ਵਾਸ਼ਿੰਗਟਨ: ਅਮਰੀਕੀ ਰੱਖਿਆ ਵਿਭਾਗ ਨੇ ਅਣਪਛਾਤੀਆਂ ਉੱਡਣ ਖਟੋਲਿਆਂ (UFO/UAP) ਨਾਲ ਜੁੜੀ ਜਾਣਕਾਰੀ ਲੋਕਾਂ ਸਾਹਮਣੇ ਲਿਆਉਣ ਦੀ ਮੁਹਿੰਮ ਤਹਿਤ ਨਵਾਂ ਡਾਟਾ ਜਾਰੀ ਕੀਤਾ ਹੈ। ਇਸ ਵਾਰ ਚਾਰ ਨਵੇਂ ਵੀਡੀਓ ਅਤੇ ਕੁੱਲ 72 ਫਾਈਲਾਂ ਜਾਰੀ ਕੀਤੀਆਂ ਗਈਆਂ ਹਨ, ਜਿਨ੍ਹਾਂ ਵਿੱਚ ਅਸਮਾਨ ਵਿੱਚ ਦਿਖੀਆਂ ਰਹੱਸਮਈ ਚਮਕਦਾਰ ਵਸਤੂਆਂ ਦੇ ਵੇਰਵੇ ਸ਼ਾਮਲ ਹਨ। ਇਹ ਅਜਿਹੀ ਜਾਣਕਾਰੀ ਜਨਤਕ ਕਰਨ ਦੀ ਤੀਜੀ ਵੱਡੀ ਕਿਸ਼ਤ ਦੱਸੀ ਜਾ ਰਹੀ ਹੈ।
ਅਮਰੀਕੀ ਪ੍ਰਸ਼ਾਸਨ ਵੱਲੋਂ ਪਹਿਲਾਂ ਇਹ ਵੀ ਕਿਹਾ ਗਿਆ ਸੀ ਕਿ ਸਰਕਾਰ ਕੋਲ ਮੌਜੂਦ UFO ਨਾਲ ਜੁੜੀ ਜਾਣਕਾਰੀ ਨੂੰ ਵੱਧ ਤੋਂ ਵੱਧ ਜਨਤਕ ਕੀਤਾ ਜਾਵੇ।
ਵੀਡੀਓ ’ਚ ਦਿਖੇ ਚਮਕਦਾਰ ਗੋਲੇ, ਪਰ ਕੋਈ ਪੱਕਾ ਨਤੀਜਾ ਨਹੀਂ
ਜਾਰੀ ਕੀਤੀ ਸਮੱਗਰੀ ਵਿੱਚ CIA, FBI, NASA, ਰੱਖਿਆ ਵਿਭਾਗ ਅਤੇ ਹੋਰ ਸਰਕਾਰੀ ਏਜੰਸੀਆਂ ਦੇ ਦਸਤਾਵੇਜ਼ ਸ਼ਾਮਲ ਹਨ। ਇਸ ਵਿੱਚ ਦਰਜਨਾਂ ਦਸਤਾਵੇਜ਼ਾਂ ਦੇ ਨਾਲ ਤਸਵੀਰਾਂ, ਵੀਡੀਓ ਅਤੇ ਆਡੀਓ ਰਿਕਾਰਡਿੰਗ ਵੀ ਸ਼ਾਮਲ ਹਨ। ਕੁਝ ਵੀਡੀਓ ਵਿੱਚ ਰਾਤ ਦੇ ਅਸਮਾਨ ਵਿੱਚ ਚਮਕਦੇ ਗੋਲੇ ਨਜ਼ਰ ਆਉਂਦੇ ਹਨ, ਜਿਨ੍ਹਾਂ ਬਾਰੇ ਗਵਾਹਾਂ ਨੇ ਦਾਅਵਾ ਕੀਤਾ ਕਿ ਇਹ ਬਿਨਾਂ ਆਵਾਜ਼ ਦੇ ਹਿਲ ਰਹੇ ਸਨ ਅਤੇ ਇੱਕੋ ਦਿਸ਼ਾ ਵਿੱਚ ਇਕੱਠੇ ਚੱਲਦੇ ਦਿਖਾਈ ਦਿੱਤੇ।
ਕੁਝ ਰਿਪੋਰਟਾਂ ਵਿੱਚ ਅਜਿਹੀਆਂ ਚਮਕਦਾਰ ਵਸਤੂਆਂ ਦਾ ਵੀ ਜ਼ਿਕਰ ਹੈ ਜੋ ਇੱਕ ਥਾਂ ਉੱਤੇ ਲੰਬੇ ਸਮੇਂ ਲਈ ਟਿਕੀਆਂ ਰਹੀਆਂ ਅਤੇ ਬਾਅਦ ਵਿੱਚ ਆਪਣਾ ਆਕਾਰ ਬਦਲਦੀਆਂ ਜਾਂ ਗਾਇਬ ਹੁੰਦੀਆਂ ਦਿਖਾਈ ਦਿੱਤੀਆਂ।
ਸਰਕਾਰ ਨੇ ਕਿਹਾ ‘ਮਾਮਲੇ ਅਜੇ ਵੀ ਅਣਸੁਲਝੇ’
ਅਮਰੀਕੀ ਅਧਿਕਾਰੀਆਂ ਨੇ ਸਪੱਸ਼ਟ ਕੀਤਾ ਹੈ ਕਿ ਜਾਰੀ ਕੀਤੇ ਗਏ ਮਾਮਲਿਆਂ ਵਿੱਚੋਂ ਕਈ ਅਜੇ ਵੀ ਅਣਸੁਲਝੇ ਹਨ। ਮੌਜੂਦਾ ਜਾਣਕਾਰੀ ਦੇ ਆਧਾਰ ’ਤੇ ਇਹ ਨਹੀਂ ਕਿਹਾ ਜਾ ਸਕਦਾ ਕਿ ਇਹ ਘਟਨਾਵਾਂ ਕਿਸ ਕਾਰਨ ਹੋਈਆਂ। ਸਰਕਾਰ ਦਾ ਕਹਿਣਾ ਹੈ ਕਿ ਜਾਂਚ ਦਾ ਮਕਸਦ ਘਟਨਾਵਾਂ ਨੂੰ ਸਮਝਣਾ ਹੈ, ਨਾ ਕਿ ਕਿਸੇ ਖਾਸ ਨਤੀਜੇ ’ਤੇ ਪਹੁੰਚਣਾ। ਹੁਣ ਤੱਕ ਜਾਰੀ ਕਿਸੇ ਵੀ ਦਸਤਾਵੇਜ਼ ਵਿੱਚ ਧਰਤੀ ਤੋਂ ਬਾਹਰ ਜੀਵਨ ਜਾਂ ਏਲਿਅਨ ਮੌਜੂਦਗੀ ਦਾ ਪੱਕਾ ਸਬੂਤ ਸਾਹਮਣੇ ਨਹੀਂ ਆਇਆ।

