ਮਿਸੀਸਾਗਾ : ਪੀਲ ਰੀਜਨਲ ਪੁਲਿਸ ਵੱਲੋਂ ਮਿਸੀਸਾਗਾ ਦੇ ਐਬਸਲਿਊਟ ਐਵੇਨਿਊ ਅਤੇ ਬਰਨਹੈਮਥੋਰਪ ਰੋਡ (Absolute Ave and Burnhamthorpe Rd.) ਇਲਾਕੇ ‘ਚ ਸਥਿਤ ਇੱਕ ਬਿਲਡਿੰਗ ‘ਚ ਛਾਪਾਮਾਰੀ ਦੌਰਾਨ 22 ਬੋਰ ਦੀ ਹੈਂਡਗੰਨ ਅਤੇ ਗੋਲੀਆਂ ਬਰਾਮਦ ਹੋਣ ਤੋਂ ਬਾਅਦ 25 ਸਾਲ ਦੀ ਬਿਆਂਕਾ ਸੋਢੀ ਸਣੇ ਦੋ ਵਿਰੁੱਧ ਹਥਿਆਰਾਂ ਨਾਲ ਸਬੰਧਤ ਦੋਸ਼ ਆਇਦ ਕੀਤੇ ਗਏ ਹਨ।
ਪੀਲ ਪੁਲਿਸ ਦੇ 12 ਡਿਵੀਜਨ ਕ੍ਰਿਮੀਨਲ ਇਨਵੈਸਟੀਗੇਸ਼ਨ ਬਿਊਰੋ ਦੇ ਜਾਂਚਕਰਤਾਵਾਂ ਨੇ ਦੱਸਿਆ ਕਿ ਮਿਸੀਸਾਗਾ ਦੀ ਬਿਆਂਕਾ ਸੋਢੀ ਵਿਰੁੱਧ ਲੋਡਿਡ ਪਾਬੰਦੀਸ਼ੁਦਾ ਬੰਦੂਕ ਰੱਖਣ, ਹਥਿਆਰ ਦੀ ਲਾਪਰਵਾਹੀ ਨਾਲ ਵਰਤੋਂ, ਜਾਣਬੁਝ ਕੇ ਗ਼ੈਰਕਾਨੂੰਨੀ ਹਥਿਆਰ ਰੱਖਣ ਅਤੇ ਛੇੜਛਾੜ ਕੀਤੇ ਸੀਰੀਅਲ ਨੰਬਰ ਵਾਲਾ ਹਥਿਆਰ ਰੱਖਣ ਦੇ ਦੋਸ਼ ਆਇਦ ਕੀਤੇ ਗਏ ਹਨ।
ਇਸ ਤੋਂ ਇਲਾਵਾ 22 ਸਾਲਾ ਡਾਰੀਅਸ ਜ਼ੇਵੀਅਰ ਖਿਲਾਫ ਜਾਨਲੇਵਾ ਧਮਕੀਆਂ ਦੇਣ, ਪਾਬੰਦੀਸ਼ੁਦਾ ਹਥਿਆਰ ਰੱਖਣ, ਲਾਪਰਵਾਹੀ ਨਾਲ ਹਥਿਆਰ ਵਰਤਣ, ਜਾਣਬੁਝ ਕੇ ਗ਼ੈਰਕਾਨੂੰਨੀ ਹਥਿਆਰ ਰੱਖਣ ਅਤੇ ਛੇੜਛਾੜ ਕੀਤੇ ਸੀਰੀਅਲ ਨੰਬਰ ਵਾਲਾ ਹਥਿਆਰ ਰੱਖਣ ਦੇ ਦੋਸ਼ ਆਇਦ ਕੀਤੇ ਗਏ ਹਨ।
Search Warrant Yields Firearm – https://t.co/WO4FkdB2Z3 pic.twitter.com/y6itJrEgwl
— Peel Regional Police (@PeelPolice) July 6, 2021
ਪੁਲਿਸ ਨੇ ਦੋਵਾਂ ਨੂੰ ਬਰੈਂਪਟਨ ਸਥਿਤ ਓਨਟਾਰੀਓ ਕੋਰਟ ਆਫ਼ ਜਸਟਿਸ ਵਿੱਚ ਪੇਸ਼ ਕੀਤਾ। ਇਸ ਤੋਂ ਇਲਾਵਾ ਪੁਲਿਸ ਨੇ ਪੀਲ ਰੀਜਨ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਇਸ ਮਾਮਲੇ ਬਾਰੇ ਕੋਈ ਜਾਣਕਾਰੀ ਹੋਵੇ ਤਾਂ 12 ਡਿਵੀਜਨ ਕ੍ਰਿਮੀਨਲ ਇਨਵੈਸਟੀਗੇਸ਼ਨ ਬਿਊਰੋ ਦੇ ਜਾਂਚਕਰਤਾਵਾਂ ਨਾਲ 905-453-2121 ਐਕਸਟੈਨਸ਼ਨ 1233 ‘ਤੇ ਸੰਪਰਕ ਕੀਤਾ ਜਾਵੇ।