PM ਮੋਦੀ ਦੀ ਅੱਜ ਪੰਜਾਬ ‘ਚ ਦੂਜੀ ਰੈਲੀ, ਪਠਾਨਕੋਟ ‘ਚ ਕਰਨਗੇ ਵਿਸ਼ਾਲ ਜਨਸਭਾ ਨੂੰ ਸੰਬੋਧਨ  

TeamGlobalPunjab
3 Min Read

ਪਠਾਨਕੋਟ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬੁੱਧਵਾਰ ਯਾਨੀ ਅੱਜ ਪੰਜਾਬ ਦੇ ਪਠਾਨਕੋਟ ਵਿੱਚ ਆਪਣੀ ਦੂਜੀ ਚੋਣ ਰੈਲੀ ਕਰਨਗੇ। ਰੈਲੀ ‘ਚ ਲਗਭਗ 50,000 ਲੋਕਾਂ ਦੇ ਸ਼ਾਮਲ ਹੋਣ ਦੀ ਉਮੀਦ ਹੈ। ਪੁਲਿਸ ਨੇ ਇੱਕ ਬੇਮਿਸਾਲ ਸੁਰੱਖਿਆ ਘੇਰਾ ਬਣਾਇਆ ਹੈ। ਭਾਜਪਾ ਅਧਿਕਾਰੀਆਂ ਦਾ ਕਹਿਣਾ ਹੈ ਕਿ ਪੰਜਾਬ ਦੇ ਗੁਆਂਢੀ ਜ਼ਿਲ੍ਹਿਆਂ ਤੋਂ ਇਲਾਵਾ ਹਿਮਾਚਲ ਅਤੇ ਜੰਮੂ-ਕਸ਼ਮੀਰ ਤੋਂ ਵੀ ਲੋਕ ਰੈਲੀ ਵਿੱਚ ਪੁੱਜਣਗੇ। ਪੰਜਾਬ ਪੁਲਿਸ ਸੁਰੱਖਿਆ ਪ੍ਰਬੰਧਾਂ ਨੂੰ ਮਜ਼ਬੂਤ ​​ਕਰਨ ਲਈ ਲਗਾਤਾਰ ਮੀਟਿੰਗਾਂ ਕਰ ਰਹੀ ਹੈ। ਰੈਲੀ ਵਾਲੀ ਥਾਂ ਦੇ ਨਾਲ ਲੱਗਦੇ ਪਿੰਡ ਭੜੋਲੀ ਕਲਾਂ ਨੂੰ ਪੁਲਿਸ ਛਾਉਣੀ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ। ਹਰ ਥਾਂ ਪੁਲਿਸ ਅਤੇ ਨੀਮ ਫ਼ੌਜੀ ਬਲਾਂ ਦੇ ਜਵਾਨ ਪਹਿਰਾ ਦੇ ਰਹੇ ਹਨ। ਡੀਜੀਪੀ ਵੀਰੇਸ਼ ਕੁਮਾਰ ਭਾਵਰਾ ਨੇ ਸੀਨੀਅਰ ਅਧਿਕਾਰੀਆਂ ਨਾਲ ਰੈਲੀ ਵਾਲੀ ਥਾਂ ‘ਤੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ।

ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 14 ਫਰਵਰੀ ਨੂੰ ਜਲੰਧਰ ਵਿੱਚ ਰੈਲੀ ਕੀਤੀ ਸੀ। ਇਸ ਮੌਕੇ ਮੋਦੀ ਨੇ ਕਿਹਾ ਕਿ ਭਾਜਪਾ ਦੀ ਅਗਵਾਈ ਵਾਲਾ ਗੱਠਜੋੜ ਹੀ ਪੰਜਾਬ ਵਿਚ ਅਗਲੀ ਸਰਕਾਰ ਬਣਾਏਗਾ ਅਤੇ ਇਸ ਸਰਕਾਰ ਦੇ ਬਣਨ ਨਾਲ ਸੂਬੇ ਵਿਚ ਵਿਕਾਸ ਦਾ ਇਕ ਨਵਾਂ ਅਧਿਆਏ ਸ਼ੁਰੂ ਹੋਵੇਗਾ। ਰੈਲੀ ਵਿਚ ਪੰਜਾਬ ਲੋਕ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਅਤੇ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਪ੍ਰਧਾਨ ਸੁਖਦੇਖ ਸਿੰਘ ਢੀਂਡਸਾ ਵੀ ਹਾਜ਼ਰ ਸਨ। ਉਨ੍ਹਾਂ ਨੇ ਆਮ ਆਦਮੀ ਪਾਰਟੀ ‘ਤੇ  ਨਿਸ਼ਾਨਾ ਸੇਧਦਿਆਂ ਕਿਹਾ ਕਿ ਇਹ ਗਲੀ-ਮੁਹੱਲੇ ਵਿਚ ਸ਼ਰਾਬ ਠੇਕੇ ਖੁੱਲ੍ਹਵਾਉਣ ਦੇ ਮਾਹਿਰ ਹਨ। ਪੰਜਾਬ ਨੂੰ ਇਨ੍ਹਾਂ ਤੋਂ ਸਾਵਧਾਨ ਰਹਿਣਾ ਹੋਵੇਗਾ। ਇਹ ਪੰਜਾਬ ਨੂੰ ਨਸ਼ਾ ਮਾਫੀਆ ਦੇ ਹਵਾਲੇ ਕਰਨਾ ਚਾਹੁੰਦੇ ਹਨ। ਇਹ ਉਹੀ ਲੋਕ ਹਨ, ਜੋ ਸਰਜੀਕਲ ਸਟ੍ਰਾਈਕ ‘ਤੇ ਸਬੂਤ ਮੰਗ ਰਹੇ ਸਨ। ਪਾਕਿਸਤਾਨ ਦੇ ਸੁਰ ਵਿਚ ਸੁਰ ਮਿਲਾ ਰਹੇ ਸਨ।

ਦੱਸ ਦੇਈਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ 17 ਫਰਵਰੀ ਨੂੰ ਅਬੋਹਰ ਦੀ ਅਨਾਜ ਮੰਡੀ ਵਿਖੇ ਜਨ ਸਭਾ ਕਰਨਗੇ। ਮੰਗਲਵਾਰ ਨੂੰ ਪੰਜਾਬ ਦੇ ਡੀਜੀਪੀ ਵੀਕੇ ਭਾਵਰਾ ਨੇ ਅਧਿਕਾਰੀਆਂ ਨਾਲ ਰੈਲੀ ਵਾਲੀ ਥਾਂ ਦਾ ਮੁਆਇਨਾ ਕੀਤਾ। ਹੈਲੀਕਾਪਟਰ ਰਾਹੀਂ ਰੈਲੀ ਵਾਲੀ ਥਾਂ ‘ਤੇ ਪਹੁੰਚੇ ਭਾਵਰਾ ਨੇ ਪ੍ਰਧਾਨ ਮੰਤਰੀ ਦੇ ਸੰਬੋਧਨ ਵਾਲੀ ਥਾਂ, ਉਨ੍ਹਾਂ ਦੇ ਹੈਲੀਪੈਡ ਅਤੇ ਸਟੇਜ ਤੱਕ ਜਾਣ ਵਾਲੀ ਸੜਕ ਦਾ ਦੌਰਾ ਕੀਤਾ। ਰੈਲੀ ਵਾਲੀ ਥਾਂ ਤੋਂ ਕੁਝ ਦੂਰੀ ’ਤੇ ਸਥਿਤ ਥੋਕ ਸਬਜ਼ੀ ਮੰਡੀ ਅਤੇ ਨਰਮਾ ਕਪਾਹ ਮੰਡੀ ਨੂੰ ਕਿਸੇ ਹੋਰ ਥਾਂ ’ਤੇ ਤਬਦੀਲ ਕਰ ਦਿੱਤਾ ਗਿਆ ਹੈ। ਰੈਲੀ ਵਾਲੇ ਦਿਨ ਸਾਰੇ ਸਰਕਾਰੀ ਅਤੇ ਗੈਰ-ਸਰਕਾਰੀ ਵਿਦਿਅਕ ਅਦਾਰੇ ਬੰਦ ਰੱਖਣ ਦੇ ਹੁਕਮ ਵੀ ਜਾਰੀ ਕੀਤੇ ਗਏ ਹਨ। ਸੜਕ ਤੋਂ ਲੈ ਕੇ ਹੈਲੀਪੈਡ ਅਤੇ ਐਡਰੈੱਸ ਪੁਆਇੰਟ ਤੱਕ ਹਰ ਪੜਾਅ ‘ਤੇ ਨਾਈਟ ਵਿਜ਼ਨ ਕੈਮਰੇ ਲਗਾਏ ਗਏ ਹਨ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment