ਲੁਧਿਆਣਾ (ਅਵਤਾਰ ਸਿੰਘ) : ਪੀ.ਏ.ਯੂ. ਲੁਧਿਆਣਾ ਵਿਖੇ ਵਿਸ਼ਵ ਫੋਟੋਗ੍ਰਾਫੀ ਦਿਹਾੜੇ ਨਾਲ ਸੰਬੰਧਤ ਇੱਕ ਸੰਖੇਪ ਸਮਾਗਮ ਹੋਇਆ। ਇਸ ਵਿੱਚ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਬਲਦੇਵ ਸਿੰਘ ਢਿੱਲੋਂ ਨੇ ਇੱਕ ਤਸਵੀਰ ਜਾਰੀ ਕੀਤੀ। ਇਸ ਤਸਵੀਰ ਵਿੱਚ ਮੌਜੂਦਾ ਕੋਵਿਡ ਮਹਾਂਮਾਰੀ ਦੌਰਾਨ ਮਾਸਕ ਦਾ ਮਹੱਤਵ ਦਰਸਾਇਆ ਗਿਆ ਹੈ। ਡਾ. ਢਿੱਲੋਂ ਨੇ ਇਸ ਮੌਕੇ ਆਪਣੀ ਟਿੱਪਣੀ ਦੌਰਾਨ ਕੁਦਰਤ ਪ੍ਰੇਮੀ ਫੋਟੋਗ੍ਰਾਫਰ ਅਤੇ ਵਕੀਲ ਸ੍ਰੀ ਹਰਪ੍ਰੀਤ ਸੰਧੂ ਦੇ ਇਸ ਕਾਰਜ ਦੀ ਸ਼ਲਾਘਾ ਕੀਤੀ। ਡਾ. ਢਿੱਲੋਂ ਨੇ ਦੱਸਿਆ ਕਿ ਇਸ ਸੰਕਟ ਦੌਰਾਨ ਸਾਨੂੰ ਹੱਥਾਂ ਦੀ ਸਫ਼ਾਈ ਅਤੇ ਸਮਾਜਿਕ ਵਿੱਥ ਵਰਗੇ ਤਰੀਕੇ ਅਪਨਾਉਣ ਦੇ ਨਾਲ-ਨਾਲ ਜਨਤਕ ਥਾਵਾਂ ਤੇ ਮਾਸਕ ਦੀ ਵਰਤੋਂ ਹਰ ਹਾਲਤ ਵਿੱਚ ਕਰਨੀ ਚਾਹੀਦੀ ਹੈ। ਉਹਨਾਂ ਨੇ ਲੋਕਾਂ ਵਿੱਚ ਮਾਸਕ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ ਵਿਸ਼ਵ ਫੋਟੋਗ੍ਰਾਫੀ ਦਿਹਾੜੇ ਤੇ ਕੀਤੀ ਇਸ ਕੋਸ਼ਿਸ਼ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਫੋਟੋਗ੍ਰਾਫੀ ਦੀ ਕਲਾ ਲੋਕਾਂ ਤੱਕ ਲਾਭਕਾਰੀ ਸੁਨੇਹੇ ਦੇ ਸੰਚਾਰ ਦਾ ਵਧੀਆ ਮਾਧਿਅਮ ਹੈ। ਇਸ ਮੌਕੇ ਹਰਪ੍ਰੀਤ ਸਿੰਘ ਸੰਧੂ ਨੇ ਵੀ ਮਾਸਕ ਪਾਉਣ ਦੀ ਆਦਤ ਨੂੰ ਵਧਾਉਣ ਲਈ ਲੋਕਾਂ ਵਿੱਚ ਇਸ ਫੋਟੋ ਦੇ ਮਾਧਿਅਮ ਰਾਹੀਂ ਸੁਨੇਹੇ ਦੇ ਪ੍ਰਸਾਰ ਬਾਰੇ ਆਪਣੇ ਵਿਚਾਰ ਰੱਖੇ।