ਨਵੀ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੋ ਦਿਨਾਂ ਇਜ਼ਰਾਈਲ ਦੌਰੇ ‘ਤੇ ਹਨ। ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਅਤੇ ਉਨ੍ਹਾਂ ਦੀ ਪਤਨੀ ਸਾਰਾ ਨੇਤਨਯਾਹੂ ਨੇ ਇਜ਼ਰਾਈਲ ਪਹੁੰਚਣ ‘ਤੇ ਉਨ੍ਹਾਂ ਦਾ ਹਵਾਈ ਅੱਡੇ ‘ਤੇ ਨਿੱਘਾ ਸਵਾਗਤ ਕੀਤਾ। ਪ੍ਰਧਾਨ ਮੰਤਰੀ ਮੋਦੀ ਨੇ ਇਜ਼ਰਾਈਲੀ ਸੰਸਦ ਨੇਸੈੱਟ ਨੂੰ ਸੰਬੋਧਨ ਕੀਤਾ ਅਤੇ ਉਨ੍ਹਾਂ ਨੂੰ ਸੰਸਦ ਦੇ ਸਰਵਉੱਚ ਸਨਮਾਨ” ਨੇਸੈੱਟ ਮੈਡਲ ਦੇ ਸਪੀਕਰ” ਨਾਲ ਸਨਮਾਨਿਤ ਕੀਤਾ ਗਿਆ।
ਭਾਰਤੀ ਪ੍ਰਧਾਨ ਮੰਤਰੀ ਮੋਦੀ ਇਹ ਮੈਡਲ ਪ੍ਰਾਪਤ ਕਰਨ ਵਾਲੇ ਪਹਿਲੇ ਵਿਅਕਤੀ ਹਨ। ਇਹ ਨੇਸੇਟ (Knesset) ਦਾ ਸਰਵਉੱਚ ਸਨਮਾਨ ਹੈ। ਭਾਰਤ ਅਤੇ ਇਜ਼ਰਾਈਲ ਵਿਚਕਾਰ ਰਣਨੀਤਕ ਸਬੰਧਾਂ ਨੂੰ ਮਜ਼ਬੂਤ ਕਰਨ ਵਿੱਚ ਪ੍ਰਧਾਨ ਮੰਤਰੀ ਦੀ ਨਿੱਜੀ ਅਗਵਾਈ ਰਾਹੀਂ ਕੀਤੇ ਗਏ ਅਸਾਧਾਰਨ ਯੋਗਦਾਨ ਨੂੰ ਮਾਨਤਾ ਦਿੰਦੇ ਹੋਏ ਇਹ ਮੈਡਲ ਪ੍ਰਦਾਨ ਕੀਤਾ ਗਿਆ ਹੈ।
ਪ੍ਰਧਾਨ ਮੰਤਰੀ ਮੋਦੀ ਉਨ੍ਹਾਂ ਚੁਣਿੰਦਾ ਵਿਸ਼ਵ ਨੇਤਾਵਾਂ ਵਿੱਚੋਂ ਇੱਕ ਹਨ ਜਿਨ੍ਹਾਂ ਨੂੰ ਇਜ਼ਰਾਈਲ ਅਤੇ ਫਿਲਸਤੀਨ ਦੋਵਾਂ ਦੇਸ਼ਾਂ ਵੱਲੋਂ ਸਰਵਉੱਚ ਪੁਰਸਕਾਰ ਪ੍ਰਾਪਤ ਹੋਏ ਹਨ। 2018 ਵਿੱਚ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ‘ਗ੍ਰੈਂਡ ਕਾਲਰ ਆਫ ਦਿ ਸਟੇਟ ਆਫ ਫਿਲਸਤੀਨ’ ਨਾਲ ਸਨਮਾਨਿਤ ਕੀਤਾ ਗਿਆ ਸੀ, ਜੋ ਕਿ ਵਿਦੇਸ਼ੀ ਨੇਤਾਵਾਂ ਲਈ ਦਿੱਤਾ ਜਾਣ ਵਾਲਾ ਸਭ ਤੋਂ ਉੱਚਾ ਫਿਲਸਤੀਨੀ ਸਨਮਾਨ ਹੈ।
ਦੱਸ ਦਈਏ ਕਿ ਬੀਤੀ ਸ਼ਾਮ ਪੀਐਮ ਮੋਦੀ ਨੇਸੈੱਟ ਨੂੰ ਸੰਬੋਧਨ ਕਰਨ ਵਾਲੇ ਵੀ ਪਹਿਲੇ ਭਾਰਤੀ ਪ੍ਰਧਾਨ ਮੰਤਰੀ ਬਣੇ। ਸੰਸਦ ਵਿੱਚ ਪਹੁੰਚਣ ‘ਤੇ ਉਨ੍ਹਾਂ ਦਾ ਖੜ੍ਹੇ ਹੋ ਕੇ ਸਵਾਗਤ ਕੀਤਾ ਗਿਆ ਅਤੇ ਲੋਕਾਂ ਨੇ “ਮੋਦੀ-ਮੋਦੀ” ਦੇ ਨਾਅਰੇ ਲਗਾਏ। ਨੇਸੈੱਟ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਮੋਦੀ ਨੇ ਇਜ਼ਰਾਈਲ ‘ਤੇ ਹਮਾਸ ਦੇ ਹਮਲੇ ਦੀ ਨਿੰਦਾ ਕੀਤੀ ਅਤੇ ਕਿਹਾ, “ਅਸੀਂ ਤੁਹਾਡਾ ਦਰਦ ਸਮਝਦੇ ਹਾਂ। ਭਾਰਤ ਲੰਬੇ ਸਮੇਂ ਤੋਂ ਅੱਤਵਾਦ ਤੋਂ ਪੀੜਤ ਹੈ। ਭਾਰਤ ਇਜ਼ਰਾਈਲ ਦੇ ਨਾਲ ਖੜ੍ਹਾ ਹੈ।” ਇਸ ਦੌਰਾਨ ਨੇਤਨਯਾਹੂ ਨੇ ਆਪਣੇ ਸੰਬੋਧਨ ਵਿੱਚ ਕਿਹਾ, “ਪ੍ਰਧਾਨ ਮੰਤਰੀ ਮੋਦੀ ਮੇਰੇ ਭਰਾ ਵਾਂਗ ਹਨ; ਉਨ੍ਹਾਂ ਦਾ ਮੇਰੇ ਦਿਲ ਵਿੱਚ ਇੱਕ ਖਾਸ ਸਥਾਨ ਹੈ। ਮੋਦੀ ਏਸ਼ੀਆ ਦੇ ਸ਼ੇਰ ਹਨ ਅਤੇ ਦੁਨੀਆ ਦੇ ਇੱਕ ਸਤਿਕਾਰਯੋਗ ਨੇਤਾ ਹਨ।”
ਇਸਤੋਂ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਅਤੇ ਨੇਤਨਯਾਹੂ ਨੇ ਰਾਜਧਾਨੀ ਤੇਲ ਅਵੀਵ ਦੇ ਹਵਾਈ ਅੱਡੇ ‘ਤੇ ਇੱਕ ਨਿੱਜੀ ਗੱਲਬਾਤ ਕੀਤੀ। ਇਸ ਤੋਂ ਬਾਅਦ ਉਹ ਆਪਣੇ ਹੋਟਲ ਚਲੇ ਗਏ, ਜਿੱਥੇ ਭਾਰਤੀ ਪ੍ਰਵਾਸੀਆਂ ਨੇ ਉਨ੍ਹਾਂ ਦਾ ਸਵਾਗਤ ਕੀਤਾ। ਮੁਲਾਕਾਤ ਦੌਰਾਨ ਕਲਾਕਾਰਾਂ ਨੇ ਵੀ ਪ੍ਰਦਰਸ਼ਨ ਕੀਤਾ। ਇਹ ਨੌਂ ਸਾਲਾਂ ਵਿੱਚ ਮੋਦੀ ਦੀ ਇਜ਼ਰਾਈਲ ਦੀ ਦੂਜੀ ਯਾਤਰਾ ਹੈ। ਇਸ ਤੋਂ ਪਹਿਲਾਂ ਉਹ ਜੁਲਾਈ 2017 ਵਿੱਚ ਤੇਲ ਅਵੀਵ ਗਏ ਸਨ।

