‘ਲੋਕ ਵੋਟਾਂ ਮੰਗਣ ਆਏ ਕਾਂਗਰਸੀਆਂ ਤੋਂ ‘ਘਰ-ਘਰ ਨੌਕਰੀ‘ ਦੇ ਕੀਤੇ ਵਾਅਦੇ ਦਾ ਜਵਾਬ ਜ਼ਰੂਰ ਮੰਗਣ’

TeamGlobalPunjab
2 Min Read

ਚੰਡੀਗੜ : ਆਮ ਆਦਮੀ ਪਾਰਟੀ ਨੇ ਰੁਜ਼ਗਾਰ ਦੀ ਮੰਗ ਨੂੰ ਲੈ ਕੇ ਅੰਦੋਲਨ ਕਰ ਰਹੇ ਬੇਰੁਜ਼ਗਾਰ ਅਧਿਆਪਕਾਂ ਦੇ ਸੰਘਰਸ਼ ਦਾ ਸਮਰਥਨ ਕਰਦਿਆਂ ਕਿਹਾ ਕਿ ਪਾਰਟੀ ਵੱਲੋਂ ਹਰ ਫਰੰਟ ਉੱਤੇ ਨੌਜਵਾਨਾਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕੀਤੀ ਜਾਵੇਗੀ। ਪਾਰਟੀ ਹੈੱਡਕੁਆਟਰ ਤੋਂ ਜਾਰੀ ਬਿਆਨ ਵਿੱਚ ਸੂਬਾ ਯੂਥ ਵਿੰਗ ਦੇ ਪ੍ਰਧਾਨ ਤੇ ਬਰਨਾਲਾ ਤੋਂ ਵਿਧਾਇਕ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਕਿ ‘ਆਪ‘ ਪੰਜਾਬ ਦੇ ਨੌਜਵਾਨਾਂ ਦੇ ਰੁਜ਼ਗਾਰ ਲਈ ਹਰ ਥਾਂ ਉੱਤੇ ਆਵਾਜ਼ ਚੁੱਕਦੀ ਆ ਰਹੀ ਹੈ। ਉਨਾਂ ਕਿਹਾ ਕਿ ਕੈਪਟਨ ਦੀ ਸਰਕਾਰ ਦੇ ਸੱਤਾ ’ਚ ਆਉਣ ਤੋਂ ਬਾਅਦ ਕੋਈ ਅਜਿਹਾ ਮਹੀਨਾ ਨਹੀਂ ਹੈ ਜਿਸ ’ਚ ਰੁਜ਼ਗਾਰ ਮੰਗਦੇ ਅਧਿਆਪਕਾਂ ਨੇ ਅੱਤਿਆਚਾਰ ਨਾ ਸਹਿਆ ਹੋਵੇ, ਪਰ ਅਜੇ ਤੱਕ ਨੌਕਰੀ ਨਹੀਂ ਮਿਲੀ।

‘ਆਪ’ ਆਗੂ ਨੇ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦੇ ਸ਼ਹਿਰ ਵਿੱਚ ਪਿਛਲੇ ਕਈ ਦਿਨਾਂ ਤੋਂ ਅੰਦੋਲਨ ਕਰ ਰਹੇ ਅਧਿਆਪਕਾਂ ਵੱਲੋਂ ਘਰ ਘਰ ਜਾ ਕੇ ਸਰਕਾਰੀ ਨੀਤੀਆਂ ਦਾ ਭਾਂਡਾ ਭੰਨਣ ਦੀ ਮੁਹਿੰਮ ਦਾ ਸਮਰਥਨ ਕਰਦਿਆਂ ਕਿਹਾ ਕਿ ਕੈਪਟਨ ਅਮਰਿੰਦਰ ਲੋਕਾਂ ਨਾਲ ਕੀਤੇ ਹਰ ਵਾਅਦੇ ਤੋਂ ਮੁੱਕਰੇ ਹਨ। ਉਨਾਂ ਕਿਹਾ ਕਿ ਕੈਪਟਨ ਨੇ ਚੋਣਾਂ ਤੋਂ ਪਹਿਲਾਂ ਤਾਂ ਘਰ ਘਰ ਰੁਜ਼ਗਾਰ ਦੇਣ ਦਾ ਵਾਅਦਾ ਕੀਤਾ, ਪ੍ਰੰਤੂ ਕੁਰਸੀ ਉੱਤੇ ਬੈਠਦਿਆਂ ਹੀ ਸਭ ਭੁੱਲ ਗਿਆ। ਪਿਛਲੇ 4 ਸਾਲਾਂ ਤੋਂ ਬੇਰੁਜ਼ਗਾਰ ਅਧਿਆਪਕ ਹਰ ਮੌਸਮਾਂ ਵਿੱਚ ਝੱਖੜ, ਹਨੇਰੀਆਂ, ਗਰਮੀ, ਠੰਢ ਵਿੱਚ ਅੰਦੋਲਨ ਕਰਦੇ ਹੋਏ ਸੜਕਾਂ ਉੱਤੇ ਰਾਤਾਂ ਕੱਟ ਰਹੇ ਹਨ, ਪ੍ਰੰਤੂ ਕੈਪਟਨ ਸਾਹਿਬ ਨੂੰ ਦਿਖਾਈ ਨਹੀਂ ਦਿੰਦੇ। ਉਨਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਇਸ਼ਾਰਿਆਂ ਉੱਤੇ ਚੱਲਣ ਵਾਲੇ ਮੁੱਖ ਮੰਤਰੀ ਦਾ ਕੰਮ ਵੀ ਮੋਦੀ ਵਰਗਾ ਹੀ ਹੈ। ਪ੍ਰਧਾਨ ਮੰਤਰੀ ਨੂੰ ਪੰਜਾਬ ਦੇ ਕਿਸਾਨਾਂ ਦੀ ਗੱਲ ਸੁਣਨ ਲਈ ਕਾਰਪੋਰੇਟ ਘਰਾਣਿਆਂ ਤੋਂ ਵਿਹਲ ਨਹੀਂ ਮਿਲਦੀ ਅਤੇ ਕੈਪਟਨ ਨੂੰ ਪੰਜਾਬ ਦੇ ਬੇਰੁਜ਼ਗਾਰ ਨੌਜਵਾਨਾਂ ਨਾਲ ਗੱਲ ਕਰਨ ਲਈ ਵਿਦੇਸ਼ੀ ਮਿੱਤਰਾਂ ਤੋਂ।

Share this Article
Leave a comment