ਨਿਊਜ਼ੀਲੈਂਡ ‘ਚ ਪੀਐਮ ਮੋਦੀ ਨੇ ਭਾਰਤੀ ਭਾਈਚਾਰੇ ਨੂੰ ਕੀਤਾ ਸੰਬੋਧਨ; 25 ਸਾਲ ਪਹਿਲਾਂ ਤੋਹਫ਼ੇ ‘ਚ ਮਿਲੀ ਖਾਸ ਚੀਜ਼ ਦਾ ਕਿੱਸਾ ਕੀਤਾ ਸਾਂਝਾ

Global Team
3 Min Read

ਆਕਲੈਂਡ : ਨਿਊਜ਼ੀਲੈਂਡ ਵਿੱਚ ਪੀਐਮ ਮੋਦੀ ਨੇ ਭਾਰਤੀ ਭਾਈਚਾਰੇ ਨੂੰ ਸੰਬੋਧਨ ਕੀਤਾ। ਇੱਥੇ ਉਨ੍ਹਾਂ ਨੇ ਕਿਹਾ ਕਿ ਅੱਜ 40 ਸਾਲਾਂ ਬਾਅਦ ਭਾਰਤ ਦਾ ਕੋਈ ਪੀਐਮ ਨਿਊਜ਼ੀਲੈਂਡ ਆਇਆ ਹੈ। ਪ੍ਰਧਾਨ ਮੰਤਰੀ ਵਜੋਂ ਭਾਵੇਂ ਇਹ ਮੇਰਾ ਪਹਿਲਾ ਨਿਊਜ਼ੀਲੈਂਡ ਦੌਰਾ ਹੈ, ਪਰ 25-30 ਸਾਲ ਪਹਿਲਾਂ ਜਦੋਂ ਮੈਂ ਕਿਸੇ ਸਰਕਾਰ ਦਾ ਹਿੱਸਾ ਨਹੀਂ ਸੀ, ਉਦੋਂ ਮੈਨੂੰ ਨਿਊਜ਼ੀਲੈਂਡ ਆਉਣ ਦਾ ਮੌਕਾ ਮਿਲਿਆ ਸੀ। ਉਸ ਸਮੇਂ ਮੈਨੂੰ ਕਿਸੇ ਨੇ ਤੋਹਫ਼ੇ ਵਿੱਚ ਤਿੰਨ ਚੀਜ਼ਾਂ ਦਿੱਤੀਆਂ ਸਨ- ਇੱਕ ਮਫ਼ਲਰ, ਦੂਜੀ ਟੋਪੀ ਅਤੇ ਤੀਜੇ ਦਸਤਾਨੇ। ਉਨ੍ਹਾਂ ਵਿੱਚੋਂ ਇੱਕ ਚੀਜ਼ ਮੈਂ ਹੁਣ ਇੱਥੇ ਇਸ ਪ੍ਰੋਗਰਾਮ ਵਿੱਚ ਵੀ ਲੈ ਕੇ ਆਇਆ ਹਾਂ।

ਉਨ੍ਹਾਂ ਕਿਹਾ “ਇਹ ਮਫ਼ਲਰ 25-30 ਸਾਲ ਪਹਿਲਾਂ ਮੈਨੂੰ ਨਿਊਜ਼ੀਲੈਂਡ ਦੇ ਇੱਕ ਸਾਥੀ ਨੇ ਦਿੱਤਾ ਸੀ। ਇੰਨੇ ਸਾਲਾਂ ਵਿੱਚ ਮੈਂ ਕਈ ਵਾਰ ਇਸ ਦੀ ਵਰਤੋਂ ਕੀਤੀ ਹੈ ਅਤੇ ਅੱਜ ਵੀ ਇਸ ਨੂੰ ਸੰਭਾਲ ਕੇ ਰੱਖਿਆ ਹੋਇਆ ਹੈ, ਜਿਵੇਂ ਤੁਹਾਡੇ ਪਿਆਰ ਨੂੰ ਸੰਭਾਲ ਕੇ ਰੱਖਦਾ ਹਾਂ। ਪੀਐਮ ਮੋਦੀ ਨੇ ਕਿਹਾ, “ਭਾਰਤ ਅਤੇ ਨਿਊਜ਼ੀਲੈਂਡ ਦੇ ਸਬੰਧ ਖ਼ਾਸ ਹਨ, ਇਹ ਮਜ਼ਬੂਤ ਹਨ। ਇਹ ਰਿਸ਼ਤਾ ਹੁਣ ਨਵੀਆਂ ਰਾਹਾਂ ‘ਤੇ ਹੈ। ਇਸ ਰਿਸ਼ਤੇ ਨੂੰ ਇੱਥੋਂ ਦੀ ਹਰ ਪਾਰਟੀ ਦਾ ਸਮਰਥਨ ਹਾਸਲ ਹੈ।”

ਪੀਐਮ ਮੋਦੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਨਿਊਜ਼ੀਲੈਂਡ ਦੀ ਅਸਲ ਤਾਕਤ ਇੱਥੋਂ ਦੇ ਸਥਾਨਕ ਲੋਕ ਹਨ। ਇੱਥੋਂ ਦੇ ਲੋਕਾਂ ਨੇ ਦਿਖਾਇਆ ਹੈ ਕਿ ਕੋਈ ਦੇਸ਼ ਜਦੋਂ ਇੱਕ ਜਨੂੰਨ, ਇੱਕ ਜਜ਼ਬੇ ਨਾਲ ਅੱਗੇ ਵਧਦਾ ਹੈ ਤਾਂ ਉਹ ਦੁਨੀਆ ਨੂੰ ਪ੍ਰੇਰਿਤ ਕਰਦਾ ਹੈ। ਕੀਵੀ ਇੰਡੀਅਨ ਕਮਿਊਨਿਟੀ ਨੂੰ ਵੀ ਨਿਊਜ਼ੀਲੈਂਡ ਦੇ ਖੁੱਲ੍ਹੇ ਦਿਲ ਵਾਲੇ ਲੋਕਾਂ ਨੇ ਬਹੁਤ ਪਿਆਰ ਨਾਲ ਅਪਣਾਇਆ ਹੈ ਅਤੇ ਆਪਣੀ ਟੀਮ ਦਾ ਹਿੱਸਾ ਬਣਾਇਆ ਹੈ। ਉਨ੍ਹਾਂ ਨੇ ਤੁਹਾਡੇ ਹੁਨਰ ਅਤੇ ਤੁਹਾਡੀ ਸੋਚ ‘ਤੇ ਭਰੋਸਾ ਕੀਤਾ ਹੈ। ਅੱਜ ਨਿਊਜ਼ੀਲੈਂਡ ਦੀ ਆਰਥਿਕਤਾ ਅਤੇ ਇੱਥੋਂ ਦੇ ਸਮਾਜ ਵਿੱਚ ਕੀਵੀ ਇੰਡੀਅਨਜ਼ ਨਵੇਂ-ਨਵੇਂ ਰੰਗ ਭਰ ਰਹੇ ਹਨ।

ਉਨ੍ਹਾਂ ਨੇ ਅੱਗੇ ਕਿਹਾ, ਭਾਰਤੀ ਦੇਸ਼ ਤੋਂ ਬਾਹਰ ਜਿਸ ਵੀ ਦੇਸ਼ ਵਿੱਚ ਰਹਿੰਦੇ ਹਨ, ਉੱਥੇ ਉਸ ਦੇਸ਼ ਦੀ ਪ੍ਰਗਤੀ ਵਿੱਚ ਪੂਰੀ ਮਦਦ ਕਰਦੇ ਹਨ ਅਤੇ ਆਪਣੇ ਦੇਸ਼ ਦੇ ਵਿਕਾਸ ਦੀ ਵੀ ਜਾਣਕਾਰੀ ਰੱਖਦੇ ਹਨ। ਅਸੀਂ ਜਿੰਨਾ ਪਿਆਰ ਜਨਮ ਭੂਮੀ ਨੂੰ ਕਰਦੇ ਹਾਂ, ਉੰਨੀ ਹੀ ਮਿਹਨਤ ਤੇ ਸਮਰਪਣ ਕਰਮ ਭੂਮੀ ਲਈ ਵੀ ਕਰਦੇ ਹਾਂ। ਸਪੇਸ ਸੈਕਟਰ ਖ਼ੁਦ ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਆਰਥਿਕ ਭਾਈਵਾਲੀ ਦੀਆਂ ਅਪਾਰ ਸੰਭਾਵਨਾਵਾਂ ਨੂੰ ਦਰਸਾਉਂਦਾ ਹੈ। ਸਾਡੇ ਵਪਾਰਕ ਸਮਝੌਤੇ ਵਿੱਚ ਵੀ ਇਹੀ ਭਾਵਨਾ ਝਲਕਦੀ ਹੈ। ਇਹ ਸਮਝੌਤਾ ਵਿਕਸਿਤ ਭਾਰਤ ਵੱਲ ਸਾਡੀ ਯਾਤਰਾ ਨੂੰ ਤੇਜ਼ ਕਰੇਗਾ। ਇਸ ਨਾਲ ਭਾਰਤ ਅਤੇ ਨਿਊਜ਼ੀਲੈਂਡ, ਦੋਵਾਂ ਦੇਸ਼ਾਂ ਵਿੱਚ ਕਾਰੋਬਾਰਾਂ ਲਈ ਨਵੇਂ ਮੌਕੇ ਪੈਦਾ ਹੋਣਗੇ। ਸਾਡੇ ਦੋਵਾਂ ਦੇਸ਼ਾਂ ਵਿਚਾਲੇ ਇੱਕ ਹੋਰ ਮਹੱਤਵਪੂਰਨ ਸਮਾਨਤਾ ਹੈ। ਇਹ ਸਮਾਨਤਾ ਹੈ ਆਪਣੀਆਂ ਮੂਲ ਸੰਸਕ੍ਰਿਤੀਆਂ ਨੂੰ ਮਨਾਉਣ ਅਤੇ ਉਨ੍ਹਾਂ ਨੂੰ ਸੰਭਾਲਣ ਪ੍ਰਤੀ ਸਾਡੀ ਸਾਂਝੀ ਵਚਨਬੱਧਤਾ।

ਪੀਐਮ ਮੋਦੀ ਨੇ ਕਿਹਾ, “ਇੱਕ ਗੱਲ ਹੋਰ ਕਹਾਂਗਾ ਕਿ ਇਸ ਵਾਰ ਭਾਰਤੀ ਪ੍ਰਧਾਨ ਮੰਤਰੀ ਨੂੰ ਨਿਊਜ਼ੀਲੈਂਡ ਆਉਣ ਵਿੱਚ 40 ਸਾਲ ਲੱਗ ਗਏ ਹਨ, ਪਰ ਹੁਣ ਤੁਹਾਨੂੰ ਇੰਨਾ ਲੰਬਾ ਇੰਤਜ਼ਾਰ ਨਹੀਂ ਕਰਨਾ ਪਵੇਗਾ, ਹੁਣ 40 ਸਾਲ ਨਹੀਂ ਲੱਗਣਗੇ, ਇਹ ਮੋਦੀ ਦੀ ਗਾਰੰਟੀ ਹੈ।”

 

Share This Article
Leave a Comment