ਨਵੀ ਦਿੱਲੀ : ਪੰਜ ਦੇਸ਼ਾਂ ਦੀ ਯਾਤਰਾ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਡੇ ਐਕਸ਼ਨ ਦੀ ਤਿਆਰੀ ਵਿੱਚ ਹਨ। ਉਹ ਅੱਜ ਯਾਨੀ ਵੀਰਵਾਰ ਸ਼ਾਮ ਨੂੰ ਮੰਤਰੀ ਮੰਡਲ ਦੀ ਇੱਕ ਵੱਡੀ ਬੈਠਕ ਕਰਨ ਜਾ ਰਹੇ ਹਨ। ਮੋਦੀ ਮੰਤਰੀ ਪ੍ਰੀਸ਼ਦ ਦੀ ਇਹ ਬੈਠਕ ਅੱਜ ਸ਼ਾਮ ਨੂੰ ਪੂਰੇ 11 ਮਹੀਨਿਆਂ ਬਾਅਦ ਹੋਣ ਜਾ ਰਹੀ ਹੈ। ਸੰਭਾਵਿਤ ਫੇਰਬਦਲ ਦੀਆਂ ਅਟਕਲਾਂ ਦੇ ਵਿਚਕਾਰ ਇਸ ਮਹੱਤਵਪੂਰਨ ਬੈਠਕ ਦੇ ਕਰੀਬ 4-5 ਘੰਟੇ ਚੱਲਣ ਦੀ ਸੰਭਾਵਨਾ ਹੈ।
ਇਸ ਦੌਰਾਨ ਸੁਧਾਰਾਂ ਨੂੰ ਲੈ ਕੇ ਕਰੀਬ ਇੱਕ ਦਰਜਨ ਮੰਤਰਾਲੇ ਪ੍ਰੈਜ਼ੈਂਟੇਸ਼ਨ ਦੇਣਗੇ। ਊਰਜਾ, ਵਿੱਤ, ਰੇਲਵੇ, ਵਣਜ, ਕਿਰਤ (ਲੇਬਰ), ਖੇਤੀਬਾੜੀ, ਵਣ ਅਤੇ ਵਾਤਾਵਰਣ, ਸੜਕ ਆਵਾਜਾਈ, ਪਰਮਾਣੂ ਊਰਜਾ, DPIIT ਆਦਿ ਮੰਤਰਾਲਿਆਂ ਦੇ ਸਕੱਤਰ ਪ੍ਰੈਜ਼ੈਂਟੇਸ਼ਨ ਦੇਣਗੇ। ਇਸ ਤੋਂ ਪਹਿਲਾਂ ਸਾਰੇ ਮੰਤਰਾਲੇ ਪਿਛਲੇ ਦੋ ਸਾਲਾਂ ਵਿੱਚ ਸੁਧਾਰਾਂ ਲਈ ਚੁੱਕੇ ਗਏ ਕਦਮਾਂ ਦੀ ਜਾਣਕਾਰੀ ਕੈਬਨਿਟ ਸਕੱਤਰੇਤ ਨੂੰ ਸੌਂਪ ਚੁੱਕੇ ਹਨ। ਅਜਿਹਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਿਰਦੇਸ਼ਾਂ ਤੋਂ ਬਾਅਦ ਕੀਤਾ ਗਿਆ ਸੀ।
ਇਹ ਬੈਠਕ ਸ਼ਾਮ ਪੰਜ ਵਜੇ ਹੋਵੇਗੀ। ਪ੍ਰਧਾਨ ਮੰਤਰੀ ਮੋਦੀ ਦੀ ਪ੍ਰਧਾਨਗੀ ਹੇਠ ਹੋਣ ਵਾਲੀ ਇਸ ਬੈਠਕ ਵਿੱਚ ਸਾਰੇ ਕੈਬਨਿਟ ਮੰਤਰੀ, ਸੁਤੰਤਰ ਚਾਰਜ ਵਾਲੇ ਰਾਜ ਮੰਤਰੀ ਅਤੇ ਹੋਰ ਰਾਜ ਮੰਤਰੀ ਸ਼ਾਮਲ ਹੋਣਗੇ। ਬੈਠਕ ਵਿੱਚ ਮਿਡਲ ਈਸਟ ਦੇ ਸੰਕਟ ਅਤੇ ਉਸ ਕਾਰਨ ਊਰਜਾ, ਐਵੀਏਸ਼ਨ, ਖੇਤੀਬਾੜੀ ਅਤੇ ਲੌਜਿਸਟਿਕਸ ਵਰਗੇ ਖੇਤਰਾਂ ‘ਤੇ ਪੈ ਰਹੇ ਆਰਥਿਕ ਪ੍ਰਭਾਵ ਨੂੰ ਘੱਟ ਕਰਨ ਦੀਆਂ ਰਣਨੀਤੀਆਂ ‘ਤੇ ਵੀ ਚਰਚਾ ਹੋਵੇਗੀ।
ਪੀ.ਐੱਮ. ਦੀ ਇਹ ਬੈਠਕ ਅਜਿਹੇ ਸਮੇਂ ਹੋ ਰਹੀ ਹੈ, ਜਦੋਂ ਦੇਸ਼ ਵਿੱਚ NEET ਪ੍ਰੀਖਿਆ ਦਾ ਪੇਪਰ ਲੀਕ ਹੋਣ ਕਾਰਨ ਮਾਹੌਲ ਗਰਮਾਇਆ ਹੋਇਆ ਹੈ ਦੂਜੇ ਪਾਸੇ, ਅਮਰੀਕਾ ਤੇ ਈਰਾਨ ਵਿਚਾਲੇ ਜਾਰੀ ਤਣਾਅ ਕਾਰਨ ਪੱਛਮੀ ਏਸ਼ੀਆ ਦਾ ਸੰਕਟ ਖ਼ਤਮ ਹੋਣ ਦੇ ਆਸਾਰ ਨਜ਼ਰ ਨਹੀਂ ਆ ਰਹੇ ਹਨ। ਇਸ ਵਜ੍ਹਾ ਕਰਕੇ ਖਾੜੀ ਦੇਸ਼ਾਂ ਤੋਂ ਭਾਰਤ ਨੂੰ ਹੋਣ ਵਾਲੀ ਤੇਲ ਅਤੇ ਗੈਸ ਦੀ ਸਪਲਾਈ ਬੁਰੀ ਤਰਾਂ ਪ੍ਰਭਾਵਿਤ ਹੋ ਰਹੀ ਹੈ।
ਕਿਹਾ ਜਾ ਰਿਹਾ ਹੈ ਕਿ ਪੀ.ਐੱਮ. ਮੋਦੀ ਪੱਛਮੀ ਏਸ਼ੀਆ ਵਿੱਚ ਜਾਰੀ ਸੰਕਟ ਅਤੇ ਉਸਦੇ ਆਰਥਿਕ ਪ੍ਰਭਾਵਾਂ ਦਾ ਜ਼ਿਕਰ ਕਰ ਸਕਦੇ ਹਨ। ਇਸ ਦੇ ਨਾਲ ਹੀ ਸਾਰੇ ਮੰਤਰੀ ਆਪਣੇ ਮੰਤਰਾਲਿਆਂ ਵੱਲੋਂ ਸੁਧਾਰਾਂ ਦੀ ਦਿਸ਼ਾ ਵਿੱਚ ਚੁੱਕੇ ਗਏ ਕਦਮਾਂ ਦੀ ਜਾਣਕਾਰੀ ਦੇਣਗੇ ਅਤੇ ਨਾਲ ਹੀ ਇਹ ਵੀ ਦੱਸਣਗੇ ਕਿ ਅੱਗੇ ਸੁਧਾਰ ਕਿਸ ਤਰ੍ਹਾਂ ਕੀਤੇ ਜਾਣਗੇ।

