ਫਰਾਂਸ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਫਰਾਂਸ ਦੇ ਐਵੀਅਨ ਸ਼ਹਿਰ ਵਿੱਚ ਜੀ-7 ਸੰਮੇਲਨ ਵਿੱਚ ਸ਼ਿਰਕਤ ਕੀਤੀ। ਸੰਮੇਲਨ ਦੇ ਆਊਟਰੀਚ ਸੈਸ਼ਨ ਵਿੱਚ ਪੀਐਮ ਮੋਦੀ ਅਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਇੱਕ-ਦੂਜੇ ਦੇ ਨਾਲ-ਨਾਲ ਬੈਠੇ ਦੇਖਿਆ ਗਿਆ। ਇਸ ਦੌਰਾਨ ਪੀਐਮ ਮੋਦੀ ਨੇ ਹੋਰਮੁਜ਼ ਅਤੇ ਉਸਦੇ ਆਸ-ਪਾਸ ਦੇ ਸਮੁੰਦਰ ਵਿੱਚ ਭਾਰਤੀ ਨਾਵਿਕਾਂ (ਮਲਾਹਾਂ) ਦੀ ਮੌਤ ‘ਤੇ ਸਖ਼ਤ ਰੁਖ਼ ਅਖਤਿਆਰ ਕੀਤਾ।
ਓਮਾਨ ਦੀ ਖਾੜੀ ਵਿੱਚ ਅਮਰੀਕੀ ਫੌਜ ਦੇ ਹਮਲੇ ਵਿੱਚ ਤਿੰਨ ਭਾਰਤੀ ਨਾਵਿਕਾਂ ਦੀ ਮੌਤ ਦੇ ਕੁਝ ਦਿਨਾਂ ਬਾਅਦ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜੀ-7 (G7) ਨੇਤਾਵਾਂ ਦੀ ਬੈਠਕ ਵਿੱਚ ਸਮੁੰਦਰੀ ਸੁਰੱਖਿਆ ਦਾ ਮੁੱਦਾ ਜ਼ੋਰਦਾਰ ਤਰੀਕੇ ਨਾਲ ਚੁੱਕਿਆ। ਉਨ੍ਹਾਂ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਸਮੇਤ ਹੋਰ ਜੀ-7 ਨੇਤਾਵਾਂ ਦੇ ਸਾਹਮਣੇ ਕਿਹਾ ਕਿ ਸਾਰੇ ਦੇਸ਼ਾਂ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਸਮੁੰਦਰੀ ਰਸਤੇ ਸੁਰੱਖਿਅਤ ਰਹਿਣ ਅਤੇ ਨਾਵਿਕ ਬਿਨਾਂ ਕਿਸੇ ਡਰ ਦੇ ਆਪਣਾ ਕੰਮ ਕਰ ਸਕਣ।
ਫ਼ਰਾਂਸ ਦੇ ਐਵੀਅਨ ਵਿੱਚ ਹੋ ਰਹੇ ਜੀ-7 (G7) ਸਿਖਰ ਸੰਮੇਲਨ ਦੇ ‘ਨਵੀਂਆਂ ਸਾਂਝੇਦਾਰੀਆਂ ਦਾ ਨਿਰਮਾਣ ਅਤੇ ਅੰਤਰਰਾਸ਼ਟਰੀ ਇੱਕਜੁੱਟਤਾ ਦਾ ਪੁਨਰ-ਨਿਰਮਾਣ’ ਵਿਸ਼ੇ ‘ਤੇ ਆਯੋਜਿਤ ਸੈਸ਼ਨ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਹੋਰਮੁਜ਼ ਜਲਡਮਰੂਮੱਧ (Strait of Hormuz) ਵਿੱਚ ਸਮੁੰਦਰੀ ਵਪਾਰ ਵਿੱਚ ਰੁਕਾਵਟਾਂ ਕਾਰਨ ਗਲੋਬਲ ਆਰਥਿਕਤਾ ਨੂੰ ਨੁਕਸਾਨ ਪਹੁੰਚਿਆ ਹੈ ਅਤੇ ਕਈ ਭਾਰਤੀ ਨਾਗਰਿਕਾਂ ਦੀ ਜਾਨ ਵੀ ਗਈ ਹੈ। ਪਿਛਲੇ ਹਫ਼ਤੇ ਓਮਾਨ ਦੇ ਤੱਟ ‘ਤੇ ਇੱਕ ਵਪਾਰਕ ਜਹਾਜ਼ ‘ਤੇ ਅਮਰੀਕੀ ਫੌਜ ਦੇ ਹਮਲੇ ਵਿੱਚ ਚਾਲਕ ਦਲ ਦੇ 3 ਭਾਰਤੀ ਮੈਂਬਰਾਂ ਦੀ ਮੌਤ ਤੋਂ ਬਾਅਦ ਭਾਰਤ ਵਿੱਚ ਵਧ ਰਹੇ ਗੁੱਸੇ ਦੇ ਵਿਚਕਾਰ, ਪੀਐਮ ਮੋਦੀ ਨੇ ਸਮੁੰਦਰੀ ਯਾਤਰੀਆਂ ਦੀ ਸੁਰੱਖਿਆ ਯਕੀਨੀ ਬਣਾਉਣ ‘ਤੇ ਵਿਸ਼ੇਸ਼ ਜ਼ੋਰ ਦਿੱਤਾ। ਟਰੰਪ ਦੇ ਸਾਹਮਣੇ ਪੀਐਮ ਮੋਦੀ ਨੇ ਕਿਹਾ ਕਿ ਕਈ ਭਾਰਤੀ ਨਾਗਰਿਕਾਂ ਨੇ ਆਪਣੀ ਜਾਨ ਵੀ ਗਵਾਈ ਹੈ। ਗਲੋਬਲ ਸਮੁੰਦਰੀ ਵਪਾਰ ਦੇ ਮਾਧਿਅਮ ਨਾਲ ਦੇਸ਼ਾਂ ਨੂੰ ਜੋੜਨ ਵਾਲੇ ਨਾਵਿਕਾਂ ਦੀ ਸੁਰੱਖਿਆ ਸਾਡੀ ਜ਼ਿੰਮੇਵਾਰੀ ਹੈ।
ਇਸ ਦੇ ਨਾਲ ਹੀ ਪੀਐਮ ਮੋਦੀ ਨੇ ਜੀ-7 ਬੈਠਕ ਵਿੱਚ ਦੁਨੀਆ ਦੀ ਸੁਰੱਖਿਆ ਅਤੇ ਵਪਾਰ ਨੂੰ ਲੈ ਕੇ ਚਿੰਤਾ ਪ੍ਰਗਟਾਈ। ਉਨ੍ਹਾਂ ਨੇ ਕਿਹਾ ਕਿ ਸਮੁੰਦਰੀ ਰਸਤਿਆਂ ਨੂੰ ਸੁਰੱਖਿਅਤ ਰੱਖਣਾ ਬਹੁਤ ਜ਼ਰੂਰੀ ਹੈ। ਪੀਐਮ ਮੋਦੀ ਨੇ ਦੱਸਿਆ ਕਿ ਹੋਰਮੁਜ਼ ਜਲਡਮਰੂਮੱਧ ਵਿੱਚ ਚੱਲ ਰਹੇ ਤਣਾਅ ਅਤੇ ਉੱਥੇ ਜਹਾਜ਼ਾਂ ਨੂੰ ਰੋਕਣ ਨਾਲ ਪੂਰੀ ਦੁਨੀਆ ਦੀ ਆਰਥਿਕਤਾ ‘ਤੇ ਬੁਰਾ ਅਸਰ ਪਿਆ ਹੈ।
ਪੀਐਮ ਮੋਦੀ ਜਿਸ ਸੈਸ਼ਨ ਵਿੱਚ ਸ਼ਾਮਲ ਹੋਏ, ਉਹ ਇੱਕ ਹਾਈ-ਲੇਵਲ ਵਰਕਿੰਗ ਸੈਸ਼ਨ ਸੀ। ਇਸ ਦਾ ਵਿਸ਼ਾ ‘ਨਵੀਂਆਂ ਸਾਂਝੇਦਾਰੀਆਂ ਬਣਾਉਣਾ ਅਤੇ ਅੰਤਰਰਾਸ਼ਟਰੀ ਇੱਕਜੁੱਟਤਾ ਨੂੰ ਮੁੜ ਬਹਾਲ ਕਰਨਾ’ ਸੀ। ਇਸ ਸੈਸ਼ਨ ਵਿੱਚ ਜੀ-7 ਦੇਸ਼ਾਂ ਦੇ ਨੇਤਾ, ਸਹਿਯੋਗੀ ਦੇਸ਼ਾਂ ਦੇ ਨੇਤਾ ਅਤੇ ਵਰਲਡ ਬੈਂਕ ਤੇ ਅਫ਼ਰੀਕਨ ਡਿਵੈਲਪਮੈਂਟ ਬੈਂਕ ਦੇ ਮੁੱਖ ਨੁਮਾਇੰਦੇ ਸ਼ਾਮਲ ਹੋਏ।

