ਓਟਾਵਾ : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਕੋਵਿਡ-19 ਟੈਸਟ ਨੈਗੇਟਿਵ ਆਇਆ ਹੈ, ਚਾਂਜ ਤੋਂ ਲਗਭਗ 12 ਘੰਟਿਆਂ ਬਾਅਦ ਉਨ੍ਹਾਂ ਨੂੰ ਆਪਣੇ ਕੁਆਰੰਟੀਨ ਹੋਟਲ ਤੋਂ ਬਾਹਰ ਜਾਣ ਦੀ ਆਗਿਆ ਦਿੱਤੀ ਗਈ।
ਪੀ.ਐਮ. ਟਰੂਡੋ ਦੇ ਦਫਤਰ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਬੁੱਧਵਾਰ ਸਵੇਰੇ ਨੂੰ ਕੋਵਿਡ ਦੀ ਨੈਗੇਟਿਵ ਰਿਪੋਰਟ ਮਿਲੀ ਅਤੇ ਹੁਣ ਉਹ ਤਿੰਨ-ਸਿਤਾਰਾ ਓਟਾਵਾ ਨਿਵਾਸ ਛੱਡ ਸਕਦੇ ਹਨ।
ਜ਼ਿਕਰਯੋਗ ਹੈ ਕਿ ਜਸਟਿਨ ਟਰੂਡੋ ਪਿਛਲੇ ਹਫਤੇ ਦੇ ਅਖੀਰ ਵਿਚ ਯੂਕੇ ਵਿਖੇ G-7 ਸਿਖਰ ਸੰਮੇਲਨ ‘ਚ ਸ਼ਿਰਕਤ ਕਰਨ ਗਏ ਸਨ। ਟਰੂਡੋ ਦੇ ਵਤਨ ਪਰਤਣ ਤੋਂ ਬਾਅਦ ਨਿਯਮਾਂ ਅਨੁਸਾਰ ਉਨ੍ਹਾਂ ਦਾ ਕੋਵਿਡ ਟੈਸਟ ਕੀਤਾ ਗਿਆ ਸੀ।
ਹਾਲਾਂਕਿ ਵਿਦੇਸ਼ੀ ਨਾਗਰਿਕਾਂ ਨੂੰ ਗੈਰ-ਜ਼ਰੂਰੀ ਕੈਨੇਡਾ ਜਾਣ ‘ਤੇ ਪਾਬੰਦੀ ਲੱਗੀ ਹੋਈ ਹੈ, ਪਰ ਕੈਨੇਡੀਅਨ ਯਾਤਰੀ ਜੋ ਵਿਦੇਸ਼ ਤੋਂ ਘਰ ਪਰਤਦੇ ਹਨ, ਸਿਰਫ ਕੁਝ ਮੁੱਢਲੇ ਵੱਡੇ ਹਵਾਈ ਅੱਡਿਆਂ: ਟੋਰਾਂਟੋ, ਮਾਂਟਰੀਅਲ, ਵੈਨਕੁਵਰ ਅਤੇ ਕੈਲਗਰੀ ਵਿਖੇ ਪਹੁੰਚਣ ਲਈ ਸੀਮਤ ਹਨ। ਵਿਦੇਸ਼ ਤੋਂ ਪਰਤਣ ਵਾਲੇ ਕੈਨੇਡੀਅਨਾਂ ਨੂੰ ਨਿਯਮਾਂ ਅਨੁਸਾਰ 14 ਦਿਨ ਹੋਟਲ ਵਿੱਚ ਕੁਆਰੰਟੀਨ ਰਹਿਣਾ ਜ਼ਰੂਰੀ ਹੈ ਜਾਂ ਜਦੋਂ ਤੱਕ ਉਹਨਾਂ ਦੀ ਕੋਵਿਡ ਰਿਪੋਰਟ ਨੈਗੇਟਿਵ ਨਾ ਆ ਜਾਵੇ।
ਕੈਨੇਡਾ ਸਰਕਾਰ ਵਲੋਂ ਬਕਾਇਦਾ ਹੋਟਲਾਂ ਦੀਆਂ ਸੂਚੀਆਂ ਬਣਾਈਆਂ ਗਈਆਂ ਹਨ, ਜਿਥੇ ਵਿਦੇਸ਼ ਯਾਤਰਾ ਤੋਂ ਬਾਅਦ ਰੁਕਣਾ ਜ਼ਰੂਰੀ ਹੈ।ਜਿਹੜੇ ਯਾਤਰੀ ਹੋਟਲ ਕੁਆਰੰਟੀਨ ਕਰਨ ਤੋਂ ਇਨਕਾਰ ਕਰਦੇ ਹਨ ਉਨ੍ਹਾਂ ਨੂੰ $ 5,000 ਡਾਲਰ ਤੱਕ ਦਾ ਜੁਰਮਾਨਾ ਜਾਰੀ ਕੀਤਾ ਜਾਂਦਾ ਹੈ।