ਪ੍ਰਧਾਨ ਮੰਤਰੀ ਮੋਦੀ ਦੀ ਮੁੱਖ ਮੰਤਰੀਆਂ ਨਾਲ ਅਹਿਮ ਮੀਟਿੰਗ ਖਤਮ; ਜਾਣੋ ਕਿਹੜੇ ਕਿਹੜੇ ਮੁੱਦਿਆਂ ‘ਤੇ ਹੋਈ ਚਰਚਾ

Global Team
2 Min Read

ਨਵੀ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰਾਜਾਂ ਦੇ ਮੁੱਖ ਮੰਤਰੀਆਂ ਵਿਚਕਾਰ ਹੋਈ ਅਹਿਮ ਵਰਚੁਅਲ ਬੈਠਕ ਹੁਣ ਖ਼ਤਮ ਹੋ ਗਈ ਹੈ। ਮਿਡਲ ਈਸਟ ਵਿੱਚ ਜਾਰੀ ਤਣਾਅ ਨੂੰ ਦੇਖਦੇ ਹੋਏ ਬੁਲਾਈ ਗਈ ਇਹ ਬੈਠਕ ਕਰੀਬ ਦੋ ਘੰਟੇ ਤੱਕ ਚੱਲੀ। ਇਸ ਮੀਟਿੰਗ ਵਿੱਚ ਉਨ੍ਹਾਂ ਪੰਜ ਰਾਜਾਂ ਦੇ ਮੁੱਖ ਮੰਤਰੀ ਸ਼ਾਮਲ ਨਹੀਂ ਹੋਏ ਜਿੱਥੇ ਚੋਣਾਂ ਹੋਣ ਵਾਲੀਆਂ ਹਨ। ਪੱਛਮੀ ਬੰਗਾਲ, ਕੇਰਲ, ਤਾਮਿਲਨਾਡੂ, ਅਸਾਮ ਅਤੇ ਪੁਡੂਚੇਰੀ ਦੇ ਮੁੱਖ ਮੰਤਰੀ ਇਸ ਮੀਟਿੰਗ ਦਾ ਹਿੱਸਾ ਨਹੀਂ ਸਨ।

ਇਸ ਮੀਟਿੰਗ ਵਿੱਚ ਐਨ. ਚੰਦਰਬਾਬੂ ਨਾਇਡੂ (ਆਂਧਰਾ ਪ੍ਰਦੇਸ਼), ਯੋਗੀ ਆਦਿੱਤਿਆਨਾਥ (ਉੱਤਰ ਪ੍ਰਦੇਸ਼), ਰੇਵੰਤ ਰੈੱਡੀ (ਤੇਲੰਗਾਨਾ), ਭਗਵੰਤ ਮਾਨ (ਪੰਜਾਬ), ਭੂਪੇਂਦਰ ਪਟੇਲ (ਗੁਜਰਾਤ), ਉਮਰ ਅਬਦੁੱਲਾ (ਜੰਮੂ-ਕਸ਼ਮੀਰ), ਸੁਖਵਿੰਦਰ ਸਿੰਘ ਸੁੱਖੂ (ਹਿਮਾਚਲ ਪ੍ਰਦੇਸ਼), ਪੇਮਾ ਖਾਂਡੂ (ਅਰੁਣਾਚਲ ਪ੍ਰਦੇਸ਼) ਅਤੇ ਹੋਰ ਰਾਜਾਂ ਦੇ ਮੁੱਖ ਮੰਤਰੀ ਸ਼ਾਮਲ ਹੋਏ। ਪ੍ਰਧਾਨ ਮੰਤਰੀ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਹੋਈ ਬੈਠਕ ਵਿੱਚ ਰਾਜਾਂ ਤੋਂ ਉਨ੍ਹਾਂ ਦੀਆਂ ਤਿਆਰੀਆਂ ਅਤੇ ਯੋਜਨਾਵਾਂ ਦੀ ਜਾਣਕਾਰੀ ਲਈ। ਇਹ ਪਹਿਲੀ ਵਾਰ ਹੈ ਜਦੋਂ ਇਸ ਮੁੱਦੇ ‘ਤੇ ਪ੍ਰਧਾਨ ਮੰਤਰੀ ਨੇ ਮੁੱਖ ਮੰਤਰੀਆਂ ਨਾਲ ਬੈਠਕ ਕੀਤੀ ਹੈ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਸਾਰੇ ਰਾਜ ‘ਟੀਮ ਇੰਡੀਆ’ ਦੀ ਤਰ੍ਹਾਂ ਮਿਲ ਕੇ ਕੰਮ ਕਰਨ ਅਤੇ ਆਪਣੀਆਂ ਤਿਆਰੀਆਂ ਮਜ਼ਬੂਤ ਰੱਖਣ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਕੋਵਿਡ-19 ਦੌਰਾਨ ਕੇਂਦਰ ਅਤੇ ਰਾਜਾਂ ਨੇ ‘ਟੀਮ ਇੰਡੀਆ’ ਬਣ ਕੇ ਕੰਮ ਕੀਤਾ ਸੀ, ਅੱਜ ਫਿਰ ਉਸੇ ਜਜ਼ਬੇ ਦੀ ਲੋੜ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਦੀਆਂ ਸਭ ਤੋਂ ਵੱਡੀਆਂ ਤਰਜੀਹਾਂ ਆਰਥਿਕ ਅਤੇ ਵਪਾਰਕ ਸਥਿਰਤਾ ਬਣਾਈ ਰੱਖਣਾ, ਊਰਜਾ ਸੁਰੱਖਿਆ ਯਕੀਨੀ ਬਣਾਉਣਾ, ਆਮ ਨਾਗਰਿਕਾਂ ਦੇ ਹਿੱਤਾਂ ਦੀ ਰੱਖਿਆ ਕਰਨਾ ਅਤੇ ਉਦਯੋਗ ਤੇ ਸਪਲਾਈ ਵਿਵਸਥਾ ਨੂੰ ਮਜ਼ਬੂਤ ਰੱਖਣਾ ਹੈ। ਉਨ੍ਹਾਂ ਨੇ ਰਾਜਾਂ ਨੂੰ ਅਪੀਲ ਕੀਤੀ ਕਿ ਜ਼ਰੂਰੀ ਸਾਮਾਨ ਦੀ ਸਪਲਾਈ ਨਿਰੰਤਰ ਬਣੀ ਰਹੇ ਅਤੇ ਜਮ੍ਹਾਂਖੋਰੀ ਤੇ ਮੁਨਾਫ਼ਾਖੋਰੀ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ।

ਮੁੱਖ ਮੰਤਰੀਆਂ ਨੇ ਕੇਂਦਰ ਸਰਕਾਰ ਦੇ ਕਦਮਾਂ ਦਾ ਸਮਰਥਨ ਕੀਤਾ ਅਤੇ ਭਰੋਸਾ ਜਤਾਇਆ ਕਿ ਉਹ ਮਿਲ ਕੇ ਹਾਲਾਤ ਸੰਭਾਲਣਗੇ। ਪੈਟਰੋਲ-ਡੀਜ਼ਲ ‘ਤੇ ਐਕਸਾਈਜ਼ ਡਿਊਟੀ ਘਟਾਉਣ ਅਤੇ ਐਲਪੀਜੀ (LPG) ਕੋਟਾ ਵਧਾਉਣ ਵਰਗੇ ਫੈਸਲਿਆਂ ਦਾ ਵੀ ਸਵਾਗਤ ਕੀਤਾ ਗਿਆ। ਇਸ ਤੋਂ ਪਹਿਲਾਂ ਸਰਕਾਰ ਨੇ ਕਿਹਾ ਕਿ ਦੇਸ਼ ਵਿੱਚ ਲੌਕਡਾਊਨ ਨਹੀਂ ਲੱਗੇਗਾ। ਕੇਂਦਰੀ ਮੰਤਰੀ ਕਿਰੇਨ ਰਿਜੀਜੂ ਸਮੇਤ ਤਿੰਨ ਮੰਤਰੀਆਂ ਨੇ ਲੌਕਡਾਊਨ ਦੀਆਂ ਖ਼ਬਰਾਂ ਨੂੰ ਗਲਤ ਦੱਸਿਆ।

Share This Article
Leave a Comment