ਗਏ। ਲੋੜ ਹੈ ਉਸਦੀ ਅਵਾਜ਼ ਵਾਲੇ ਗੀਤਾਂ ਦੀ ਸੰਤ ਰਾਮ ਉਦਾਸੀ ਦੇ ਗੀਤਾਂ ਦੀਆਂ ਆਡੀਓ ਤੇ ਕੈਸਟਾਂ ਅੱਜ ਵੀ ਸਟੇਜਾਂ, ਕਾਰਾਂ ਗੱਡੀਆਂ ਵਿੱਚ ਗੂੰਜਦੀਆਂ ਰਹਿਣਗੀਆਂ। ਸੰਤ ਰਾਮ ਉਦਾਸੀ ਦੇ ਕੁਝ ਗੀਤਾਂ ਦੀਆਂ ਲਾਈਨਾਂ :
ਦੇਸ਼ ਹੈ ਪਿਆਰਾ ਸਾਨੂੰ ਜ਼ਿੰਦਗੀ ਪਿਆਰੀ ਨਾਲੋਂ,
ਦੇਸ਼ ਤੋਂ ਪਿਆਰੇ ਇਹਦੇ ਲੋਕ ਹਾਣੀਆ,
ਅਸੀਂ ਤੋੜ ਦੇਣੀ ਲਹੂ ਪੀਣੀ ਜੋਕ ਹਾਣੀਆ।
****
ਮਾਲਾ ਵਿਚ ਕਰਾਮਾਤ ਨਾ, ਨਵੇਂ ਯੁਗ ਦੇ ਲੋਕ ਇਹ ਆਂਹਦੇ,
ਕਰਾਮਾਤ ਕਾਮਿਆਂ ਦੀ,
ਜਿਹੜੇ ਮਿੱਟੀ ਵਿੱਚੋਂ ਸੋਨਾ ਉਗਾਉਂਦੇ।
****
ਇਕ ਤਲਵਾਰ ਮੇਰੀ ਡੋਲੀ ਵਿੱਚ ਰੱਖ ਦਿਉ,
ਹੋਰ ਵੀਰੋ ਦਿਉ ਨਾ ਦਾਜ।
****
ਲੋਕੀਂ ਕਹਿੰਦੇ ਪੁੱਤ ਬਿਨਾ ਜਗ ‘ਚ ਮਿਲਾਪ ਨੀ,
ਮੈਂ ਤਾਂ ਕਹਾਂ ਜਿਹਦੇ ਧੀ ਨੀ ਉਹ ਤਾਂ ਸਹੀ ਬਾਪ ਨੀ।
****
ਜੋ ਤੇਰੀ ਦਸਤਾਰ ਨੂੰ ਪੈਂਦੇ, ਤੋੜ ਦੇਈਂ ਉਹ ਗੁੱਟ ਵੇ।
ਉਠ ਕਿਰਤੀਆ ਉਠ ਵੇ ਉਠਣ ਦਾ ਵੇਲਾ, ਜੜ ਵੈਰੀ ਦੀ ਪੁੱਟ ਵੇ ਪੁੱਟਣ ਦਾ ਵੇਲਾ।
****
ਮਾਂ ਧਰਤੀਏ ! ਤੇਰੀ ਗੋਦ ਨੂੰ ਚੰਨ ਹੋਰ ਬਥੇਰੇ,
ਤੂੰ ਮਘਦਾ ਰਹੀਂ ਸੂਰਜਾ ਕੰਮੀਆਂ ਦੇ ਵਿਹੜੇ।
****
ਅਸੀਂ ਜੜ੍ਹ ਨਾ ਜ਼ੁਲਮ ਦੀ ਛਡਣੀ ਤੇ ਭਾਂਵੇ ਸਾਡੀ ਜੜ੍ਹ ਨਾ ਰਹੇ।
ਸੁਣੋ ਸੁਣਾਵਾਂ ਹਾਲ ਭਾਰਤ ਦੀ ਬਰਬਾਦੀ ਦਾ।
****
ਐਵੇ ਭਰਮ ਹੈ ਸਾਡੇ ਕਾਤਲਾਂ ਨੂੰ,
ਅਸੀਂ ਹੋਵਾਂਗੇ ਦੋ ਜਾਂ ਚਾਰ ਲੋਕੋ,
ਬਦਲੇ ਲਏ ਤੋਂ ਵੀ ਮੁਕਣੀ ਨਹੀ,
ਐਨੀ ਲੰਮੀ ਹੈ ਸਾਡੀ ਕਤਾਰ ਲੋਕੋ।
****
ਮੇਰੀ ਮੌਤ ‘ਤੇ ਨਾ ਰੋਇਉ,
ਮੇਰੀ ਸੋਚ ਨੂੰ ਬਚਾਇਉ।
****
ਲੋਕੋ ਬਾਜ ਆ ਜਾਉ ਝੂਠੇ ਲੀਡਰਾਂ ਤੋਂ,
ਇਨ੍ਹਾਂ ਦੇਸ ਦਾ ਕੁਝ ਵੀ ਛਡਿਆ ਨਹੀ,
ਇਨ੍ਹਾਂ ਤੁਹਾਨੂੰ ਵੇਚ ਕੇ ਖਾ ਛੱਡਣਾ।
ਅਸੀ ਆਪਣਾ ਸਮਝ ਕੇ ਵੋਟ ਪਾਈ,
ਇਨ੍ਹਾਂ ਵੋਟ ਦਾ ਸਿਲਾ (ਮੁਲ) ਵੀ ਤਾਰਿਆ ਨਾ।
ਸਾਨੂੰ ਮਹਿੰਗ ਉਬਾਲਿਆ ਦੁਧ ਵਾਂਗੂ,
ਇਨ੍ਹਾਂ ਪਾਣੀ ਦਾ ਛਿਟਾ ਵੀ ਮਾਰਿਆ ਨਾ।
ਇਹ ਦੇਸ ਦੀ ਪੂੰਜੀ ਨੂੰ ਨਾਗ ਬਣ ਕੇ,
ਆਪੂੰ ਸਾਂਭ ਜਾਂਦੇ ਆਪੂੰ ਖਟ ਜਾਂਦੇ।
ਵਾਅਦੇ ਕਰਦੇ ਕੱਚੇ ਮਹਿਬੂਬ ਵਾਂਗੂ,
ਆਪੇ ਥੁੱਕ ਜਾਂਦੇ ਆਪੇ ਚੱਟ ਜਾਂਦੇ।
ਕੁੱਤੇ ਜਿਹੀ ਨਾ ਇਨਸਾਨ ਦੀ ਕਦਰ ਇਥੇ,
ਅਗੋਂ ਮੰਗਦੇ ਸਾਡੇ ਤੋਂ ਵਫਾਦਾਰੀ।
ਜਾਂ ਤਾਂ ਅਸੀਂ ਰਹਾਂਗੇ ਦੇਸ ਅੰਦਰ,
ਜਾਂ ਰਹੇਗੀ ਇਹ ਸਰਮਾਏਦਾਰੀ।
ਅਸੀਂ ਆਪਣੇ ਢਿਡਾਂ ਦੀ ਮੰਗ ਲੈ ਕੇ,
ਨਿਤਰ ਆਏ ਹਾਂ ਏਕੇ ਦੀ ਲਾਮ ਉਤੇ।
ਲਾਰੇ ਵੇਖ ਕੇ ਇਨ੍ਹਾਂ ਮੂੰਹ ਸਾਹਿਬਾਂ ਦੇ,
ਨੀਝ ਰਖੀ ਹੈ ਸੰਗਰਾਮ ਉਤੇ।
ਜੇਕਰ ਅੱਜ ਨਾ ਹੱਕਾਂ ਦੀ ਗਲ ਕੀਤੀ,
ਸਾਡੇ ਬੱਚਿਆਂ ਦੇ ਇਨ੍ਹਾਂ ਚੋਹਲ ਜਲਦੇ।
ਖੇਤਾਂ ਵਿਚ ਕਿਸਾਨਾਂ ਦੇ ਬੋਹਲ ਜਲਦੇ,
ਮੇਰੇ ਗੀਤ ਜਲਦੇ, ਮੇਰੇ ਘੋਲ ਜਲਦੇ।