ਓਟਾਵਾ : ‘ਹੈਲਥ ਕੈਨੇਡਾ’ ਨੇ ਕੋਰੋਨਾ ਵਾਇਰਸ ਦੀ ਵੈਕਸੀਨ ਦੇ ਸੰਦਰਭ ਵਿੱਚ ਕੁਝ ਅਜਿਹਾ ਕੀਤਾ ਹੈ ਜਿਹੜਾ ਸ਼ਾਇਦ ਹੀ ਪਹਿਲਾਂ ਕਿਤੇ ਕੀਤਾ ਗਿਆ ਹੋਵੇ। ਵੈਕਸੀਨ ਦੀ ਡੋਜ਼ ਸਬੰਧੀ ਕੀਤਾ ਇਹ ਫ਼ੈਸਲਾ ਕਈ ਮੁਲਕਾਂ ਲਈ ਮਿਸਾਲ ਬਣ ਸਕਦਾ ਹੈ ।
ਦਰਅਸਲ, ਕੈਨੇਡਾ ਦੀ ਸਿਹਤ ਏਜੰਸੀ ਨੇ ਵੈਕਸੀਨਾਂ ਨੂੰ ਮਿਲਾਉਣ ਅਤੇ ਉਨ੍ਹਾਂ ਨੂੰ ਮਿਕਸ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ। ਇਸ ਦੇ ਚਲਦਿਆਂ ਲੋਕ ਹੁਣ ਵੈਕਸੀਨ ਦੀ ਦੂਸਰੀ ਖੁਰਾਕ ਕਿਸੇ ਹੋਰ ਵੈਕਸੀਨ ਦੀ ਲੈ ਸਕਦੇ ਹਨ।
ਦੱਸ ਦਈਏ ਕਿ ਪੂਰੀ ਦੁਨੀਆ ਵਿੱਚ ਇਸ ਤੋਂ ਪਹਿਲਾਂ ਤੱਕ ਲੋਕਾਂ ਨੂੰ ਇੱਕ ਹੀ ਵੈਕਸੀਨ ਦੀਆਂ ਦੋਵੇਂ ਖੁਰਾਕਾਂ ਲੈਣ ਦੀ ਇਜਾਜ਼ਤ ਸੀ। ਇਸ ਫੈਸਲੇ ਤੋਂ ਬਾਅਦ ਹੁਣ ਜਿਨ੍ਹਾਂ ਲੋਕਾਂ ਨੇ ਪਹਿਲੀ ਖੁਰਾਕ ‘ਐਸਟ੍ਰਾਜੇ਼ਨੇਕਾ’ ਦੀ ਲਈ ਸੀ ਉਹ ਹੁਣ ਦੂਸਰੀ ਖੁਰਾਕ ‘ਫਾਈਜ਼ਰ’ ਜਾਂ ‘ਮਾਡਰਨਾ’ ਦੀ ਲਗਵਾ ਸਕਦੇ ਹਨ।
ਉਧਰ, ਜਿਨ੍ਹਾਂ ਲੋਕਾਂ ਨੇ ‘ਫਾਈਜ਼ਰ’ ਅਤੇ ‘ਮਾਡਰਨਾ’ ਵੈਕਸੀਨ ਦੀ ਪਹਿਲੀ ਖੁਰਾਕ ਲਗਵਾਈ ਹੈ ਉਹ ਇਨ੍ਹਾਂ ਦੋਵਾਂ ਵਿਚੋਂ ਕਿਸੇ ਵੀ ਵੈਕਸੀਨ ਨੂੰ ਦੂਸਰੀ ਖੁਰਾਕ ਦੇ ਦੌਰ ’ਤੇ ਲੈ ਸਕਦੇ ਹਨ। ਹਾਲਾਂਕਿ ਦੇਸ਼ ਦੇ ਚੋਟੀ ਦੇ ਡਾਕਟਰਾਂ ਦਾ ਕਹਿਣਾ ਹੈ ਕਿ ਇੱਕ ਹੀ ਬ੍ਰਾਂਡ ਦੀ ਵੈਕਸੀਨ ਦੀਆਂ ਦੋਵੇਂ ਖੁਰਾਕਾਂ ਲੈਣਾ ਹੀ ਸਭ ਤੋਂ ਬਿਹਤਰ ਹੈ।