ਫਿਲੀਪੀਨਜ਼ ‘ਚ ਆਇਆ 7.8 ਤੀਬਰਤਾ ਦਾ ਜ਼ਬਰਦਸਤ ਭੂਚਾਲ! ਧਰਤੀ ਕੰਬਦੇ ਹੀ ਸੁਨਾਮੀ ਦੀ ਚੇਤਾਵਨੀ ਜਾਰੀ

Global Team
3 Min Read

ਮਨੀਲਾ : ਫਿਲੀਪੀਨਜ਼ ਦੇ ਦੱਖਣੀ ਹਿੱਸੇ ਮਿੰਡਾਨਾਓ ਵਿੱਚ ਸੋਮਵਾਰ ਨੂੰ ਆਏ ਸ਼ਕਤੀਸ਼ਾਲੀ ਭੂਚਾਲ ਨੇ ਪੂਰੇ ਖੇਤਰ ਵਿੱਚ ਦਹਿਸ਼ਤ ਫੈਲਾ ਦਿੱਤੀ। ਫਿਲੀਪੀਨਜ਼ ਦੇ ਮਿੰਡਾਨਾਓ ਖੇਤਰ ਵਿੱਚ ਸੋਮਵਾਰ ਸਵੇਰੇ 7.8 ਤੀਬਰਤਾ ਦਾ ਭੂਚਾਲ ਆਇਆ। ਇਸ ਤੋਂ ਬਾਅਦ ਫਿਲੀਪੀਨਜ਼, ਇੰਡੋਨੇਸ਼ੀਆ ਅਤੇ ਜਾਪਾਨ ਦੇ ਕਈ ਤੱਟਵਰਤੀ ਇਲਾਕਿਆਂ ਲਈ ਸੁਨਾਮੀ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ।

ਅਮਰੀਕੀ ਭੂ-ਵਿਗਿਆਨਕ ਸਰਵੇਖਣ (USGS) ਦੇ ਮੁਤਾਬਕ, ਭੂਚਾਲ ਦਾ ਕੇਂਦਰ ਫਿਲੀਪੀਨਜ਼ ਦੇ ਬੁਰੀਆਸ ਸ਼ਹਿਰ ਤੋਂ ਕਰੀਬ 25 ਕਿਲੋਮੀਟਰ ਦੂਰ ਸੀ। ਭੂਚਾਲ ਸਥਾਨਕ ਸਮੇਂ ਅਨੁਸਾਰ ਸਵੇਰੇ 7:37 ਵਜੇ ਆਇਆ। ਰਿਕਟਰ ਪੈਮਾਨੇ ‘ਤੇ ਭੂਚਾਲ ਦੀ ਤੀਬਰਤਾ 7.8 ਦਰਜ ਕੀਤੀ ਗਈ, ਜਿਸ ਤੋਂ ਬਾਅਦ ਫਿਲੀਪੀਨਜ਼ ਅਤੇ ਇੰਡੋਨੇਸ਼ੀਆ ਵਿੱਚ ਸੁਨਾਮੀ ਦੀ ਚੇਤਾਵਨੀ ਜਾਰੀ ਕਰ ਦਿੱਤੀ ਗਈ। ਪ੍ਰਸ਼ਾਸਨ ਨੇ ਸਮੁੰਦਰ ਦੇ ਕੰਢੇ ਨੇੜੇ ਰਹਿਣ ਵਾਲੇ ਲੋਕਾਂ ਨੂੰ ਤੁਰੰਤ ਸੁਰੱਖਿਅਤ ਥਾਵਾਂ ‘ਤੇ ਜਾਣ ਦੀ ਸਲਾਹ ਦਿੱਤੀ ਹੈ।

ਭੂਚਾਲ ਦੇ ਤੇਜ਼ ਝਟਕੇ ਦੂਰ-ਦੂਰ ਤੱਕ ਮਹਿਸੂਸ ਕੀਤੇ ਗਏ, ਜਿਸ ਕਾਰਨ ਕਈ ਇਲਾਕਿਆਂ ਵਿੱਚ ਲੋਕ ਘਰਾਂ ਅਤੇ ਇਮਾਰਤਾਂ ਤੋਂ ਬਾਹਰ ਨਿਕਲ ਆਏ। ਸ਼ੁਰੂਆਤੀ ਜਾਣਕਾਰੀ ਅਨੁਸਾਰ ਭੂਚਾਲ ਸਮੁੰਦਰ ਦੇ ਅੰਦਰ ਘੱਟ ਡੂੰਘਾਈ ‘ਤੇ ਆਇਆ, ਜਿਸ ਨਾਲ ਸੁਨਾਮੀ ਦਾ ਖ਼ਤਰਾ ਵਧ ਗਿਆ ਹੈ। ਫਿਲਹਾਲ ਕਿਸੇ ਵੱਡੇ ਨੁਕਸਾਨ ਜਾਂ ਜਾਨੀ ਨੁਕਸਾਨ ਦੀ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ।

ਭੂਚਾਲ ਦੇ ਤੁਰੰਤ ਬਾਅਦ ਅਮਰੀਕੀ ਸੁਨਾਮੀ ਚੇਤਾਵਨੀ ਪ੍ਰਣਾਲੀ ਨੇ ਸੰਭਾਵਿਤ ਸੁਨਾਮੀ ਦਾ ਅਲਰਟ ਜਾਰੀ ਕੀਤਾ। ਇਸ ਤੋਂ ਬਾਅਦ ਇੰਡੋਨੇਸ਼ੀਆ ਦੀ ਭੂ-ਭੌਤਿਕ ਵਿਗਿਆਨ ਏਜੰਸੀ ਨੇ ਵੀ ਆਪਣੇ ਉੱਤਰ-ਪੂਰਬੀ ਤੱਟਵਰਤੀ ਇਲਾਕਿਆਂ ਲਈ ਚੇਤਾਵਨੀ ਜਾਰੀ ਕਰ ਦਿੱਤੀ।

ਫਿਲੀਪੀਨਜ਼ ਦੇ ਜਵਾਲਾਮੁਖੀ ਅਤੇ ਭੂਚਾਲ ਵਿਗਿਆਨ ਸੰਸਥਾਨ (PHIVOLCS) ਨੇ ਚੇਤਾਵਨੀ ਦਿੱਤੀ ਹੈ ਕਿ ਪ੍ਰਭਾਵਿਤ ਤੱਟਵਰਤੀ ਖੇਤਰਾਂ ਵਿੱਚ ਆਮ ਜਵਾਰਭਾਟੇ ਦੇ ਪੱਧਰ ਤੋਂ ਇੱਕ ਮੀਟਰ ਤੋਂ ਵੱਧ ਉੱਚੀਆਂ ਲਹਿਰਾਂ ਉੱਠ ਸਕਦੀਆਂ ਹਨ। ਇਨ੍ਹਾਂ ਲਹਿਰਾਂ ਦਾ ਅਸਰ ਕਈ ਘੰਟਿਆਂ ਤੱਕ ਬਣਿਆ ਰਹਿ ਸਕਦਾ ਹੈ। ਪ੍ਰਸ਼ਾਸਨ ਨੇ ਦੱਖਣੀ ਫਿਲੀਪੀਨਜ਼ ਦੇ ਕਈ ਸਮੁੰਦਰੀ ਖੇਤਰਾਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਤੁਰੰਤ ਉੱਚੀਆਂ ਥਾਵਾਂ ‘ਤੇ ਜਾਣ ਜਾਂ ਤੱਟ ਤੋਂ ਦੂਰ ਸੁਰੱਖਿਅਤ ਖੇਤਰਾਂ ਵਿੱਚ ਸ਼ਰਨ ਲੈਣ ਦੀ ਸਲਾਹ ਦਿੱਤੀ ਹੈ। ਆਫ਼ਤ ਪ੍ਰਬੰਧਨ ਏਜੰਸੀਆਂ ਲਗਾਤਾਰ ਸਮੁੰਦਰ ਦੇ ਪਾਣੀ ਦੇ ਪੱਧਰ ਦੀ ਨਿਗਰਾਨੀ ਕਰ ਰਹੀਆਂ ਹਨ ਅਤੇ ਸੰਭਾਵਿਤ ਖ਼ਤਰੇ ਵਾਲੇ ਇਲਾਕਿਆਂ ਵਿੱਚ ਰਾਹਤ ਅਤੇ ਬਚਾਅ ਟੀਮਾਂ ਨੂੰ ਅਲਰਟ ‘ਤੇ ਰੱਖਿਆ ਗਿਆ ਹੈ।ਜ਼ਿਕਰਯੋਗ ਹੈ ਕਿ ਫਿਲੀਪੀਨਜ਼ ਅਤੇ ਇੰਡੋਨੇਸ਼ੀਆ ਦੋਵੇਂ ਦੁਨੀਆ ਦੇ ਸਭ ਤੋਂ ਵੱਧ ਭੂਚਾਲ ਪ੍ਰਭਾਵਿਤ ਖੇਤਰਾਂ ਵਿੱਚ ਗਿਣੇ ਜਾਂਦੇ ਹਨ।

Share This Article
Leave a Comment