Home / ਓਪੀਨੀਅਨ / ਅਮਨ ਅਰੋੜਾ ਨਹੀਂ ਜਸਬੀਰ ਸਿੰਘ ਬੀਰ ਨੂੰ ‘ਆਪ’‘ਚੋਂ ਕੱਢਣ ਦੀ ਤਿਆਰੀ? ਹੁਣ ਕੱਢਣ ਵਾਲਿਆਂ ‘ਚ ਬੈਠਣਗੇ ਅਮਨ ਅਰੋੜਾ? ਬੀਰ ਦੀ ਕਾਰਵਾਈ ਆਪਹੁਦਰੀ ਕਰਾਰ

ਅਮਨ ਅਰੋੜਾ ਨਹੀਂ ਜਸਬੀਰ ਸਿੰਘ ਬੀਰ ਨੂੰ ‘ਆਪ’‘ਚੋਂ ਕੱਢਣ ਦੀ ਤਿਆਰੀ? ਹੁਣ ਕੱਢਣ ਵਾਲਿਆਂ ‘ਚ ਬੈਠਣਗੇ ਅਮਨ ਅਰੋੜਾ? ਬੀਰ ਦੀ ਕਾਰਵਾਈ ਆਪਹੁਦਰੀ ਕਰਾਰ

 ਚੰਡੀਗੜ੍ਹ : ਕਹਿੰਦੇ ਨੇ ਸਿਆਸਤ ਕਿਸੇ ਦੀ ਸਕੀ ਨਹੀਂ ਹੁੰਦੀ। ਇਹ ਕਦੋਂ ਕਿੱਥੇ, ਕਿਉਂ ਤੇ ਕਿਸ ਕਾਰਨ ਪਲਟੀ ਮਾਰ ਜਾਵੇ ਇਸ ਬਾਰੇ ਅੱਜ ਤੱਕ ਕੋਈ ਭਵਿੱਖਬਾਣੀ ਨਹੀਂ ਕਰ ਸਕਿਆ। ਇਸ ਸਿਆਸਤ ਨੇ ਜਿੱਥੇ ਪੁੱਤਰਾਂ ਹੱਥੋਂ ਪਿਤਾ ਅਤੇ ਭਰਾਵਾਂ ਨੂੰ ਕਤਲ ਕਰਵਾਇਆ ਉੱਥੇ ਦੂਜੇ ਪਾਸੇ ਸਮਾਜ ਚ ਆਉਂਦੀ ਖੜੋਤ ਲਈ ਵੀ ਇਸੇ ਸਿਆਸਤ ਨੂੰ ਹੀ ਜਿਆਦਾ ਜਿੰਮੇਵਾਰ ਮੰਨਿਆ ਜਾਂਦਾ ਹੈ। ਅਜਿਹਾ ਇਸ ਲਈ ਕਿਹਾ ਜਾਂਦਾ ਹੈ ਕਿਉਂਕਿ ਸਿਆਸਤਦਾਨ ਜਿਹੜੇ ਇੱਕ ਪਲ ਪਹਿਲਾਂ ਇੱਕ ਦੂਜੇ ਦੇ ਦੁਸ਼ਮਣ ਦਿਖਾਈ ਦਿੰਦੇ ਹਨ ਉਹ ਪਿੱਠ ਘਮਾਉਂਦਿਆਂ ਹੀ ਕਦੋਂ ਗਲਵੱਕੜੀਆਂ ਪਾ ਬੈਠਣ ਤੁਸੀਂ ਅੰਦਾਜਾ ਵੀ ਨਹੀਂ ਲਗਾ ਸਕਦੇ ਤੇ ਸ਼ਾਇਦ ਇਹੋ ਕੁਝ ਹੋਇਆ ਹੈ ਆਮ ਆਦਮੀ ਪਾਰਟੀ ਅੰਦਰ ਜਿੱਥੇ ਪਿਛਲੇ ਸਮੇਂ ਦੌਰਾਨ ਪਾਰਟੀ ਲਾਈਨ ਤੋਂ ਹਟ ਕੇ ਆਪਣੀ ਵੱਖਰੀ ਬਿਆਨਬਾਜ਼ੀ ਕਰ ਰਹੇ ਅਮਨ ਅਰੋੜਾ ਦੇ ਬਿਆਨਾਂ ਤੇ ਜਦੋਂ ਕੁਝ ਭੰਬਲਭੂਸੇ ਵਾਲੀ ਸਥਿਤੀ ਪੈਦਾ ਹੋਈ ਤਾਂ ਆਪ ਦੇ ਪੰਜਾਬ ਅਨੁਸਾਸ਼ਨਿਕ ਕਮੇਟੀ ਦੇ ਕਨਵੀਨਰ ਦੱਸੇ ਜਾਂਦੇ ਸੇਵਾਮੁਕਤ ਆਈਏਐਸ ਅਧਿਕਾਰੀ ਜਸਬੀਰ ਸਿੰਘ ਬੀਰ ਦੇ ਬਿਨ੍ਹਾਂ ਤੇ ਇੱਕ ਬਿਆਨ ਆਇਆ ਕਿ ਅਮਨ ਅਰੋੜਾ ਵਿਰੁੱਧ ਅਨੁਸਾਸ਼ਨਿਕ ਕਮੇਟੀ ਨੇ ਆਉਂਦੀ 6 ਸਤੰਬਰ ਨੂੰ ਇੱਕ ਮੀਟਿੰਗ ਸੱਦੀ ਹੈ ਜਿਸ ਵਿੱਚ ਅਰੋੜਾ ਵੱਲੋਂ ਦਿੱਤੇ ਜਾ ਰਹੇ ਬਿਆਨਾਂ ਦੀ ਪੜਚੋਲ ਕੀਤੀ ਜਾਵੇਗੀ ਕਿਉਂਕਿ ਇਹ ਨਾ ਕਾਬਲ-ਏ-ਬਰਦਾਸ਼ਤ ਹਨ। ਇੱਥੇ ਹੀ ਬੱਸ ਨਹੀਂ ਇਸ ਗੱਲ ਦੀ ਪੁਸ਼ਟੀ ਜਸਬੀਰ ਸਿੰਘ ਬੀਰ ਨੇ ਗਲੋਬਲ ਪੰਜਾਬ ਟੀਵੀ ਨਾਲ ਵੀ ਗੱਲਬਾਤ ਕਰਦਿਆਂ ਕੀਤੀ ਸੀ ਤੇ ਕਿਹਾ ਸੀ ਕਿ 6 ਸਤੰਬਰ ਵਾਲੇ ਦਿਨ ਹੀ ਇਸ ਗੱਲ ਤੇ ਵਿਚਾਰ ਚਰਚਾ ਕੀਤੀ ਜਾਵੇਗੀ ਕਿ ਅਮਨ ਅਰੋੜਾ ਵੱਲੋਂ ਦਿੱਤੇ ਗਏ ਬਿਆਨਾਂ ਤੇ ਕੀ ਕਾਰਵਾਈ ਕਰਨੀ ਹੈ। ਜਿਉਂ ਹੀ ਇਹ ਮਾਮਲਾ ਪ੍ਰਕਾਸ਼ ਵਿੱਚ ਆਇਆ ਆਮ ਆਦਮੀ ਪਾਰਟੀ ਨੇ ਇਸ ਗੱਲ ਦਾ ਬੇਹੱਦ ਬੁਰਾ ਮਨਾਇਆ ਕਿ ਜਸਬੀਰ ਸਿੰਘ ਬੀਰ ਨੇ ਅਮਨ ਅਰੋੜਾ ਵਿਰੁੱਧ ਟਿੱਪਣੀਆਂ ਕਿਉਂ ਕੀਤੀਆਂ ਹਨ? ਇੱਥੋਂ ਤੱਕ ਕਿ ਪਾਰਟੀ ਨੇ ਅਨੁਸ਼ਾਸਨ ਦੇ ਮਾਮਲੇ ‘ਚ ਸਖ਼ਤ ਹੁੰਦਿਆਂ ਜਸਬੀਰ ਸਿੰਘ ਬੀਰ ਨੂੰ ‘ਕਾਰਨ ਦੱਸੋ’ ਨੋਟਿਸ ਤੱਕ ਭੇਜਣ ਦਾ ਫ਼ੈਸਲਾ ਲਿਆ ਹੈ। ਪਾਰਟੀ ਹੈੱਡਕੁਆਟਰ ਤੋਂ ਜਾਰੀ ਬਿਆਨ ਰਾਹੀਂ ਆਪ ਦੇ ਮੁੱਖ ਬੁਲਾਰੇ ਅਤੇ ਵਿਧਾਇਕ ਪ੍ਰੋ. ਬਲਜਿੰਦਰ ਕੌਰ ਅਤੇ ਕੁਲਤਾਰ ਸਿੰਘ ਸੰਧਵਾਂ ਨੇ ਦੱਸਿਆ ਕਿ ਜਸਬੀਰ ਸਿੰਘ ਬੀਰ ਦੇ ਹਵਾਲੇ ਨਾਲ ਅਮਨ ਅਰੋੜਾ ਬਾਰੇ ਟਿੱਪਣੀਆਂ ਦਾ ਸੂਬਾ ਕੋਰ ਕਮੇਟੀ ਨੇ ਗੰਭੀਰ ਨੋਟਿਸ ਲੈਂਦਿਆਂ ਬੀਰ ਨੂੰ ‘ਕਾਰਨ ਦੱਸੋ’ ਨੋਟਿਸ ਜਾਰੀ ਕਰਨ ਦਾ ਫ਼ੈਸਲਾ ਲਿਆ ਹੈ। ਸੋਮਵਾਰ ਸਵੇਰੇ ਫ਼ੋਨ ‘ਤੇ ਹੋਈ ਕਾਨਫ਼ਰੰਸ ਕਾਲ ਦੌਰਾਨ ਸੂਬਾ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ, ਕੋਰ ਕਮੇਟੀ ਚੇਅਰਮੈਨ ਪ੍ਰਿੰਸੀਪਲ ਬੁੱਧਰਾਮ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਅਤੇ ਬਾਕੀ ਮੈਂਬਰਾਂ ਨੇ ਅਮਨ ਅਰੋੜਾ ਬਾਰੇ ਛਪੀਆਂ ਖ਼ਬਰਾਂ ਦਾ ਖੰਡਨ ਕਰਦੇ ਹੋਏ ਕਿਹਾ ਕਿ ਜਸਬੀਰ ਸਿੰਘ ਬੀਰ ਨਾ ਤਾਂ ਅਨੁਸ਼ਾਸਨੀ ਕਮੇਟੀ ਦੇ ਚੇਅਰਮੈਨ ਹਨ ਅਤੇ ਨਾ ਹੀ ਪਿਛਲੇ ਲੰਬੇ ਸਮੇਂ ਤੋਂ ਪਾਰਟੀ ‘ਚ ਸਰਗਰਮ ਹਨ, ਬੀਰ ਨੇ ਕਿਸ ਹੈਸੀਅਤ ‘ਚ ਅਮਨ ਅਰੋੜਾ ਨੂੰ ਲੈ ਕੇ ਅਨੁਸ਼ਾਸਨੀ ਕਮੇਟੀ ਦੀ 6 ਸਤੰਬਰ ਨੂੰ ਆਪਹੁਦਰੀ ਬੈਠਕ ਬੁਲਾਉਣ ਦਾ ਫ਼ੈਸਲਾ ਕਰ ਲਿਆ, ਇਸ ਬਾਰੇ ਜਸਬੀਰ ਸਿੰਘ ਬੀਰ ਨੂੰ ਪਾਰਟੀ ਦੇ ਸੰਬੰਧਿਤ ਪਲੇਟਫ਼ਾਰਮ ‘ਤੇ ਸਪੱਸ਼ਟੀਕਰਨ ਦੇਣਾ ਪਵੇਗਾ। ਕੁਲਤਾਰ ਸਿੰਘ ਸੰਧਵਾਂ ਅਤੇ ਪ੍ਰੋ. ਬਲਜਿੰਦਰ ਕੌਰ ਨੇ ਕਿਹਾ ਕਿ ਅਜਿਹੀਆਂ ਗਤੀਵਿਧੀਆਂ ਪਿੱਛੇ ਪਾਰਟੀ ਵਿਰੋਧੀ ਤਾਕਤਾਂ ਨਜਰ ਆ ਰਹੀਆਂ ਹਨ ਅਤੇ ਉਹ ਠੀਕ ਉਸ ਸਮੇਂ ਸਾਜ਼ਿਸ਼ ਤਹਿਤ ਕੋਈ ਨਾ ਕੋਈ ਅਜਿਹੀ ਸ਼ਰਾਰਤ ਕਰਨ ਦੀ ਕੋਸ਼ਿਸ਼ ਕਰਦੀਆਂ ਹਨ, ਜਦ ਆਮ ਆਦਮੀ ਪਾਰਟੀ ਸੂਬੇ ਦੀ ਸਿਆਸਤ ਦਾ ਕੇਂਦਰ ਬਿੰਦੂ ਬਣਦੀ ਹੈ ਅਤੇ ਕੈਪਟਨ, ਮੋਦੀ ਅਤੇ ਬਾਦਲਾਂ ਦੀਆਂ ਲੋਕ ਵਿਰੋਧੀ ਸਰਕਾਰਾਂ ਤੋਂ ਅੱਕੇ ਲੋਕ ‘ਆਪ’ ਵੱਲ ਝੁਕਣ ਲੱਗਦੇ ਹਨ। ਉਨ੍ਹਾਂ ਕਿਹਾ ਕਿ ਪਾਰਟੀ ਪ੍ਰਧਾਨ ਭਗਵੰਤ ਮਾਨ ਵੱਲੋਂ ਸ਼ੁਰੂ ਕੀਤੇ ਗਏ ‘ਸਾਡਾ ਐਮ.ਪੀ ਸਾਡੇ ਘਰ’, ਆਮ ਆਦਮੀ ਆਰਮੀ ਮੈਂਬਰਸ਼ਿਪ ਮੁਹਿੰਮ, ਬਿਜਲੀ ਮੋਰਚਾ ਅਤੇ ਸੂਬਾ ਪੱਧਰੀ ‘ਪੰਜਾਬ ਬੋਲਦਾ ਹੈ’ ਪ੍ਰੋਗਰਾਮ ਨੇ ਵਿਰੋਧੀਆਂ ਨੂੰ ਚਿੰਤਤ ਕਰ ਦਿੱਤਾ ਹੈ। ਇਸ ਲਈ ਕਾਂਗਰਸ, ਅਕਾਲੀ-ਭਾਜਪਾ ਅਤੇ ਇਨ੍ਹਾਂ ਦੀਆਂ ‘ਬੀ’ ਟੀਮਾਂ ‘ਆਪ’ ਦੀ ਸਾਖ ਖ਼ਰਾਬ ਕਰਨ ਲਈ ਇੱਕ ਵਾਰ ਫੇਰ ਇੱਕਜੁੱਟ ਹੋ ਕੇ ਸਾਜ਼ਿਸ਼ਾਂ ਰਚਣ ਲੱਗੀਆਂ ਹਨ, ਹਾਲਾਂਕਿ ਜ਼ਮੀਨੀ ਹਕੀਕਤ ਨੂੰ ਸਮਝਦੀ ਹੋਈ ਪੰਜਾਬ ਦੀ ਜਨਤਾ ਇਨ੍ਹਾਂ ਵਿਰੋਧੀ ਤਾਕਤਾਂ ਦੇ ਬਹਿਕਾਵੇ ‘ਚ ਨਹੀਂ ਆ ਰਹੀ। ਪ੍ਰੋ. ਬਲਜਿੰਦਰ ਕੌਰ ਅਤੇ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਹੈਰਾਨੀ ਇਸ ਗੱਲ ਦੀ ਹੈ ਕਿ ਅਮਨ ਅਰੋੜਾ ਦੇ ਕਿਸੇ ਬਿਆਨ ਨੂੰ ਲੈ ਕੇ ਜਸਬੀਰ ਸਿੰਘ ਬੀਰ ਦੀ ਪਾਰਟੀ ਪ੍ਰਧਾਨ ਭਗਵੰਤ ਮਾਨ ਨਾਲ ਕੋਈ ਗੱਲ ਨਹੀਂ ਹੋਈ, ਜਦਕਿ ਬੀਰ ਆਪਣੀ ਟਿੱਪਣੀ ‘ਚ ਅਮਨ ਅਰੋੜਾ ਦੇ ਬਿਆਨ ਬਾਰੇ ਅਨੁਸ਼ਾਸਨੀ ਕਮੇਟੀ ਸੱਦਣ ਲਈ ਭਗਵੰਤ ਮਾਨ ਨਾਲ ਗੱਲ ਹੋਣ ਦਾ ਹਵਾਲਾ ਦੇ ਰਹੇ ਹਨ। ਜੋ ਸਿੱਧੇ ਤੌਰ ‘ਤੇ ਪਾਰਟੀ ਵਿਰੋਧੀ ਗਤੀਵਿਧੀ ਹੈ, ਜਿਸ ਲਈ ਜਸਬੀਰ ਸਿੰਘ ਬੀਰ ਤੋਂ ਸਪੱਸ਼ਟੀਕਰਨ ਮੰਗਿਆ ਜਾ ਰਿਹਾ ਹੈ। ‘ਆਪ’ ਆਗੂਆਂ ਨੇ ਪਾਰਟੀ ਪ੍ਰਧਾਨ ਭਗਵੰਤ ਮਾਨ ਦੇ ਹਵਾਲੇ ਨਾਲ ਦੱਸਿਆ ਕਿ  28 ਸਤੰਬਰ ਦੀ ਬੈਠਕ ਤੋਂ ਪਹਿਲਾਂ ਹੀ ਅਮਨ ਅਰੋੜਾ ਨੇ ਪਾਰਟੀ ਪ੍ਰਧਾਨ ਅਤੇ ਕੋਰ ਕਮੇਟੀ ਚੇਅਰਮੈਨ ਨੂੰ ਆਪਣੀ ਦਿੱਲੀ ਜਾਣ ਦੀ ਮਜਬੂਰੀ  ਬਾਰੇ ਦੱਸ ਦਿੱਤਾ ਸੀ, ਇਸ ਲਈ ਅਮਨ ਅਰੋੜਾ ਦੀ  ਮੀਟਿੰਗ ਚੋਂ ਗੈਰਹਾਜ਼ਰੀ ਕੋਈ ਮੁੱਦਾ ਹੀ ਨਹੀਂ ਹੈ। ਉਨ੍ਹਾਂ ਦੱਸਿਆ ਕਿ ਜਸਬੀਰ ਸਿੰਘ ਬੀਰ ਨੇ ਇਸ ਗੱਲ ਨੂੰ ਵੀ ਮੁੱਦਾ ਬਣਾਉਣ ਦੀ ਕੋਸ਼ਿਸ਼ ਕੀਤੀ ਸੀ ਪ੍ਰੰਤੂ ਪਾਰਟੀ ਪ੍ਰਧਾਨ ਵੱਲੋਂ ਉਨ੍ਹਾਂ ਨੂੰ ਵਰਜ ਦਿੱਤਾ ਗਿਆ ਸੀ। ਕੁਲਤਾਰ ਸਿੰਘ ਸੰਧਵਾਂ ਅਤੇ ਪ੍ਰੋ. ਬਲਜਿੰਦਰ ਕੌਰ ਨੇ ਕਿਹਾ ਕਿ ਪਾਰਟੀ ਪ੍ਰਧਾਨ ਅਤੇ ਕੋਰ ਕਮੇਟੀ ਨਾਲ ਵਿਚਾਰ-ਚਰਚਾ ਕੀਤੇ ਬਗੈਰ ਕਿਸੇ ਨੂੰ ਵੀ ‘ਅਨੁਸ਼ਾਸਨੀ ਕਮੇਟੀ’ ਦੀ ਬੈਠਕ ਬੁਲਾਉਣ ਦੀ ਇਜਾਜ਼ਤ ਨਹੀਂ ਹੈ। ਪ੍ਰੋ. ਬਲਜਿੰਦਰ ਕੌਰ ਅਤੇ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਅਮਨ ਅਰੋੜਾ ਪਾਰਟੀ ਦੇ ਵਫ਼ਾਦਾਰ ਸਿਪਾਹੀ ਹਨ। ਪਾਰਟੀ ਪੂਰੀ ਤਰ੍ਹਾਂ ਇੱਕਜੁੱਟ ਹੈ ਅਤੇ ਪੰਜਾਬ ਦੇ ਲੋਕਾਂ ਨੂੰ ਬਾਦਲਾਂ ਵਾਂਗ ਕੈਪਟਨ ਦੇ ਮਾਫ਼ੀਆ ਰਾਜ ਤੋਂ ਨਿਜਾਤ ਦਿਵਾਉਣ ਲਈ ਹਰ ਮੋਰਚੇ ‘ਤੇ ਲੋਕਾਂ ਦੀ ਲੜਾਈ ਪਾਰਟੀ ਪ੍ਰਧਾਨ ਭਗਵੰਤ ਮਾਨ ਦੀ ਅਗਵਾਈ ‘ਚ ਡਟ ਕੇ ਲੜੇਗੀ।

Check Also

ਪੰਜਾਬ ‘ਚ ਐਸਐਸਪੀ ਡੀਸੀ ਅਰੂਸਾ ਆਲਮ ਅਤੇ ਉਸ ਦੀਆਂ ਭੈਣਾਂ ਕਰਦੀਆਂ ਨੇ ਨਿਯੁਕਤ : ਭਗਵੰਤ ਮਾਨ

ਚੰਡੀਗੜ੍ਹ : ਅੱਜ ਵਿਧਾਨ ਸਭਾ ਵਿੱਚੋਂ ਸਦਨ ਦੌਰਾਨ ਆਮ ਆਦਮੀ ਪਾਰਟੀ ਨੇਤਾਵਾਂ ਨੇ ਵਾਕਆਉਟ ਕਰਦਿਆਂ …

Leave a Reply

Your email address will not be published. Required fields are marked *