ਆਜ਼ਾਦੀ ਤੋਂ 72 ਸਾਲ ਬਾਅਦ ਵੀ ਇਸ ਪਿੰਡ ‘ਚ ਬਿਜਲੀ ਨਹੀਂ ਪਹੁੰਚੀ, ਪਰ ਬਿੱਲ ਜ਼ਰੂਰ ਪਹੁੰਚ ਗਏ

TeamGlobalPunjab
2 Min Read

ਦੇਸ਼ ਦੇ ਕਈ ਪਿੰਡਾਂ ‘ਚ ਹਾਲੇ ਤੱਕ ਵੀ ਬਿਜਲੀ ਦੀ ਪਹੁੰਚ ਨਹੀਂ ਹੈ ਪਰ ਇਹ ਕੋਈ ਹੈਰਾਨ ਕਰਨ ਵਾਲੀ ਗੱਲ ਨਹੀਂ ਹੈ। ਹੈਰਾਨ ਕਰਨ ਵਾਲੀ ਗੱਲ ਤਾਂ ਉਦੋਂ ਹੋਵੇਗੀ ਜਦੋਂ ਬਿਜਲੀ ਨਾ ਹੋਵੇ ਤੇ ਲੰਬਾ-ਚੌੜਾ ਬਿਲ ਵੀ ਫੜਾ ਦਿੱਤਾ ਜਾਵੇ। ਛੱਤੀਸਗੜ ਦੇ ਬਲਰਾਮਪੁਰ ਦੇ ਇੱਕ ਪਿੰਡ ਵਿੱਚ ਬਿਜਲੀ ਵਿਭਾਗ ਨੇ ਲੋਕਾਂ ਨਾਲ ਅਜਿਹਾ ਹੀ ਮਜ਼ਾਕ ਕੀਤਾ ਹੈ। ਉਨ੍ਹਾਂ ਨੇ ਬਿਜਲੀ ਪਹੁੰਚਾਉਣ ਲਈ ਕਦਮ ਤਾਂ ਨਹੀਂ ਚੁੱਕੇ ਪਰ ਪਿੰਡ ਵਾਲਿਆਂ ਨੂੰ ਬਿੱਲ ਜ਼ਰੂਰ ਭੇਜ ਦਿੱਤੇ।

ਮਾਮਲਾ ਬਲਰਾਮਪੁਰ ਦੇ ਸਾਨਾਵਾਲ ਪਿੰਡ ਦੇ ਪਟੇੜੀ ਪਾਰਾ ਦਾ ਹੈ ਇੱਥੋਂ ਦੇ ਲੋਕਾਂ ਨੇ ਸ਼ਿਕਾਇਤ ਕੀਤੀ ਹੈ ਕਿ ਉਨ੍ਹਾਂ ਦੇ ਘਰਾਂ ‘ਚ ਬਿਜਲੀ ਦੀ ਸਪਲਾਈ ਨਹੀਂ ਹੁੰਦੀ। ਬੱਚੇ ਹਨ੍ਹੇਰੇ ‘ਚ ਲੈਂਪ ਦੀ ਰੋਸ਼ਨੀ ‘ਚ ਪੜ੍ਹਾਈ ਕਰਦੇ ਹਨ ਤੇ ਲੋਕ ਹਨ੍ਹੇਰੇ ਵਿੱਚ ਹੀ ਖਾਣਾ ਬਣਾਉਂਦੇ ਹਨ। ਇਸ ਦੇ ਬਾਵਜੂਦ ਇਸ ਇਲਾਕੇ ਦੇ ਲੋਕਾਂ ਨੂੰ ਬਿਜਲੀ ਵਿਭਾਗ ਨੇ ਬਿੱਲ ਫੜਾ ਦਿੱਤੇ ਹਨ।

ਪਹਿਲੀ ਵਾਰ ਨਹੀਂ ਹੋਇਆ ਹੈ ਅਜਿਹਾ
ਮਾਮਲਾ ਸਾਹਮਣੇ ਆਉਣ ਤੋਂ ਬਾਅਦ ਬਲਰਾਮਪੁਰ ਦੇ ਜ਼ਿਲ੍ਹਾਂ ਕਲੈਕਟਰ ਸੰਜੀਵ ਕੁਮਾਰ ਝਾ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਇਸ ਦੀ ਜਾਣਕਾਰੀ ਮੀਡੀਆ ਦੇ ਜ਼ਰੀਏ ਮਿਲੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਜੇਕਰ ਅਜਿਹਾ ਕੁੱਝ ਹੋਇਆ ਹੈ ਤਾਂ ਇਸ ਦੀ ਜਾਂਚ ਕੀਤੀ ਜਾਵੇਗੀ।

ਧਿਆਨ ਯੋਗ ਹੈ ਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਬਲਰਾਮਪੁਰ ਵਿੱਚ ਅਜਿਹਾ ਹੋਇਆ ਹੈ। ਇਸ ਤੋਂ ਪਹਿਲਾਂ ਇਸ ਸਾਲ ਫਰਵਰੀ ਮਹੀਨੇ ‘ਚ ਵੀ ਇੱਥੋਂ ਦੇ ਇੱਕ ਪਿੰਡ ‘ਚ ਵੀ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਸੀ। ਮੀਟਰ ਲੱਗਣ ਤੋਂ ਦੋ ਮਹੀਨੇ ਬਾਅਦ ਤੱਕ ਕਨੈਕਸ਼ਨ ਨਹੀਂ ਲਗਾਇਆ ਗਿਆ ਤੇ ਬਿਨ੍ਹਾਂ ਬਿਜਲੀ ਦੀ ਖਪਤ ਦੇ ਹੀ ਲੋਕਾਂ ਨੂੰ 500 – 600 ਰੁਪਏ ਦਾ ਬਿਲ ਫੜਾ ਦਿੱਤਾ ਗਿਆ ਸੀ ।

Share this Article
Leave a comment