ਹੁਣ ਚੱਕਰਵਾਤੀ ਤੂਫ਼ਾਨ ‘ਯਾਸ’ ਦਾ ਖ਼ਤਰਾ, ਪ੍ਰਧਾਨ ਮੰਤਰੀ ਨੇ ਤਿਆਰੀਆਂ ਦਾ ਲਿਆ ਜਾਇਜ਼ਾ

TeamGlobalPunjab
2 Min Read

ਨਵੀਂ ਦਿੱਲੀ : ਚੱਕਰਵਾਤੀ ਤੂਫ਼ਾਨ ‘ਤਾਊ ਤੇ’ ਦੇ ਨੁਕਸਾਨ ਤੋਂ ਦੇਸ਼ ਦੇ ਕੁਝ ਸੂਬੇ ਹਾਲੇ ਉਭਰੇ ਵੀ ਨਹੀਂ ਹਨ ਕਿ ਇੱਕ ਹੋਰ ਚੱਕਰਵਾਤੀ ਤੁਫਾਨ ਆਉਣ ਦਾ ਖਤਰਾ ਮੰਡਰਾ ਰਿਹਾ ਹੈ। ਦੇਸ਼ ਦੇ ਕਈ ਸੂਬਿਆਂ ‘ਤੇ ਹੁਣ ਚੱਕਰਵਾਤੀ ਤੂਫ਼ਾਨ ‘ਯਾਸ’ ਦਾ ਖ਼ਤਰਾ ਮੰਡਰਾ ਰਿਹਾ ਹੈ। ਮੌਸਮ ਵਿਭਾਗ ਨੇ ‘ਯਾਸ’ ਨੂੰ ਬਹੁਤ ਗੰਭੀਰ ਚੱਕਰਵਰਤੀ ਤੂਫ਼ਾਨ ‘ਚ ਬਦਲਣ ਦਾ ਖ਼ਦਸ਼ਾ ਪ੍ਰਗਟਾਇਆ ਹੈ। ਇਹ 26 ਮਈ (ਬੁੱਧਵਾਰ) ਨੂੰ ਓਡੀਸ਼ਾ ਅਤੇ ਪੱਛਮੀ ਬੰਗਾਲ ਦੇ ਸਮੁੰਦਰੀ ਕੰਡਿਆਂ ਤੇ ਟਕਰਾ ਸਕਦਾ ਹੈ। ਇਸ ਦੇ ਮੱਦੇਨਜ਼ਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨੈਸ਼ਨਲ ਡਿਜਾਸਟਰ ਮੈਨੇਜਮੈਂਟ ਅਥਾਰਟੀ (NDMA) ਅਤੇ ਨੈਸ਼ਨਲ ਡਿਜਾਸਟਰ ਰਿਸਪਾਂਸ ਫੋਰਸ (NDRF) ਸਮੇਤ 14 ਵਿਭਾਗਾਂ ਦੇ ਅਧਿਕਾਰੀਆਂ ਨਾਲ ਬੈਠਕ ਕੀਤੀ। ਇਸ ਦੌਰਾਨ ਉਨ੍ਹਾਂ ਨੇ ਤੂਫ਼ਾਨ ਤੋਂ ਨਜਿੱਠਣ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ।

ਵੀਡੀਓ ਕਾਨਫਰੰਸਿੰਗ ਜ਼ਰੀਏ ਹੋਈ ਮੀਟਿੰਗ ‘ਚ ਪੱਛਮੀ ਬੰਗਾਲ, ਓਡੀਸ਼ਾ, ਤਮਿਲਨਾਡੂ, ਆਂਧ੍ਰ ਪ੍ਰਦੇਸ਼ ਅੰਡਮਾਨ-ਨਿਕੋਬਾਰ ਤੇ ਪੂਡੂਚੇਰੀ ਦੇ ਮੁੱਖ ਸਕੱਤਰ ਤੇ ਅਫਸਰ ਸ਼ਾਮਲ ਹੋਏ ਹਨ।

ਇਸ ‘ਚ ਰੇਲਵੇ ਬੋਰਡ ਚੇਅਰਮੈਨ, ਐੱਨਡੀਐੱਮਏ ਦੇ ਸਕੱਤਰ, IDF ਚੀਫ ਨਾਲ ਗ੍ਰਹਿ, ਪਾਵਰ, ਸ਼ਿਪਿੰਗ, ਟੈਲੀਕਾਮ, ਪੈਟਰੋਲੀਅਮ ਤੇ ਕੁਦਰਤੀ ਗੈਸ, ਸਿਵਲ ਏਵੀਸ਼ਨ ਤੇ ਫਿਸ਼ਰੀਜ ਮੰਤਰਾਲੇ ਦੇ ਸਕੱਤਰ ਵੀ ਮੌਜੂਦ ਰਹੇ। ਬੈਠਕ ‘ਚ ਕੋਸਟ ਗਾਰਡ, ਐੱਨਡੀਆਰਐੱਫ ਤੇ ਆਈਐੱਮਡੀ (ਮੌਸਮ ਵਿਭਾਗ) ਦੇ ਡੀਜੀ ਵੀ ਸ਼ਾਮਲ ਸਨ।

ਭਾਰਤੀ ਮੌਸਮ ਵਿਭਾਗ (IMD) ਮੁਤਾਬਿਕ, ‘ਚੱਕਰਵਾਤ ‘ਯਾਸ’ ਦੇ ਉੱਤਰ, ਉੱਤਰ ਪੱਛਮੀ ਵੱਲ ਵਧਣ ਦੀ ਸੰਭਾਵਨਾ ਹੈ। ਇਹ 24 ਮਈ ਤੱਕ ਇਕ ਚੱਕਰਵਰਤੀ ਤੂਫ਼ਾਨ ‘ਚ ਤਬਦੀਲ ਹੋ ਸਕਦਾ ਹੈ ਤੇ ਅਗਲੇ 24 ਘੰਟਿਆਂ ‘ਚ ਬਹੁਤ ਗੰਭੀਰ ਚੱਕਰਵਰਤੀ ਤੂਫ਼ਾਨ ਦਾ ਰੂਪ ਲੈ ਸਕਦਾ ਹੈ।’

Share this Article
Leave a comment