ਪ੍ਰਧਾਨ ਮੰਤਰੀ ਮੋਦੀ ਨੇ ‘ਯਾਸ’ ਤੂਫ਼ਾਨ ਪ੍ਰਭਾਵਿਤ ਸੂਬਿਆਂ ਦਾ ਕੀਤਾ ਦੌਰਾ
1 ਹਜ਼ਾਰ ਕਰੋੜ ਰੁਪਏ ਦੇ ਰਾਹਤ ਪੈਕੇਜ ਦਾ ਐਲਾਨ
ਕੋਲਕਾਤਾ : ਪੱਛਮੀ ਬੰਗਾਲ ਚੋਣਾਂ ਦੇ ਪਹਿਲਾਂ ਤੋਂ ਸ਼ੁਰੂ ਹੋਈ ਕੇਂਦਰ ਅਤੇ ਮੁੱਖ ਮੰਤਰੀ ਮਮਤਾ ਬੈਨਰਜੀ ਦਰਮਿਆਨ ਦੀ ਤਨਾਤਨੀ ਹੁਣ ਵੀ ਜਾਰੀ ਹੈ। ਮੌਕਾ ਬੇਸ਼ੱਕ ਕੁਝ ਵੀ ਹੋਵੇ, ਮਮਤਾ ਬੈਨਰਜੀ ਕੇਂਦਰ ‘ਤੇ ਨਿਸ਼ਾਨਾ ਬਿੰਨ੍ਹਣ ‘ਚ ਸਮਾਂ ਖਰਾਬ ਨਹੀਂ ਕਰਦੀ ।
ਸ਼ੁੱਕਰਵਾਰ ਨੂੰ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਚੱਕਰਵਾਤੀ ਤੁਫਾਨ ਯਾਸ’ ਨਾਲ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਲਈ ਪੱਛਮੀ ਬੰਗਾਲ ਪਹੁੰਚੇ ਤਾਂ ਇਸ ਦੌਰਾਨ ਮਮਤਾ ਬੈਨਰਜੀ ਪ੍ਰਧਾਨ ਮੰਤਰੀ ਵੱਲੋਂ ਸੱਦੀ ਗਈ ਸਮੀਖਿਆ ਬੈਠਕ ਵਿੱਚ ਸਮੇਂ ਸਿਰ ਨਹੀਂ ਪਹੁੰਚੀ। ਮਮਤਾ ਨੇ ਇੱਕ ਵਾਰ ਫਿਰ ਤੋਂ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ। ਮੀਡੀਆ ਰਿਪੋਰਟਾਂ ਦੇ ਅਨੁਸਾਰ, ਉਹ ਮੀਟਿੰਗ ਵਿੱਚ ਸ਼ੁਭੇਂਦੂ ਅਧਿਕਾਰੀ ਨੂੰ ਬੁਲਾਉਣ ਤੋਂ ਨਾਰਾਜ਼ ਸੀ। ਦੱਸਣਯੋਗ ਹੈ ਕਿ ਵਿਧਾਨ ਸਭਾ ਚੋਣਾਂ ਵਿੱਚ ਨੰਦੀਗ੍ਰਾਮ ਸੀਟ ਤੋਂ ਮਮਤਾ ਇਸੇ ਸ਼ੁਭੇਂਦੂ ਤੋਂ ਹਾਰ ਗਈ ਸੀ।
ਇਸ ਤੋਂ ਪਹਿਲਾਂ ਚੱਕਰਵਾਤੀ ਤੂਫਾਨ ‘ਯਾਸ’ ਕਾਰਨ ਹੋਈ ਤਬਾਹੀ ਦਾ ਜਾਇਜ਼ਾ ਲੈਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉੜੀਸਾ ਅਤੇ ਪੱਛਮੀ ਬੰਗਾਲ ਵਿੱਚ ਇੱਕ ਹਵਾਈ ਸਰਵੇਖਣ ਕੀਤਾ। ਪੀਐਮ ਮੋਦੀ ਨੇ ਤੁਰੰਤ 1 ਹਜ਼ਾਰ ਕਰੋੜ ਰੁਪਏ ਦੇ ਰਾਹਤ ਪੈਕੇਜ ਦਾ ਐਲਾਨ ਕੀਤਾ ਹੈ। ਇਸ ਵਿਚੋਂ 500 ਕਰੋੜ ਓਡੀਸ਼ਾ ਲਈ ਅਤੇ 500 ਕਰੋੜ ਪੱਛਮੀ ਬੰਗਾਲ-ਝਾਰਖੰਡ ਲਈ ਦਿੱਤੇ ਗਏ ਹਨ। ਪੀਐਮ ਮੋਦੀ ਨੇ ਸ਼ੁੱਕਰਵਾਰ ਨੂੰ ਭੁਵਨੇਸ਼ਵਰ ਵਿੱਚ ਇੱਕ ਸਮੀਖਿਆ ਬੈਠਕ ਵੀ ਕੀਤੀ। ਉਨ੍ਹਾਂ ਬਚਾਅ ਕਾਰਜਾਂ ਨਾਲ ਜੁੜੇ ਸਾਰੇ ਯਤਨਾਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ ।
Took stock of the damage caused by Cyclone Yaas. Undertook an aerial survey across parts of Odisha and West Bengal. The entire nation stands in solidarity with those affected by the cyclone. https://t.co/kQFXnkypOm
— Narendra Modi (@narendramodi) May 28, 2021
ਪ੍ਰਧਾਨ ਮੰਤਰੀ ਨੇ ਉੜੀਸਾ, ਪੱਛਮੀ ਬੰਗਾਲ ਅਤੇ ਝਾਰਖੰਡ ਨੂੰ ਭਰੋਸਾ ਦਿੱਤਾ ਹੈ ਕਿ ਹਰ ਲੋੜੀਂਦੀ ਮਦਦ ਮੁਹੱਈਆ ਕਰਵਾਈ ਜਾਵੇਗੀ। ਤਬਾਹੀ ਦਾ ਜਾਇਜ਼ਾ ਲੈਣ ਲਈ ਇਕ ਅੰਤਰ-ਮੰਤਰਾਲੇ ਦੀ ਟੀਮ ਬਣਾਈ ਜਾਵੇਗੀ। ਇਸ ਤੋਂ ਇਲਾਵਾ ਤੂਫਾਨ ਵਿਚ ਆਪਣੀ ਜਾਨ ਗੁਆਉਣ ਵਾਲਿਆਂ ਦੇ ਪਰਿਵਾਰਾਂ ਲਈ 2 ਲੱਖ ਰੁਪਏ ਅਤੇ ਗੰਭੀਰ ਜ਼ਖਮੀਆਂ ਨੂੰ 50,000 ਰੁਪਏ ਦੀ ਵਿੱਤੀ ਸਹਾਇਤਾ ਦੇਣ ਦਾ ਐਲਾਨ ਕੀਤਾ ਗਿਆ ਹੈ।