ਪਟਨਾ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸਵੇਰੇ ਬਿਹਾਰ ਦੇ ਪਟਨਾ ਸਥਿਤ ਗੁਰਦੁਆਰਾ ਤਖ਼ਤ ਸ੍ਰੀ ਪਟਨਾ ਸਾਹਿਬ ਜੀ ਵਿਖੇ ਨਤਮਸਤਕ ਹੋਏ। ਉਨ੍ਹਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਅਸਥਾਨ ਦਰਬਾਰ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਅਰਦਾਸ ਵਿੱਚ ਸ਼ਿਰਕਤ ਕੀਤੀ ਅਤੇ ਉੱਥੇ ਹੀ ਕੀਰਤਨ ਵੀ ਸੁਣਿਆ। ਪ੍ਰਧਾਨ ਮੰਤਰੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਵਰਤੇ ਗਏ ਸ਼ਾਸਤਰਾਂ (ਹਥਿਆਰਾਂ) ਦੇ ਵੀ ਦਰਸ਼ਨ ਕੀਤੇ। ਇਸ ਮੌਕੇ ਪੀਐਮ ਮੋਦੀ ਨੇ ਕੇਸਰੀ ਰੰਗ ਦੀ ਪੱਗ ਬੰਨ੍ਹੀ ਹੋਈ ਸੀ। ਪੀਐਮ ਮੋਦੀ ਨੇ ਲੰਗਰ ਵਿਚ ਪਹੁੰਚ ਦਾਲ ਅਤੇ ਰੋਟੀਆਂ ਤਿਆਰ ਕਰਨ ਦੀ ਸੇਵਾ ਕੀਤੀ। ਜਿਸ ਤੋਂ ਬਾਅਦ ਪੀਐਮ ਮੋਦੀ ਨੇ ਗੁਰਦੁਆਰੇ ਵਿੱਚ ਮੌਜੂਦ ਲੋਕਾਂ ਨੂੰ ਲੰਗਰ ਵੀ ਛਕਾਇਆ।
ਪ੍ਰਧਾਨ ਮੰਤਰੀ ਨੇ “ਕੜਾਹ ਪ੍ਰਸਾਦ” ਲਿਆ। ਇਸ ਮੌਕੇ ਗੁਰਦੁਆਰਾ ਕਮੇਟੀ ਵੱਲੋਂ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਮੋਦੀ ਵੱਲੋਂ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਸਿੱਖ ਬੀਬੀਆਂ ਨੇ ਪ੍ਰਧਾਨ ਮੰਤਰੀ ਨੂੰ ਮਾਤਾ ਗੁਜਰੀ ਜੀ ਦੀ ਤਸਵੀਰ ਵੀ ਭੇਂਟ ਕੀਤੀ।
ਪੀਐਮ ਮੋਦੀ ਨੇ ਟਵਿੱਟਰ ‘ਤੇ ਲਿਖਿਆ, “ਅੱਜ ਸਵੇਰੇ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵਿਖੇ ਅਰਦਾਸ ਕੀਤੀ। ਇਸ ਪਵਿੱਤਰ ਸਥਾਨ ਦੇ ਬ੍ਰਹਮਤਾ, ਸ਼ਾਂਤੀ ਅਤੇ ਅਮੀਰ ਇਤਿਹਾਸ ਦਾ ਅਨੁਭਵ ਕਰਕੇ ਧੰਨ ਮਹਿਸੂਸ ਕੀਤਾ। ਉਨ੍ਹਾ ਲਿਖਿਆ ਕਿ 350ਵੇਂ ਪ੍ਰਕਾਸ਼ ਉਤਸਵ ਨੂੰ ਸ਼ਾਨਦਾਰ ਢੰਗ ਨਾਲ ਮਨਾਉਣ ਦਾ ਮਾਣ ਸਾਡੀ ਸਰਕਾਰ ਨੂੰ ਮਿਲਿਆ। ਪੀਐਮ ਨੇ ਅੱਗੇ ਕਿਹਾ ਕਿ ਸਿੱਖ ਗੁਰੂਆਂ ਦੀਆਂ ਸਿੱਖਿਆਵਾਂ ਸਾਨੂੰ ਸਾਰਿਆਂ ਨੂੰ ਪ੍ਰੇਰਿਤ ਅਤੇ ਮਾਰਗਦਰਸ਼ਨ ਕਰਦੀਆਂ ਹਨ, ਸੋਸ਼ਲ ਮੀਡੀਆ ਹੈਂਡਲ ‘ਤੇ ਸਿੱਖ ਧਰਮ ਬਾਰੇ ਪੋਸਟ ਕਰਦੇ ਹੋਏ, ਪੀਐਮ ਮੋਦੀ ਨੇ ਲਿਖਿਆ ਕਿ ਸਿੱਖ ਧਰਮ ਬਰਾਬਰੀ ਅਤੇ ਨਿਆਂ ਦੇ ਸਿਧਾਂਤਾਂ ‘ਤੇ ਅਧਾਰਤ ਹੈ। ਸਿੱਖ ਧਰਮ ਸੇਵਾ ‘ਤੇ ਕੇਂਦਰਿਤ ਹੈ। ਅੱਜ ਸਵੇਰੇ ਮੈਨੂੰ ਵੀ ਪਟਨਾ ਵਿਖੇ ਸੇਵਾ ਵਿਚ ਹਾਜ਼ਰ ਹੋਣ ਦਾ ਸੁਭਾਗ ਪ੍ਰਾਪਤ ਹੋਇਆ। ਇਹ ਇੱਕ ਬਹੁਤ ਹੀ ਖਾਸ ਅਨੁਭਵ ਸੀ
ਐਤਵਾਰ ਨੂੰ ਪੀਐਮ ਮੋਦੀ ਨੇ ਬਿਹਾਰ ਦੀ ਰਾਜਧਾਨੀ ਪਟਨਾ ਵਿੱਚ ਰੋਡ ਸ਼ੋਅ ਕੀਤਾ। ਤੁਹਾਨੂੰ ਦੱਸ ਦੇਈਏ ਕਿ ਉਹ ਬਿਹਾਰ ਵਿੱਚ ਰੋਡ ਸ਼ੋਅ ਕਰਨ ਵਾਲੇ ਪਹਿਲੇ ਪ੍ਰਧਾਨ ਮੰਤਰੀ ਹਨ। ਪ੍ਰਧਾਨ ਮੰਤਰੀ ਸੋਮਵਾਰ ਨੂੰ ਰਾਜ ਦੇ ਹਾਜੀਪੁਰ, ਮੁਜ਼ੱਫਰਪੁਰ ਅਤੇ ਸਾਰਨ ਹਲਕਿਆਂ ਵਿੱਚ ਚੋਣ ਰੈਲੀਆਂ ਨੂੰ ਸੰਬੋਧਨ ਕਰਨਗੇ। ਲੋਕ ਸਭਾ ਚੋਣਾਂ ਦੇ ਚੌਥੇ ਪੜਾਅ ਦੇ ਵਿਚਕਾਰ, ਪੀਐਮ ਮੋਦੀ ਨੇ ਸੋਮਵਾਰ ਸਵੇਰੇ ਦੇਸ਼ ਦੇ ਲੋਕਾਂ ਨੂੰ ਵੱਡੀ ਗਿਣਤੀ ਵਿੱਚ ਵੋਟ ਪਾਉਣ ਦੀ ਅਪੀਲ ਕੀਤੀ।
ਪੀਐਮ ਮੋਦੀ ਨੇ ਟਵਿੱਟਰ ‘ਤੇ ਲਿਖਿਆ, ‘ਲੋਕ ਸਭਾ ਚੋਣਾਂ ਦੇ ਚੌਥੇ ਪੜਾਅ ‘ਚ ਅੱਜ 10 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀਆਂ 96 ਸੀਟਾਂ ‘ਤੇ ਵੋਟਿੰਗ ਹੋ ਰਹੀ ਹੈ। ਮੈਨੂੰ ਭਰੋਸਾ ਹੈ ਕਿ ਲੋਕ ਇਨ੍ਹਾਂ ਸਾਰੀਆਂ ਸੀਟਾਂ ‘ਤੇ ਵੱਡੀ ਗਿਣਤੀ ‘ਚ ਵੋਟ ਪਾਉਣਗੇ, ਜਿਸ ‘ਚ ਨੌਜਵਾਨ ਅਤੇ ਮਹਿਲਾ ਵੋਟਰ ਪੂਰੇ ਉਤਸ਼ਾਹ ਨਾਲ ਹਿੱਸਾ ਲੈਣਗੇ। ਆਓ ਆਪਣਾ ਫਰਜ਼ ਨਿਭਾਈਏ ਅਤੇ ਲੋਕਤੰਤਰ ਨੂੰ ਮਜ਼ਬੂਤ ਕਰੀਏ!