ਨਿਊਜ਼ ਡੈਸਕ: ਅਮਰੀਕਾ ਵਿੱਚ ਮੁੜ ਇੱਕ ਭਾਰਤੀ ਮੂਲ ਦੇ ਨਾਗਰਿਕ ਦਾ ਕਤਲ ਕਰ ਦਿੱਤਾ ਗਿਆ ਹੈ। ਪੈਨਸਿਲਵੇਨੀਆ ਦੇ ਪਿੱਟਸਬਰਗ ਸ਼ਹਿਰ ਵਿੱਚ ਇੱਕ ਭਾਰਤੀ ਮੂਲ ਦੇ ਮੋਟਲ ਮੈਨੇਜਰ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਮ੍ਰਿਤਕ ਦੀ ਪਛਾਣ 50 ਸਾਲ ਦੇ ਰਾਕੇਸ਼ ਏਹਾਗਬਾਨ ਵਜੋਂ ਹੋਈ ਹੈ, ਜਦੋਂ ਉਹ ਰੌਬਿਨਸਨ ਟਾਊਨਸ਼ਿਪ ਦੇ ਇੱਕ ਮੋਟਲ ਦੀ ਪਾਰਕਿੰਗ ਵਿੱਚ ਚੱਲ ਰਹੇ ਇੱਕ ਵਿਵਾਦ ਨੂੰ ਵੇਖਣ ਲਈ ਬਾਹਰ ਨਿੱਕਲੇ ਸਨ, ਤਾਂ ਵੇ ਬੰਦੂਕਧਾਰੀ ਨੇ ਨੇੜ੍ਹੇ ਤੋਂ ਉਸ ਦੇ ਸਿਰ ਵਿੱਚ ਗੋਲੀ ਮਾਰ ਦਿੱਤੀ।
ਦੋਸ਼ੀ ਦੀ ਪਛਾਣ 37 ਸਾਲਾਂ ਦੇ ਸਟੈਨਲੀ ਯੂਜੀਨ ਵੈਸਟ ਵਜੋਂ ਹੋਈ ਹੈ। ਉਸ ਵਿਰੁੱਧ ਅਪਰਾਧਿਕ ਕਤਲ, ਕਤਲ ਦੀ ਕੋਸ਼ਿਸ਼ ਅਤੇ ਲਾਪਰਵਾਹੀ ਨਾਲ ਕਿਸੇ ਹੋਰ ਵਿਅਕਤੀ ਨੂੰ ਖ਼ਤਰੇ ਵਿੱਚ ਪਾਉਣ ਦੇ ਦੋਸ਼ ਲਗਾਏ ਗਏ ਹਨ। ਸਥਾਨਕ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
4 ਫੁੱਟ ਦੀ ਦੂਰੀ ਤੋਂ ਮਾਰੀ ਗੋਲੀ
ਪੁਲਿਸ ਨੇ ਕਿਹਾ ਕਿ ਵੈਸਟ ਨੇ ਏਹਾਗਬਾਨ ਤੇ ਗੋਲੀ ਚਲਾਈ ਜਦੋਂ ਉਸ ਨੇ ਬੰਦੂਕਧਾਰੀ ਤੋਂ ਪੁੱਛਿਆ, ‘ਤੁਸੀਂ ਠੀਕ ਹੋ? ਦੋਸਤ’। ਅਧਿਕਾਰੀਆਂ ਨੇ ਇਹ ਵੀ ਦੱਸਿਆ ਕਿ ਨਿਗਰਾਨੀ ਵੀਡੀਓ ਵਿੱਚ ਵੈਸਟ ਨੂੰ ਭਾਰਤੀ ਮੂਲ ਦੇ ਨਾਗਰਿਕ ਵੱਲ ਵਧਦੇ ਹੋਏ ਵਿਖਾਇਆ ਗਿਆ ਹੈ। ਜਿਵੇਂ ਹੀ ਉਹ ਏਹਾਗਬਾਨ ਤੋਂ ਇੱਕ ਫੁੱਟ ਦੀ ਦੂਰੀ ਤੇ ਪਹੁੰਚਿਆ, ਉਸ ਨੇ ਆਪਣੀ ਬੰਦੂਕ ਚੁੱਕੀ ਅਤੇ ਉਸ ਦੇ ਸਿਰ ਵਿੱਚ ਗੋਲੀ ਮਾਰ ਦਿੱਤੀ।
ਇਸ ਦੌਰਾਨ, ਸ਼ੁੱਕਰਵਾਰ ਨੂੰ ਪੁਲਿਸ ਨਾਲ ਝੜਪ ਵਿੱਚ ਹਮਲਾਵਰ ਵੈਸਟ ਨੂੰ ਵੀ ਜ਼ਖ਼ਮੀ ਹੋਣ ਦੀ ਖ਼ਬਰ ਹੈ। ਅਧਿਕਾਰੀਆਂ ਨੇ ਦੱਸਿਆ ਕਿ ਜਿਵੇਂ ਹੀ ਪੁਲਿਸ ਨੇ ਉਸ ਦੀ ਗੱਡੀ ਦਾ ਪਿੱਛਾ ਕੀਤਾ ਅਤੇ ਨੇੜ੍ਹੇ ਪਹੁੰਚੀ, ਸ਼ੱਕੀ ਨੇ ਗੋਲੀ ਚਲਾ ਦਿੱਤੀ ਜੋ ਪਿੱਟਸਬਰਗ ਦੇ ਇੱਕ ਜਾਸੂਸ ਦੇ ਪੈਰ ਵਿੱਚ ਲੱਗ ਗਈ। ਪੁਲਿਸ ਨੇ ਕਿਹਾ ਕਿ ਇਸ ਤੋਂ ਬਾਅਦ ਅਧਿਕਾਰੀਆਂ ਨੇ ਵੀ ਜਵਾਬੀ ਗੋਲੀਬਾਰੀ ਕੀਤੀ, ਜਿਸ ਵਿੱਚ ਕਤਲ ਦੇ ਦੋਸ਼ੀ ਨੂੰ ਕਈ ਗੋਲੀਆਂ ਲੱਗੀਆਂ।
ਮੋਟਲ ਦੇ ਬਾਹਰ ਹੋ ਰਿਹਾ ਸੀ ਵਿਵਾਦ
ਦੱਸਣਯੋਗ ਹੈ ਕਿ ਵੈਸਟ ਨੇ ਜਦੋਂ ਮੋਟਲ ਦੇ ਬਾਹਰ ਕਿਸੇ ਵਿਵਾਦ ਤੋਂ ਬਾਅਦ ਆਪਣੀ ਇੱਕ ਔਰਤ ਸਾਥੀ ਨੂੰ ਗੋਲੀ ਮਾਰ ਦਿੱਤੀ ਸੀ, ਤਾਂ ਏਹਾਗਬਾਨ ਹਾਲਾਤ ਵੇਖਣ ਲਈ ਬਾਹਰ ਆਇਆ ਸੀ।ਪੁਲਿਸ ਅਧਿਕਾਰੀ ਕ੍ਰਿਸਟੋਫਰ ਕੀਰਨਜ਼ ਨੇ ਦੱਸਿਆ ਕਿ ਜਦੋਂ ਮੋਟਲ ਮੈਨੇਜਰ ਉੱਥੇ ਪਹੁੰਚਿਆ, ਤਾਂ ਸ਼ੱਕੀ ਨੇ ਉਸ ਦੇ ਸਿਰ ਵਿੱਚ ਗੋਲੀ ਮਾਰ ਕੇ ਉਸ ਦਾ ਕਤਲ ਕਰ ਦਿੱਤਾ। ਔਰਤ ਨੂੰ ਹਸਪਤਾਲ ਲਿਜਾਇਆ ਗਿਆ। ਉਸ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।