ਨਵੀਂ ਦਿੱਲੀ: ਬੀਤੇ ਦਿਨੀਂ ਜੰਮੂ ਦੇ ਪੁੰਛ ਇਲਾਕੇ ‘ਚ ਹੋਏ ਅੱਤਵਾਦੀ ਹਮਲੇ ‘ਤੇ ਸਿਆਸੀ ਬਿਆਨ ਲਗਾਤਾਰ ਤੇਜ਼ ਹੁੰਦੇ ਜਾ ਰਹੇ ਹਨ । ਇਸ ਮਸਲੇ ਤੇ ਪੀਐਮ ਨਰਿੰਦਰ ਮੋਦੀ ਨੇ ਵੀ ਪ੍ਰਤੀਕਿਰਿਆ ਦਿਤੀ ਹੈ। ਉਨ੍ਹਾ ਜੰਮੂ-ਕਸ਼ਮੀਰ ਦੇ ਪੁੰਛ ਵਿੱਚ ਹਵਾਈ ਫੌਜ ਦੇ ਕਾਫਲੇ ‘ਤੇ ਹੋਏ ਅੱਤਵਾਦੀ ਹਮਲੇ ਨੂੰ ਲੈ ਕੇ ਪੰਜਾਬ ਦੀ ਜਲੰਧਰ ਲੋਕ ਸਭਾ ਸੀਟ ਤੋਂ ਕਾਂਗਰਸ ਦੇ ਉਮੀਦਵਾਰ ਚਰਨਜੀਤ ਸਿੰਘ ਚੰਨੀ ਵੱਲੋਂ ਦਿੱਤੇ ਵਿਵਾਦਤ ਬਿਆਨ ਦਾ ਜਵਾਬ ਦਿੱਤਾ ਹੈ। ਪੀਐਮ ਮੋਦੀ ਨੇ ਕਿਹਾ ਕਿ ਜਦੋਂ ਕਾਂਗਰਸ ਕੋਲ ਹੋਰ ਕੋਈ ਮੁੱਦਾ ਨਹੀਂ ਬਚਿਆ ਤਾਂ ਉਨ੍ਹਾਂ ਨੇ ਝੂਠੇ ਦੋਸ਼ ਲਗਾਉਣੇ ਸ਼ੁਰੂ ਕਰ ਦਿੱਤੇ।
ਚੰਨੀ ਦਾ ਨਾਮ ਲਏ ਬਿਨਾਂ ਪੀਐਮ ਮੋਦੀ ਨੇ ਕਿਹਾ ਕਿ ਕਾਂਗਰਸ ਦੇ ਸਾਬਕਾ ਸੀਐਮ ਦਾ ਕਹਿਣਾ ਹੈ ਕਿ ਫੌਜ ‘ਤੇ ਹਮਲਾ ਸਟੰਟ ਸੀ। ਇਸ ਤੋਂ ਕਾਂਗਰਸ ਦੀ ਮਾਨਸਿਕਤਾ ਦਾ ਪਤਾ ਲੱਗਦਾ ਹੈ। ਕਾਂਗਰਸ ਜਿੱਤ ਤੋਂ ਬਾਅਦ ਹਰ ਵਾਰ ਪਾਕਿਸਤਾਨ ਦੇ ਗੁਣਗਾਨ ਕਰਦੀ ਹੈ। ਇਸ ਤੋਂ ਕਾਂਗਰਸ ਦੇ ਦੇਸ਼ ਪ੍ਰਤੀ ਇਰਾਦੇ ਸਾਫ਼ ਨਜ਼ਰ ਆ ਰਹੇ ਹਨ।
ਦੱਸ ਦੇਈਏ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਸੀ ਕਿ ਪੁੰਛ ਹਮਲਾ ਭਾਜਪਾ ਦਾ ਸਟੰਟ ਹੈ। ਕੇਂਦਰ ਸਰਕਾਰ ਹਰ ਵਾਰ ਅਜਿਹਾ ਡਰਾਮਾ ਕਰਦੀ ਰਹੀ ਹੈ। ਇਹ ਪਹਿਲਾਂ ਤੋਂ ਯੋਜਨਾਬੱਧ ਸਟੰਟ ਹਨ ਅਤੇ ਭਾਜਪਾ ਨੂੰ ਜਿਤਾਉਣ ਲਈ ਕੀਤੇ ਗਏ ਹਨ। ਲੋਕਾਂ ਨੂੰ ਮਾਰਨਾ ਅਤੇ ਉਨ੍ਹਾਂ ਦੀਆਂ ਲਾਸ਼ਾਂ ਨਾਲ ਖੇਡਣਾ ਭਾਜਪਾ ਦਾ ਕੰਮ ਹੈ।
ਉਧਰ, ਕਾਂਗਰਸੀ ਉਮੀਦਵਾਰ ਚਰਨਜੀਤ ਸਿੰਘ ਚੰਨੀ ਨੇ ਇਸ ਬਿਆਨ ਤੋਂ ਕੁਝ ਸਮੇਂ ਬਾਅਦ ਸਪੱਸ਼ਟੀਕਰਨ ਦਿੱਤਾ ਸੀ। ਉਦੋਂ ਚੰਨੀ ਨੇ ਕਿਹਾ ਸੀ ਕਿ ਮੇਰੇ ਬਿਆਨ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਗਿਆ ਸੀ। ਮੇਰਾ ਕਹਿਣ ਦਾ ਮਤਲਬ ਇਹ ਸੀ ਕਿ ਪਿਛਲੀਆਂ ਲੋਕ ਸਭਾ ਚੋਣਾਂ ਦੌਰਾਨ ਵੀ ਅਜਿਹਾ ਹੀ ਹਮਲਾ ਹੋਇਆ ਸੀ। ਹਾਲਾਂਕਿ, ਭਾਜਪਾ ਵੱਲੋਂ ਇਸ ਦੀ ਜਾਂਚ ਨਹੀਂ ਕੀਤੀ ਗਈ ਅਤੇ ਹੁਣ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਉਕਤ ਹਮਲੇ ਵਿੱਚ ਕੌਣ-ਕੌਣ ਸ਼ਾਮਲ ਸਨ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ।