ਨਵੀ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜ ਰਾਜਾਂ ਵਿੱਚ ਵਿਧਾਨ ਸਭਾ ਚੋਣਾਂ ਦੇ ਪ੍ਰਚਾਰ ਦੇ ਹਿੱਸੇ ਵਜੋਂ ਅੱਜ ਅਸਾਮ ਪਹੁੰਚੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਸਾਮ ਦੇ ਬਰਪੇਟਾ ਵਿੱਚ ਇੱਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਵਿਰੋਧੀ ਧਿਰ ‘ਤੇ ਤਿੱਖਾ ਹਮਲਾ ਬੋਲਿਆ। ਉਨ੍ਹਾਂ ਕਿਹਾ ਕਿ ਇਸ ਵਾਰ ਅਸਾਮ ਦੀ ਜਨਤਾ ਦੋ ਵੱਡੇ ਫੈਸਲੇ ਲੈਣ ਜਾ ਰਹੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਪਹਿਲਾ, ਸੂਬੇ ਵਿੱਚ ਭਾਜਪਾ-ਐਨਡੀਏ ਸਰਕਾਰ ਦੀ ਹੈਟ੍ਰਿਕ ਤੈਅ ਹੈ। ਉੱਥੇ ਹੀ ਦੂਜਾ, ਉਨ੍ਹਾਂ ਨੇ ਵਿਰੋਧੀ ਧਿਰ ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਦਿੱਲੀ ਵਿੱਚ ਬੈਠਾ ਸ਼ਾਹੀ ਪਰਿਵਾਰ ਇਸ ਵਾਰ ਆਪਣੀ ਹਾਰ ਦਾ ਸੈਂਕੜਾ ਲਗਾਏਗਾ ਅਤੇ ਅਸਾਮ ਦੀ ਜਨਤਾ ਹੀ ਇਸ ਨੂੰ ਸੰਭਵ ਬਣਾਏਗੀ।
ਰੈਲੀ ਵਿੱਚ ਪ੍ਰਧਾਨ ਮੰਤਰੀ ਨੇ ਕਾਂਗਰਸ ‘ਤੇ ਤਿੱਖਾ ਹਮਲਾ ਬੋਲਿਆ। ਉਨ੍ਹਾਂ ਕਿਹਾ ਕਿ ਕਾਂਗਰਸ ਕੋਲ ਵਿਕਾਸ ਦਾ ਕੋਈ ਵਿਜ਼ਨ ਨਹੀਂ ਹੈ। ਉਨ੍ਹਾਂ ਅੱਗੇ ਕਿਹਾ ਕਿ ਕਾਂਗਰਸ ਕਦੇ ਵੀ ਲੰਮੇ ਸਮੇਂ ਦੇ ਵਿਕਾਸ ਦੀ ਸੋਚ ਨਾਲ ਕੰਮ ਨਹੀਂ ਕਰਦੀ ਅਤੇ ਅਲਪਕਾਲੀ (ਥੋੜ੍ਹੇ ਸਮੇਂ ਦੀ) ਰਾਜਨੀਤੀ ਰਾਹੀਂ ਭ੍ਰਿਸ਼ਟਾਚਾਰ ਨੂੰ ਹੱਲਾਸ਼ੇਰੀ ਦਿੰਦੀ ਹੈ, ਜਦਕਿ ਭਾਜਪਾ ਲੰਮੇ ਸਮੇਂ ਦੇ ਨਜ਼ਰੀਏ ਨਾਲ ਦੇਸ਼ ਦੇ ਵਿਕਾਸ ਲਈ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪਿਛਲੇ 10 ਸਾਲਾਂ ਵਿੱਚ ਅਸਾਮ ਵਿੱਚ ਸ਼ਾਂਤੀ ਅਤੇ ਸਥਿਰਤਾ ਸਥਾਪਤ ਕਰਨ ‘ਤੇ ਧਿਆਨ ਦਿੱਤਾ ਗਿਆ ਅਤੇ ਆਉਣ ਵਾਲੇ ਸਾਲਾਂ ਵਿੱਚ ਸੂਬੇ ਦੀ ਖ਼ੁਸ਼ਹਾਲੀ ਨੂੰ ਹੋਰ ਵਧਾਇਆ ਜਾਵੇਗਾ।
ਪੀਐਮ ਮੋਦੀ ਨੇ ਕਿਹਾ ਕਿ ਦੇਸ਼ ਦੇ ਕਬਾਇਲੀ ਸਮਾਜ ਨੂੰ ਕਾਂਗਰਸ ਨੇ ਕੁਝ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਨੇ ਸਥਾਨਕ ਸ਼ਾਂਤੀ ‘ਤੇ ਧਿਆਨ ਕੇਂਦਰਿਤ ਕੀਤਾ ਹੈ। ਇਸੇ ਕਰਕੇ ਅੱਜ ਇੱਥੇ ਸ਼ਾਂਤੀ ਦਾ ਉਤਸਵ ਮਨਾਇਆ ਜਾ ਰਿਹਾ ਹੈ। ਅਜਿਹੇ 10 ਹਜ਼ਾਰ ਨੌਜਵਾਨ, ਜਿਨ੍ਹਾਂ ਨੇ ਬੰਦੂਕਾਂ ਛੱਡੀਆਂ ਹਨ, ਉਨ੍ਹਾਂ ਨੂੰ ਮੁੱਖ ਧਾਰਾ ਵਿੱਚ ਜੋੜਨ ਦਾ ਕੰਮ ਕੀਤਾ ਜਾ ਰਿਹਾ ਹੈ। ਅਸਾਮ ਵਿੱਚ ਸ਼ਾਂਤੀ ਲਈ ਕਾਂਗਰਸ ਨੂੰ ਅਸਾਮ ਤੋਂ ਦੂਰ ਰੱਖਣਾ ਬਹੁਤ ਜ਼ਰੂਰੀ ਹੈ।
ਦੱਸ ਦਈਏ ਕਿ ਪੀਐਮ ਨੇ ਭਾਜਪਾ ਦੇ ਸਥਾਪਨਾ ਦਿਵਸ ‘ਤੇ ਹਰ ਵਰਕਰ ਅਤੇ ਪਾਰਟੀ ਨਾਲ ਜੁੜੇ ਹਰ ਵਿਅਕਤੀ ਨੂੰ ਦਿਲੋਂ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਭਾਜਪਾ ਦੇ ਲੋਕ ‘ਨੇਸ਼ਨ ਫਸਟ’ ਦੇ ਮੰਤਰ ਨਾਲ ਮਾਂ ਭਾਰਤੀ ਦੀ ਸੇਵਾ ਵਿੱਚ ਸਮਰਪਿਤ ਹਨ ਅਤੇ ਉਨ੍ਹਾਂ ਦਾ ਸੰਕਲਪ ਆਤਮ-ਨਿਰਭਰ ਭਾਰਤ ਬਣਾਉਣ ਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਕਾਂਗਰਸ ਕਦੇ ਵੀ ਜਨਤਾ ਦੇ ਵਿਚਕਾਰ ਆਪਣਾ ਰਿਪੋਰਟ ਕਾਰਡ ਲੈ ਕੇ ਨਹੀਂ ਜਾਂਦੀ, ਜਦਕਿ ਭਾਜਪਾ ਸਰਕਾਰ ਸਾਫ਼ ਨੀਅਤ ਨਾਲ ਜਨਤਾ ਨੂੰ ਦੱਸਦੀ ਹੈ ਕਿ ਅਸੀਂ ਲੋਕਾਂ ਦੀ ਸੇਵਾ ਲਈ ਕੀ-ਕੀ ਕੀਤਾ ਹੈ।

