ਦੋਹਾ ‘ਚ ਪੁਲਿਸ ਕੋਲ ਪਾਵਨ ਸਰੂਪ, ਸਿੱਖ ਜਗਤ ਨੂੰ ਸਥਿਤੀ ਸਪਸ਼ਟ ਕਰੇ ਭਾਰਤ ਸਰਕਾਰ : ਐਡਵੋਕੇਟ ਧਾਮੀ

Global Team
4 Min Read

ਅੰਮ੍ਰਿਤਸਰ :   SGPC ਵੱਲੋਂ ਭਾਰਤ ਦੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਅਤੇ ਕਤਰ ਵਿਖੇ ਭਾਰਤ ਦੇ ਅੰਬੈਸਡਰ ਵਿਪੁਲ ਨੂੰ ਮੁੜ ਕਿਹਾ ਗਿਆ ਹੈ ਕਿ ਦੋਹਾ, ਕਤਰ ਵਿੱਚ ਪੁਲਿਸ ਦੇ ਕੋਲ ਰੱਖੇ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਬਾਰੇ ਮੁਕੰਮਲ ਜਾਣਕਾਰੀ ਪ੍ਰਾਪਤ ਕਰ ਕੇ ਸਿੱਖ ਜਗਤ ਨੂੰ ਅਸਲ ਸਥਿਤੀ ਸਪਸ਼ਟ ਕੀਤੀ ਜਾਵੇ ।

SGPC ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਬੀਤੇ ਦਿਨ ਭਾਰਤ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਵੱਲੋਂ ਇੱਕ ਬਿਆਨ ਰਾਹੀਂ ਦੱਸਿਆ ਗਿਆ ਸੀ ਕਿ ਦੋਹਾ ਪੁਲਿਸ ਕੋਲ ਮੌਜੂਦ ਇੱਕ ਪਾਵਨ ਸਰੂਪ ਵਾਪਸ ਪ੍ਰਾਪਤ ਕਰ ਲਿਆ ਗਿਆ ਹੈ, ਜਦਕਿ ਦੂਸਰੇ ਬਾਰੇ ਕਾਰਵਾਈ ਜਾਰੀ ਹੈ।

ਪਰ SGPC ਨੂੰ ਇਸ ਬਾਰੇ ਪੁਖਤਾ ਜਾਣਕਾਰੀ ਹਾਸਲ ਹੋਈ ਹੈ ਕਿ ਦੋਵੇਂ ਹੀ ਪਾਵਨ ਸਰੂਪ ਅਜੇ ਤੱਕ ਦੋਹਾ ਪੁਲਿਸ ਕੋਲ ਹੀ ਹਨ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਭਾਰਤ ਸਰਕਾਰ ਸਿੱਖ ਭਾਵਨਾਵਾਂ ਨਾਲ ਦਿਲੋਂ ਜੁੜੇ ਇਸ ਮਾਮਲੇ ਵਿੱਚ ਅਸਪਸ਼ਟ ਬਿਆਨਬਾਜੀ ਨਾ ਕਰੇ ਸਗੋਂ ਸੰਜੀਦਾ ਯਤਨ ਕਰਕੇ ਪਾਵਨ ਸਰੂਪ ਸਤਿਕਾਰ ਸਹਿਤ ਵਾਪਸ ਕਰਵਾਏ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵਿਦੇਸ਼ ਮੰਤਰਾਲੇ ਦਾ ਇਸ ਗੱਲੋਂ ਸਤਿਕਾਰ ਕਰਦੀ ਹੈ ਕਿ ਉਨ੍ਹਾਂ ਨੇ ਇਸ ’ਤੇ ਯਤਨ ਅਰੰਭੇ ਹਨ, ਪਰੰਤੂ ਸਿੱਖ ਸੰਗਤ ਅੰਦਰ ਦੁਬਿਧਾ ਪੈਦਾ ਕਰਨੀ ਵੀ ਠੀਕ ਨਹੀਂ ਹੈ।

ਐਡਵੋਕੇਟ ਧਾਮੀ ਨੇ ਸਾਫ਼ ਤੌਰ ’ਤੇ ਕਿਹਾ ਕਿ ਮਿਲੀ ਜਾਣਕਾਰੀ ਅਨੁਸਾਰ ਦੋਹਾ ਵਿਖੇ ਦੋ ਧਿਰਾਂ ਪਾਸੋਂ ਤਿੰਨ ਪਾਵਨ ਸਰੂਪ ਪੁਲਿਸ ਨੇ ਆਪਣੇ ਪਾਸ ਲਏ ਸਨ, ਜਿਨ੍ਹਾਂ ਵਿੱਚੋਂ ਦੋ ਅਜੇ ਵੀ ਪੁਲਿਸ ਪਾਸ ਹੀ ਹਨ। ਉਨ੍ਹਾਂ ਆਖਿਆ ਕਿ ਸਰਕਾਰ ਦਾ ਨੁਮਾਇੰਦਾ ਜਿਸ ਇੱਕ ਪਾਵਨ ਸਰੂਪ ਦੇ ਵਾਪਸ ਕੀਤੇ ਜਾਣ ਦੀ ਗੱਲ ਕਰ ਰਿਹਾ ਹੈ ਉਹ ਤਾਂ ਕਈ ਮਹੀਨੇ ਪਹਿਲਾਂ ਹੀ ਉੱਥੋਂ ਦੇ ਸਬੰਧਤ ਸਿੱਖਾਂ ਨੇ ਪ੍ਰਾਪਤ ਕਰ ਲਿਆ ਸੀ। ਜਦਕਿ ਦੋ ਹੋਰ ਪਾਵਨ ਸਰੂਪ ਅਜੇ ਵੀ ਦੋਹਾ ਪੁਲਿਸ ਪਾਸ ਹਨ, ਜਿਨ੍ਹਾਂ ਵਿੱਚੋਂ ਕੋਈ ਵੀ ਵਾਪਸ ਨਹੀਂ ਦਿੱਤਾ ਗਿਆ।

SGPC ਪ੍ਰਧਾਨ ਨੇ ਭਾਰਤ ਦੇ ਵਿਦੇਸ਼ ਮੰਤਰੀ ਨੂੰ ਇਸ ਮਾਮਲੇ ਬਾਰੇ ਮੁਕੰਮਲ ਜਾਣਕਾਰੀ ਹਾਸਲ ਕਰਨ ਉਪਰੰਤ ਪੂਰੀ ਪਾਰਦਰਸ਼ਤਾ ਨਾਲ ਸੰਗਤ ਸਾਹਮਣੇ ਰੱਖਣ ਲਈ ਆਖਿਆ। ਉਨ੍ਹਾਂ ਕਿਹਾ ਕਿ ਸਰਕਾਰ ਦੇ ਵਿਦੇਸ਼ ਮੰਤਰਾਲੇ ਦੀ ਇਹ ਜਿੰਮੇਵਾਰੀ ਹੈ ਕਿ ਉਹ ਇਸ ਗੰਭੀਰ ਮਾਮਲੇ ਦੀ ਗਹਿਰਾਈ ਦੇ ਨਾਲ ਜਾਂਚ ਕਰਵਾਏ ਅਤੇ ਸਿੱਖ ਜਗਤ ਨੂੰ ਸਹੀ ਸਥਿਤੀ ਬਾਰੇ ਜਾਣਕਾਰੀ ਦਿੱਤੀ ਜਾਵੇ।

ਦੂਜੇ ਬੰਨੇ  ਭਾਰਤ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਸ ਨੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਜ਼ਬਤ ਕਰਨ ਦਾ ਮੁੱਦਾ ਕਤਰ ਕੋਲ ਉਠਾਇਆ ਹੈ ਅਤੇ ਇਸ ਮਾਮਲੇ ਨੂੰ ਉੱਚ ਤਰਜੀਹ ਦਿੱਤੀ ਜਾ ਰਹੀ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਕਿਹਾ ਕਿ ਅਸੀਂ ਕਤਰ ਦੇ ਅਧਿਕਾਰੀਆਂ ਦੁਆਰਾ ਜ਼ਬਤ ਕੀਤੇ ਗਏ ਗੁਰੂ ਗ੍ਰੰਥ ਸਾਹਿਬ ਬਾਰੇ ਰਿਪੋਰਟਾਂ ਦੇਖੀਆਂ ਹਨ ਅਤੇ ਉਨ੍ਹਾਂ ਦੀ ਵਾਪਸੀ ਦੀ ਮੰਗ ਕੀਤੀ ਗਈ ਹੈ ਤੇ ਦੋਹਾ ਸਥਿਤ ਭਾਰਤੀ ਦੂਤਾਵਾਸ ਨੇ ਉੱਥੋਂ ਦੇ ਸਿੱਖ ਭਾਈਚਾਰੇ ਨੂੰ ਘਟਨਾਕ੍ਰਮ ਬਾਰੇ ਜਾਣਕਾਰੀ ਦਿੱਤੀ ਹੈ।

ਇਸ ਮੁੱਦੇ ‘ਤੇ ਮੀਡੀਆ ਦੇ ਸਵਾਲਾਂ ਦੇ ਜਵਾਬ ਵਿਚ ਜੈਸਵਾਲ ਨੇ ਕਿਹਾ ਕਿ ਕਤਰ ਦੇ ਅਧਿਕਾਰੀਆਂ ਨੇ ਦੋ ਵਿਅਕਤੀਆਂ/ਸਮੂਹਾਂ ਤੋਂ ਗੁਰੂ ਗ੍ਰੰਥ ਸਾਹਿਬ ਦੇ ਦੋ ਸੰਸਕਰਣ ਜ਼ਬਤ ਕੀਤੇ ਸਨ, ਜਿਨ੍ਹਾਂ ‘ਤੇ ਕਤਰ ਸਰਕਾਰ ਦੀ ਮਨਜ਼ੂਰੀ ਤੋਂ ਬਿਨਾਂ ਧਾਰਮਿਕ ਅਦਾਰੇ ਚਲਾਉਣ ਦੇ ਦੋਸ਼ ਸਨ। ਉਨ੍ਹਾਂ ਨੇ ਕਿਹਾ ਕਿ ਸਾਡੇ ਦੂਤਾਵਾਸ ਨੇ ਸਥਾਨਕ ਕਾਨੂੰਨਾਂ ਅਤੇ ਨਿਯਮਾਂ ਦੇ ਦਾਇਰੇ ਵਿਚ ਹਰ ਸੰਭਵ ਸਹਾਇਤਾ ਪ੍ਰਦਾਨ ਕੀਤੀ ਹੈ। ਜੈਸਵਾਲ ਨੇ ਕਿਹਾ ਕਿ ਕਤਰ ਦੇ ਅਧਿਕਾਰੀਆਂ ਦੁਆਰਾ ਪਵਿੱਤਰ ਗ੍ਰੰਥ ਦੇ ਇਕ ਸਰੂਪ ਨੂੰ ਵਾਪਸ ਕਰ ਦਿੱਤਾ ਗਿਆ ਸੀ ਤੇ ਭਰੋਸਾ ਦਿੱਤਾ ਗਿਆ ਸੀ ਕਿ ਦੂਜੇ ਸਰੂਪ ਨੂੰ ਵੀ ਸਨਮਾਨ ਨਾਲ ਰੱਖਿਆ ਜਾਵੇਗਾ। ਅਸੀਂ ਇਸ ਮੁੱਦੇ ਦੇ ਜਲਦੀ ਹੱਲ ਦੀ ਉਮੀਦ ਕਰਦੇ ਹਾਂ।

 

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share This Article
Leave a Comment