ਨਵੀਂ ਦਿੱਲੀ: ਭਾਰਤ ਅਤੇ ਕੈਨੇਡਾ ਵਿਚਾਲੇ ਤਣਾਅ ਲਗਾਤਾਰ ਵਧਦਾ ਜਾ ਰਿਹਾ ਹੈ। ਪੀਐਮ ਮੋਦੀ ਨੇ ਕੈਨੇਡਾ ਵਿੱਚ ਹਿੰਦੂ ਮੰਦਿਰ ਉੱਤੇ ਹੋਏ ਹਮਲੇ ਦੀ ਸਖ਼ਤ ਨਿੰਦਾ ਕੀਤੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ‘ਐਕਸ’ ’ਤੇ ਇਕ ਪੋਸਟ ’ਚ ਕਿਹਾ, ‘‘ਮੈਂ ਕੈਨੇਡਾ ’ਚ ਹਿੰਦੂ ਮੰਦਿਰ ’ਤੇ ਜਾਣਬੁੱਝ ਕੇ ਕੀਤੇ ਇਸ ਹਮਲੇ ਦਾ ਸਖ਼ਤ ਵਿਰੋਧ ਕਰਦਾ ਹਾਂ। ਸਾਡੇ ਡਿਪਲੋਮੈਟਾਂ ਨੂੰ ਡਰਾਉਣ-ਧਮਕਾਉਣ ਦੀ ਕਾਇਰਤਾ ਭਰੀ ਕੋਸ਼ਿਸ਼ ਵੀ ਓਨੀ ਹੀ ਭਿਆਨਕ ਹੈ। ਹਿੰਸਾ ਦੀਆਂ ਅਜਿਹੀਆਂ ਕਾਰਵਾਈਆਂ ਭਾਰਤ ਦੇ ਸੰਕਲਪ ਨੂੰ ਕਦੇ ਵੀ ਕਮਜ਼ੋਰ ਨਹੀਂ ਕਰ ਸਕਦੀਆਂ। ਅਸੀਂ ਉਮੀਦ ਕਰਦੇ ਹਾਂ ਕਿ ਕੈਨੇਡਾ ਸਰਕਾਰ ਨਿਆਂ ਯਕੀਨੀ ਬਣਾਏਗੀ ਅਤੇ ਕਾਨੂੰਨ ਦੇ ਰਾਜ ਨੂੰ ਬਰਕਰਾਰ ਰੱਖੇਗੀ।”
ਵਿਦੇਸ਼ ਮੰਤਰਾਲਾ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਕਿਹਾ, ‘‘ਅਸੀਂ ਕਲ ਬਰੈਂਪਟਨ, ਓਟਾਰੀਓ ’ਚ ਹਿੰਦੂ ਸਭਾਮੰਦਿਰ ’ਚ ਕੱਟੜਪੰਥੀਆਂ ਅਤੇ ਵੱਖਵਾਦੀਆਂ ਵਲੋਂ ਕੀਤੀ ਗਈ ਹਿੰਸਾ ਦੀ ਨਿੰਦਾ ਕਰਦੇ ਹਾਂ। ਅਸੀਂ ਕੈਨੇਡਾ ਸਰਕਾਰ ਨੂੰ ਇਹ ਯਕੀਨੀ ਕਰਨ ਦਾ ਸੱਦਾ ਦਿੰਦੇ ਹਾਂ ਕਿ ਸਾਰੀਆਂ ਪੂਜਾ ਦੀਆਂ ਥਾਵਾਂ ਨੂੰ ਅਜਿਹੇ ਹਮਲਿਆਂ ਤੋਂ ਬਚਾਇਆ ਜਾਵੇ।’’
ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਘਟਨਾ ਦੀ ਨਿੰਦਾ ਕਰਦੇ ਹੋਏ ਤੁਰੰਤ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ, “ਬਰੈਂਪਟਨ ਦੇ ਹਿੰਦੂ ਸਭਾ ਮੰਦਿਰ ਵਿੱਚ ਹੋਈ ਹਿੰਸਾ ਅਸਵੀਕਾਰਨਯੋਗ ਹੈ। ਹਰ ਕੈਨੇਡੀਅਨ ਨੂੰ ਆਪਣੇ ਧਰਮ ਨੂੰ ਆਜ਼ਾਦ ਅਤੇ ਸੁਰੱਖਿਅਤ ਢੰਗ ਨਾਲ ਅਭਿਆਸ ਕਰਨ ਦਾ ਅਧਿਕਾਰ ਹੈ।” ਟਰੂਡੋ ਨੇ ਮੰਦਿਰ ਦੀ ਸੁਰੱਖਿਆ ਲਈ ਪੁਲਿਸ ਦੇ ਤੁਰੰਤ ਜਵਾਬ ਲਈ ਧੰਨਵਾਦ ਪ੍ਰਗਟਾਇਆ।