ਬਰੈਂਪਟਨ: ਮਹਿਲਾ ਕੋਲੋਂ BMW ਕਾਰ ਖੋਹਣ ਦੇ ਮਾਮਲੇ ‘ਚ 19 ਸਾਲਾ ਪੰਜਾਬੀ ਨੌਜਵਾਨ ਗ੍ਰਿਫਤਾਰ

TeamGlobalPunjab
2 Min Read

ਬਰੈਂਪਟਨ: ਉਨਟਾਰੀਓ ਦੀ ਪੀਲ ਰੀਜਨਲ ਪੁਲਿਸ ਨੇ ਮਹਿਲਾ ਤੋਂ BMW ਕਾਰ ਖੋਹਣ ਦੇ ਮਾਮਲੇ ਵਿੱਚ ਬਰੈਂਪਟਨ ਦੇ 19 ਸਾਲਾ ਪੰਜਾਬੀ ਕੀਰਤ ਸੇਹਰਾ ਨੂੰ ਗ੍ਰਿਫਤਾਰ ਕਰ ਲਿਆ ਹੈ, ਜਦਕਿ ਗੱਡੀ ਲੈ ਕੇ ਫਰਾਰ ਹੋਏ ਦੋ ਸ਼ੱਕੀਆਂ ਦੀ ਭਾਲ ਜਾਰੀ ਹੈ।

ਜਾਣਕਾਰੀ ਮੁਤਾਬਕ ਬੀਤੇ ਦਿਨੀਂ ਮਿਸੀਸਾਗਾ ‘ਚ ਇਕ ਪੰਜਾਬਣ ਔਰਤ ਆਪਣੀ ਤਿੰਨ ਸਾਲਾ ਬੱਚੀ ਨਾਲ ਆਪਣੇ ਘਰੋਂ ਕਿਤੇ ਬਾਹਰ ਜਾ ਰਹੀ ਸੀ। ਇਸ ਮਹਿਲਾ ਨੇ ਆਪਣੀ ਬੱਚੀ ਨੂੰ ਕਾਰ ਦੀ ਪਿਛਲੀ ਸੀਟ ‘ਤੇ ਬਿਠਾਇਆ ਹੋਇਆ ਸੀ। ਜਦੋਂ ਉਹ ਆਪਣੇ ਘਰੋਂ ਗੱਡੀ ਲੈ ਕੇ ਨਿਕਲੀ ਹੀ ਸੀ ਕਿ ਇਸ ਦੌਰਾਨ ਦੋ ਨਕਾਬਪੋਸ਼ ਲੁਟੇਰੇ ਉਸ ਕੋਲ ਆਏ ਅਤੇ ਗੱਡੀ ਵਿੱਚ ਦਾਖ਼ਲ ਹੋਣ ਲੱਗੇ। ਮਹਿਲਾ ਨੇ ਇਕ ਲੁਟੇਰੇ ਨੂੰ ਧੱਕਾ ਮਾਰ ਕੇ ਗੱਡੀ ‘ਚੋਂ ਆਪਣੀ ਬੱਚੀ ਨੂੰ ਬਾਹਰ ਕੱਢ ਲਿਆ, ਪਰ ਉਹ ਲੁਟੇਰੇ ਗੱਡੀ ਖੋਹ ਕੇ ਫਰਾਰ ਹੋ ਗਏ। ਇਸ ਘਟਨਾ ‘ਚ ਮਹਿਲਾ ਅਤੇ ਉਸ ਦੀ ਬੱਚੀ ਨੂੰ ਕੋਈ ਨੁਕਸਾਨ ਨਹੀਂ ਪੁੱਜਾ।

ਇਸ ਤੋਂ ਪਹਿਲਾਂ ਪੀਲ ਪੁਲਿਸ ਇੱਕ ਕਾਰ ਚੋਰੀ ਦੇ ਮਾਮਲੇ ‘ਚ ਮਿਸੀਸਾਗਾ ਦੇ ਮਾਵੀਜ਼ ਰੋਡ ਅਤੇ ਨੋਵੋ ਸਟਾਰ ਡਰਾਈਵ ਖੇਤਰ ਵਿੱਚ ਤਹਿਕੀਕਾਤ ਕਰ ਰਹੀ ਸੀ। ਇਸ ਦੌਰਾਨ ਉਨ੍ਹਾਂ ਨੂੰ ਤਿੰਨ ਵਿਅਕਤੀਆਂ ਤੇ ਸ਼ੱਕ ਹੋਇਆ, ਜਿਨਾਂ ਨੇ ਇੱਕ ਟੈਕਸੀ ਵਿੱਚ ਸਵਾਰ ਹੋ ਕੇ ਭੱਜਣ ਦਾ ਯਤਨ ਕੀਤਾ ਇੰਨੇ ਨੂੰ ਪੁਲਿਸ ਉੱਥੇ ਪਹੁੰਚ ਗਈ। ਉਨਾਂ ਸ਼ੱਕੀਆਂ ਨੇ ਪੁਲਿਸ ਅਧਿਕਾਰੀ ‘ਤੇ ਵੀ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਤੇ ਉਨ੍ਹਾਂ ‘ਚੋਂ ਦੋ ਸ਼ੱਕੀ ਉੱਥੋਂ ਫਰਾਰ ਹੋ ਗਏ, ਪਰ ਇੱਕ ਸ਼ੱਕੀ ਪੁਲਿਸ ਦੇ ਅੜਿੱਕੇ ਆ ਗਿਆ। ਉਸ ਦੀ ਪਛਾਣ ਬਰੈਂਪਟਨ ਦੇ ਵਾਸੀ 19 ਸਾਲਾ ਕੀਰਤ ਸੇਹਰਾ ਵਜੋਂ ਹੋਈ।

ਕੀਰਤ ਸੇਹਰਾ ‘ਤੇ ਲੁੱਟ ਖੋਹ ਤੇ ਪੁਲਿਸ ਅਧਿਕਾਰੀ ‘ਤੇ ਹਮਲਾ ਕਰਨ ਦੇ ਦੋਸ਼ ਲੱਗੇ ਹਨ। ਦੱਸਿਆ ਜਾ ਰਿਹਾ ਹੈ ਕਿ ਕੀਰਤ ਸੇਹਰਾ ’ਤੇ ਪਹਿਲਾਂ ਵੀ ਲੁੱਟ-ਖੋਹ ਕਰਨ ਸਣੇ ਕਈ ਮਾਮਲੇ ਦਰਜ ਹਨ।

- Advertisement -

Share this Article
Leave a comment