ਨਵੀ ਦਿੱਲੀ, 25 ਮਾਰਚ: ਪ੍ਰਧਾਨ ਮੰਤਰੀ ਨਰਿੰਦਰ ਮੋਦੀ 14 ਅਪ੍ਰੈਲ 2025 ਨੂੰ ਹਰਿਆਣਾ ਦੇ ਦੌਰੇ ‘ਤੇ ਹੋਣਗੇ। ਇਸ ਦਿਨ ਪ੍ਰਧਾਨ ਮੰਤਰੀ ਮੋਦੀ ਹਰਿਆਣਾ ਦੇ ਲੋਕਾਂ ਨੂੰ ਦੋ ਵੱਡੇ ਪ੍ਰੋਜੈਕਟਾਂ ਦੀ ਸੌਗਾਤ ਦੇਣਗੇ।
ਆਪਣੀ ਫੇਰੀ ਦੌਰਾਨ ਪ੍ਰਧਾਨ ਮੰਤਰੀ ਹਿਸਾਰ ਵਿੱਚ ਮਹਾਰਾਜਾ ਅਗਰਸੇਨ ਹਵਾਈ ਅੱਡੇ ਦਾ ਉਦਘਾਟਨ ਕਰਨਗੇ। ਇਸ ਮੌਕੇ ਹਵਾਈ ਅੱਡੇ ਤੋਂ ਪਹਿਲੀ ਉਡਾਣ ਅਯੁੱਧਿਆ ਲਈ ਰਵਾਨਾ ਹੋਵੇਗੀ, ਜਿਸ ਨਾਲ ਸੂਬੇ ਦੇ ਲੋਕਾਂ ਲਈ ਹਵਾਈ ਯਾਤਰਾ ਹੋਰ ਵੀ ਆਸਾਨ ਹੋ ਜਾਵੇਗੀ। ਇਸ ਹਵਾਈ ਅੱਡੇ ਨੂੰ ਹਾਲ ਹੀ ਵਿੱਚ ਲਾਇਸੈਂਸ ਮਿਲਿਆ ਹੈ ਅਤੇ ਸੰਚਾਲਨ ਲਈ ਪੂਰੀ ਤਰ੍ਹਾਂ ਤਿਆਰ ਹੋ ਗਿਆ ਹੈ। ਉਦਘਾਟਨ ਦੇ ਨਾਲ ਹੀ ਨਵੇਂ ਅੰਤਰਰਾਸ਼ਟਰੀ ਟਰਮੀਨਲ ਦਾ ਨੀਂਹ ਪੱਥਰ ਵੀ ਰੱਖਿਆ ਜਾਵੇਗਾ, ਜੋ ਹਿਸਾਰ ਨੂੰ ਵਿਸ਼ਵ ਪੱਧਰ ‘ਤੇ ਜੋੜਨ ਦੀ ਦਿਸ਼ਾ ‘ਚ ਵੱਡਾ ਕਦਮ ਹੋਵੇਗਾ।
ਸ਼ੁਰੂਆਤੀ ਪੜਾਅ ‘ਚ ਹਿਸਾਰ ਹਵਾਈ ਅੱਡੇ ਤੋਂ ਅਯੁੱਧਿਆ, ਜੰਮੂ, ਜੈਪੁਰ, ਦਿੱਲੀ, ਅਹਿਮਦਾਬਾਦ ਅਤੇ ਚੰਡੀਗੜ੍ਹ ਵਰਗੇ ਵੱਡੇ ਸ਼ਹਿਰਾਂ ਲਈ ਹਵਾਈ ਸੇਵਾ ਸ਼ੁਰੂ ਕੀਤੀ ਜਾਵੇਗੀ। ਸਰਕਾਰ ਨੇ ਅਲਾਇੰਸ ਏਅਰ ਨਾਲ ਸਮਝੌਤਾ ਕੀਤਾ ਹੈ, ਜਿਸ ਤਹਿਤ ਇਹ ਉਡਾਣਾਂ ਸੰਚਾਲਿਤ ਹੋਣਗੀਆਂ। ਫਿਲਹਾਲ ਕਿਰਾਇਆ ਅਜੇ ਤੈਅ ਨਹੀਂ ਕੀਤਾ ਗਿਆ ਹੈ, ਪਰ ਇਸ ਨੂੰ ਕਿਫਾਇਤੀ ਰੱਖਣ ਦੀ ਯੋਜਨਾ ਹੈ। ਸੰਚਾਲਨ ਦੀ ਤਿਆਰੀ ਦਾ ਮੁਲਾਂਕਣ ਕਰਨ ਲਈ ਦਿੱਲੀ ਤੋਂ ਇੱਕ ਟੈਸਟ ਫਲਾਈਟ 28 ਮਾਰਚ ਨੂੰ ਹਿਸਾਰ ਪਹੁੰਚੇਗੀ।
ਹਰਿਆਣਾ ਸੀਐਮ ਸੈਣੀ ਦੇ ਅਨੁਸਾਰ, ਇਸ ਹਵਾਈ ਅੱਡੇ ਦੇ ਸ਼ੁਰੂ ਹੋਣ ਨਾਲ ਨਾ ਸਿਰਫ ਹਿਸਾਰ ਬਲਕਿ ਪੂਰੇ ਹਰਿਆਣਾ ਵਿੱਚ ਸੰਪਰਕ ਅਤੇ ਆਰਥਿਕ ਵਿਕਾਸ ਨੂੰ ਹੁਲਾਰਾ ਮਿਲੇਗਾ। ਅਯੁੱਧਿਆ ਲਈ ਸਿੱਧੀਆਂ ਉਡਾਣਾਂ ਸ਼ੁਰੂ ਹੋਣ ਨਾਲ ਧਾਰਮਿਕ ਸੈਰ-ਸਪਾਟੇ ਨੂੰ ਵੀ ਉਤਸ਼ਾਹ ਮਿਲੇਗਾ। ਯਾਤਰੀਆਂ ਦੀ ਗਿਣਤੀ ਦੇ ਆਧਾਰ ‘ਤੇ ਉਡਾਣਾਂ ਦੀ ਗਿਣਤੀ ਵਧਾਉਣ ਦੀ ਵੀ ਯੋਜਨਾ ਹੈ।
ਇਸ ਤੋਂ ਇਲਾਵਾ ਅੰਬੇਡਕਰ ਜਯੰਤੀ ਵਾਲੇ ਦਿਨ ਯਮੁਨਾਨਗਰ ਦੇ ਦੀਨਬੰਧੂ ਚੌਧਰੀ ਛੋਟੂ ਰਾਮ ਥਰਮਲ ਪਾਵਰ ਪਲਾਂਟ ਵਿਖੇ 800 ਮੈਗਾਵਾਟ ਬਿਜਲੀ ਸਮਰੱਥਾ ਦੇ ਨਵੇਂ ਯੂਨਿਟ ਦਾ ਨੀਂਹ ਪੱਥਰ ਰੱਖਿਆ ਜਾਵੇਗਾ। ਹਰਿਆਣਾ ਦੇ ਮੁੱਖ ਮੰਤਰੀ ਸੈਣੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ 14 ਅਪ੍ਰੈਲ ਨੂੰ ਜਿਸ ਪਾਵਰ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਣਗੇ, ਉਹ ਮੌਜੂਦਾ 2×300 ਮੈਗਾਵਾਟ ਦੇ ਪਲਾਂਟ ਦੇ ਵਿਸਥਾਰ ਦਾ ਹਿੱਸਾ ਹੈ। ਇਸ ਪਾਵਰ ਪਲਾਂਟ ‘ਤੇ 7272 ਕਰੋੜ ਰੁਪਏ ਦੀ ਲਾਗਤ ਆਵੇਗੀ।