ਨਿਊਜ਼ ਡੈਸਕ :- ਬਰਤਾਨੀਆ ਨੇ ਭਾਰਤ ਦੇ ਨਾਗਰਿਕਾਂ ਦੇ ਦਾਖ਼ਲੇ ’ਤੇ ਰੋਕ ਲਾ ਦਿੱਤੀ ਹੈ। ਬਰਤਾਨੀਆ ਦੇ ਸਿਹਤ ਮੰਤਰੀ ਮੁਤਾਬਕ ਕੋਰੋਨਾ ਦੇ ਕਥਿਤ ਭਾਰਤੀ ਸਰੂਪ ਦੇ 103 ਮਾਮਲੇ ਮਿਲਣ ਤੋਂ ਬਾਅਦ ਇਹ ਫ਼ੈਸਲਾ ਕੀਤਾ ਗਿਆ ਹੈ। ਭਾਰਤ ਤੋਂ ਉਨ੍ਹਾਂ ਲੋਕਾਂ ਨੂੰ ਦਾਖ਼ਲੇ ਦੀ ਇਜਾਜ਼ਤ ਹੋਵੇਗੀ ਜਿਨ੍ਹਾਂ ਕੋਲ ਬਰਤਾਨੀਆ ਜਾਂ ਫਿਰ ਆਇਰਿਸ਼ ਨਾਗਰਿਕਤਾ ਹੈ।
ਸਿਹਤ ਮੰਤਰੀ ਮੈਟ ਹੈਨਕਾਕ ਨੇ ਕਿਹਾ ਕਿ ਉਸ ਸਰੂਪ ਦੀ ਸਮੀਖਿਆ ਕੀਤੀ ਗਈ ਤਾਂ ਜੋ ਇਹ ਪਤਾ ਲਾਇਆ ਜਾ ਸਕੇ ਕਿ ਨਵੇਂ ਸਰੂਪ ਦੇ ਚਿੰਤਾਜਨਕ ਨਤੀਜੇ ਤਾਂ ਨਹੀਂ ਜਿਵੇਂ ਕਿ ਵੱਡੇ ਪੱਧਰ ’ਤੇ ਇਸ ਦਾ ਫੈਲਣਾ ਜਾਂ ਇਲਾਜ ਤੇ ਟੀਕਾ ਤਿਆਰ ਕਰਨ ’ਚ ਮੁਸ਼ਕਲ ਹੋਣਾ ਆਦਿ।
ਇਸਤੋਂ ਇਲਾਵਾ ਮੰਤਰੀ ਨੇ ਸੰਸਦ ਮੈਂਬਰਾਂ ਨੂੰ ਕਿਹਾ ਕਿ ਅੰਕਡ਼ਿਆਂ ਦੀ ਸਮੀਖਿਆ ਤੋਂ ਬਾਅਦ ਇਹਤਿਆਤ ਵਜੋਂ ਅਸੀਂ ਭਾਰਤ ਨੂੰ ਲਾਲ ਸੂਚੀ ’ਚ ਪਾਉਣ ਦਾ ਮੁਸ਼ਕਲ ਪਰ ਜ਼ਰੂਰੀ ਫ਼ੈਸਲਾ ਕੀਤਾ ਹੈ। ਇਸ ਦਾ ਅਰਥ ਹੈ ਕਿ ਜੇਕਰ ਕੋਈ ਗ਼ੈਰ ਬਰਤਾਨਵੀ ਜਾਂ ਆਇਰਿਸ਼ ਪਿਛਲੇ ਦਸ ਦਿਨਾਂ ਤਕ ਭਾਰਤ ’ਚ ਰਿਹਾ ਹੈ ਤਾਂ ਉਸ ਨੂੰ ਬਰਤਾਨੀਆ ’ਚ ਦਾਖ਼ਲਾ ਨਹੀਂ ਦਿੱਤਾ ਜਾ ਸਕਦਾ।